ਲੁੱਟ-ਖੋਹ ਕਰਨ ਵਾਲਾ ਗਰੋਹ ਕਾਬੂ
ਪੱਤਰ ਪ੍ਰੇਰਕ
ਜਲੰਧਰ, 1 ਜੁਲਾਈ
ਸੀਆਈਏ ਸਟਾਫ਼ ਜਲੰਧਰ ਦਿਹਾਤੀ ਦੀ ਟੀਮ ਅਤੇ ਥਾਣਾ ਆਦਮਪੁਰ ਦੀ ਪੁਲੀਸ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਕਪੂਰਥਲਾ, ਕਰਤਾਰਪੁਰ ਅਤੇ ਆਦਮਪੁਰ ਸਬ-ਡਿਵੀਜ਼ਨ ਵਿੱਚ 16 ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਅਜੇ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਦਰਾਵਾ ਥਾਣਾ ਆਦਮਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਕਰੀਬ 2 ਵਜੇ ਪਿੰਡ ਭੂੰਗਰਨੀ ਤੋਂ ਆਪਣੇ ਪਿੰਡ ਦਰਾਵਾ ਜਾ ਰਿਹਾ ਸੀ ਕਿ ਜਦ ਉਹ ਦਰਾਵਾ ਸ਼ਮਸ਼ਾਨਘਾਟ ਕੋਲ ਪੁੱਜਾ ਤਾਂ ਦੋ ਅਣਪਛਾਤੇ ਵਿਅਕਤੀ ਉਸ ਦੇ ਪਿੱਛੇ ਮੋਟਰਸਾਈਕਲ ’ਤੇ ਆਏ ਅਤੇ ਪਿੱਛੇ ਬੈਠੇ ਵਿਅਕਤੀ ਨੇ ਉਸ ਦੀ ਬਾਂਹ ’ਤੇ ਦਾਤਰ ਨਾਲ ਵਾਰ ਕਰ ਕੇ ਉਸ ਨੂੰ ਸੁੱਟ ਦਿੱਤਾ ਅਤੇ ਉਸ ਦਾ ਮੋਟਰਸਾਈਕਲ ਖੋਹ ਕੇ ਲੈ ਗਏ। ਇਸ ਮਗਰੋਂ ਪੁਲੀਸ ਅਧਿਕਾਰੀਆਂ ਵਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਟੀਮਾਂ ਇਲਾਕੇ ਵਿੱਚ ਭੇਜੀਆਂ ਗਈਆਂ। ਟੀਮਾਂ ਨੇ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਜੰਡੇ ਸਰਾਏ ਥਾਣਾ ਕਰਤਾਰਪੁਰ ਅਤੇ ਕਰਨ ਸਿੰਘ ਉਰਫ ਕਨੂੰ ਵਾਸੀ ਪਿੰਡ ਆਲਮਪੁਰ ਬੱਕਾ ਨੂੰ ਨਹਿਰੀ ਵਿਸ਼ਰਾਮ ਘਰ ਆਦਮਪੁਰ ਤੋਂ ਗ੍ਰਿਫਤਾਰ ਕਰ ਲਿਆ। ਉਥੇ ਮੁਲਜ਼ਮ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨਿਯਤ ਨਾਲ ਖੜ੍ਹੇ ਸਨ। ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇਨ੍ਹਾਂ ਦੇ ਸਾਥੀ ਬਲਦੇਵ ਸਿੰਘ ਉਰਫ ਵਿੱਕੀ ਉਰਫ ਗਿਆਨੀ ਵਾਸੀ ਪਿੰਡ ਡੈਨਵਿੰਡ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਹ ਕੀਤਾ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ।