For the best experience, open
https://m.punjabitribuneonline.com
on your mobile browser.
Advertisement

ਜਲੰਧਰ ਨੂੰ ਮਾਝਾ ਤੇ ਦੋਆਬਾ ਦੀ ਰਾਜਧਾਨੀ ਬਣਾਵਾਂਗੇ: ਭਗਵੰਤ ਮਾਨ

07:59 AM Jul 06, 2024 IST
ਜਲੰਧਰ ਨੂੰ ਮਾਝਾ ਤੇ ਦੋਆਬਾ ਦੀ ਰਾਜਧਾਨੀ ਬਣਾਵਾਂਗੇ  ਭਗਵੰਤ ਮਾਨ
ਜਲੰਧਰ ਵਿੱਚ ਵਪਾਰੀਆਂ ਨਾਲ ਮੀਟਿੰਗ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਵਿਸ਼ਾਲ ਕੁਮਾਰ
Advertisement

ਹਤਿੰਦਰ ਮਹਿਤਾ
ਜਲੰਧਰ, 5 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ’ਚ ਵਪਾਰੀਆਂ ਨਾਲ ਮੀਟਿੰਗ ਕਰਕੇ ਅੱਜ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਈ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਅਤੇ ਕੁਝ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਨੇ ਵਪਾਰੀਆਂ ਨਾਲ ਦੁਪਹਿਰ ਦਾ ਖਾਣਾ ਵੀ ਖਾਧਾ। ਮੁੱਖ ਮੰਤਰੀ ਮਾਨ ਨੇ ਜਲੰਧਰ ਦੇ ਵਪਾਰੀਆਂ ਨੂੰ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਮਹਿੰਦਰ ਭਗਤ ਨੂੰ ਵਿਧਾਇਕ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਨੂੰ ਮੰਤਰੀ ਬਣਾਵਾਂਗਾ। ਫਿਰ ਮੈਂ ਮਹਿੰਦਰ ਭਗਤ ਨਾਲ ਮਿਲ ਕੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗਾ।’’ ਇਸ ਮੌਕੇ ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਚਾਣਕਿਆ ਨੇ ਲਿਖਿਆ ਹੈ ਕਿ ਜਿਸ ਦੇਸ਼ ’ਚ ਰਾਜਾ ਵਪਾਰੀ ਹੋਵੇ, ਉੱਥੇ ਦੇ ਲੋਕ ਭਿਖਾਰੀ ਹੁੰਦੇ ਹਨ। ਪਰ ਬਦਕਿਸਮਤੀ ਨਾਲ ਪਿਛਲੀਆਂ ਸਰਕਾਰਾਂ ’ਚ ਬੈਠੇ ਕੁਝ ਲੋਕਾਂ ਨੇ ਖ਼ੁਦ ਬੱਸ, ਹੋਟਲ ਅਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਦੇ ਕਈ ਪ੍ਰਤਿਭਾਸ਼ਾਲੀ ਲੋਕ ਵਿਦੇਸ਼ਾਂ ਤੋਂ ਵਾਪਸ ਆ ਗਏ ਹਨ ਅਤੇ ਇੱਥੇ ਨਵੇਂ ਕਾਰੋਬਾਰ ਸ਼ੁਰੂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਕਾਰੋਬਾਰੀਆਂ ਤੋਂ ਹਿੱਸਾ ਮੰਗਿਆ ਜਾਂਦਾ ਸੀ, ਜਿਸ ਕਾਰਨ ਉਹ ਪੰਜਾਬ ਛੱਡ ਕੇ ਜਾਂ ਤਾਂ ਵਿਦੇਸ਼ ਜਾਂ ਦੂਜੇ ਸੂਬਿਆਂ ਵਿੱਚ ਚਲੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਲੰਧਰ ਨੂੰ ਮਾਝਾ ਅਤੇ ਦੋਆਬਾ ਖੇਤਰ ਦੀ ਰਾਜਧਾਨੀ ਬਣਾ ਦਿਆਂਗੇ। ਹਰ ਹਫ਼ਤੇ ਉਹ ਖ਼ੁਦ ਅਧਿਕਾਰੀਆਂ ਨਾਲ ਦੋ ਦਿਨ ਇੱਥੇ ਆਉਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕਰਨਗੇ। ਇੱਥੇ ਜੋ ਮਕਾਨ ਕਿਰਾਏ ’ਤੇ ਲਿਆ ਹੈ, ਉਹ ਲੋਕਾਂ ਲਈ ਮੁੱਖ ਮੰਤਰੀ ਦਾ ਦਫ਼ਤਰ ਹੋਵੇਗਾ।

Advertisement

ਜਥੇਬੰਦੀਆਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਜਲੰਧਰ (ਪੱਤਰ ਪ੍ਰੇਰਕ): 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ, ਪੰਜਾਬ, ਫਾਰਮੇਸੀ ਅਫਸਰ (ਠੇਕਾ) ਅਧਾਰਿਤ, ਵੈਟਨਰੀ ਇੰਸਪੈਕਟਰ ਐਸੋਸੀਏਸ਼ਨ, ਕੱਚੇ ਅਧਿਆਪਕਾਂ ਵਲੋਂ ਮੰਗਾਂ ਨੂੰ ਲੈ ਕੇ ਅੱਜ ਜਲੰਧਰ ਪੱਛਮੀ ਹਲਕੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਗਿਆ। ਇਸ ਮੌਕੋ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਜਸਵਿੰਦਰ ਕੌਰ (ਕਨਵੀਨਰ), ਪਰਮਿੰਦਰਜੀਤ ਕੌਰ, ਤਜਿੰਦਰ ਸਿੰਘ, ਕੁਲਦੀਪ ਸਿੰਘ, ਰਜੀਵ ਕੁਮਾਰ, ਰੋਹਿਤ,ਹਰਕੰਵਲ ਸਿੰਘ,ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਅੱਜ ਵੱਖ ਵੱਖ ਜਥੇਬੰਦੀਆਂ ਨਾਲ ਮਿਲ ਕੇ ਜਲੰਧਰ ਪੱਛਮੀ ਵਿਚ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿਚ ਮੁੱਖ ਮੰਤਰੀ, ਕੈਬਨਿਟ ਮੰਤਰੀ ਅਤੇ ਵਿਧਾਇਕ ਵੱਖ ਵੱਖ ਯੁਨੀਆਨਾਂ ਦੇ ਆਗੂਆਂ ਨਾਲ ਗੱਲਬਾਤ ਕਰਦੇ ਰਹੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਿਸ ਕਾਰਨ ਮਜਬੂਰਨ ਸਾਰਿਆਂ ਨੂੰ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਕਿਹਾ ਕਿ ਵੱਖ ਵੱਖ ਜਥੇਬੰਦੀਆਂ ਦੇ ਰੋਹ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ 6 ਜੁਲਾਈ ਨੂੰ ਮੀਟਿੰਗ ਕਰਵਾਉਣ ਦੀ ਗੱਲ ਕੀਤੀ ਗਈ ਹੈ।

Advertisement

Advertisement
Author Image

joginder kumar

View all posts

Advertisement