ਲੁਟੇਰਿਆਂ ਨੇ ਲੜਕੀ ਨੂੰ ਜ਼ਖ਼ਮੀ ਕਰ ਕੇ ਮੋਬਾਈਲ ਖੋਹਿਆ
ਪੱਤਰ ਪ੍ਰੇਰਕ
ਸ਼ਾਹਕੋਟ, 17 ਦਸੰਬਰ
ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਇਕ ਲੜਕੀ ਨੂੰ ਜ਼ਖ਼ਮੀ ਕਰ ਕੇ ਉਸ ਕੋਲੋਂ ਮੋਬਾਈਲ ਖੋਹ ਲਿਆ। ਮਨਪ੍ਰੀਤ ਪੁੱਤਰੀ ਪਿਆਰਾ ਲਾਲ ਵਾਸੀ ਸ਼ਾਹਕੋਟ ਜੋ ਮੈਡੀਕਲ ਸਟੋਰ ’ਤੇ ਕੰਮ ਕਰਦੀ ਹੈ, ਸ਼ਾਮ ਵੇਲੇ ਕੰਮ ਤੋਂ ਪੈਦਲ ਹੀ ਆਪਣੇ ਘਰ ਪਰਤ ਰਹੀ ਸੀ। ਜਿਉਂ ਹੀ ਉਹ ਮਲਸੀਆਂ ਰੋਡ ’ਤੇ ਸਥਿਤ ਪੈਟਰੋਲ ਪੰਪ ਕੋਲ ਪੁੱਜੀ ਤਾਂ ਮੋਟਰਸਾਈਕਲ ਸਵਾਰ ਤਿੰਨ ਰਵਾਇਤੀ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਲੜਕੀ ਉੱਪਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਲੜਕੀ ਵੱਲੋਂ ਰੌਲਾ ਪਾਉਣ ’ਤੇ ਜਦੋਂ ਤੱਕ ਨੇੜੇ ਦੀਆਂ ਦੁਕਾਨਾਂ ਵਾਲੇ ਬਾਹਰ ਆਏ ਉਦੋਂ ਤੱਕ ਲੁਟੇਰੇ ਲੜਕੀ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਲੋਕਾਂ ਨੇ ਜ਼ਖਮੀ ਲੜਕੀ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ। ਡਾਕਟਰਾਂ ਨੇ ਲੜਕੀ ਨੂੰ ਮੁਢਲੀ ਸਹਾਇਤਾ ਦੇ ਕੇ ਉਸ ਦੀ ਹਾਲਤ ਨੂੰ ਦੇਖਦਿਆ ਜਲੰਧਰ ਰੈਫਰ ਕਰ ਦਿੱਤਾ। ਲੜਕੀ ਦਾ ਇਸ ਸਮੇਂ ਜਲੰਧਰ ਦੇ ਕਿਸੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਸੂਚਨਾ ਮਿਲਣ ’ਤੇ ਪੁਲੀਸ ਵੀ ਘਟਨਾ ਸਥਾਨ ’ਤੇ ਪੁੱਜ ਕੇ ਘਟਨਾ ਦੀ ਜਾਂਚ ਵਿਚ ਜੁੱਟ ਗਈ। ਦੱਸਣਯੋਗ ਹੈ ਕਿ ਸ਼ਾਹਕੋਟ ਪੁਲੀਸ ਆਏ ਰੋਜ਼ ਕਸਬੇ ਅੰਦਰ ਸਖਤੀ ਕਰਨ ਦੇ ਦਾਅਵੇ ਕਰ ਰਹੀ ਪਰ ਚੋਰ ਤੇ ਲੁਟੇਰੇ ਦਿਨ ਦਿਹਾੜੇ ਲੋਕਾਂ ਨੂੰ ਲੁੱਟ ਰਹੇ ਹਨ।