ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਵਪਾਰੀ ਤੋਂ ਢਾਈ ਲੱਖ ਰੁਪਏ ਲੁੱਟੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਨਵੰਬਰ
ਸਨਅਤੀ ਸ਼ਹਿਰ ਵਿੱਚ ਦਾਲਾਂ ਅਤੇ ਚੌਲਾਂ ਦੇ ਇਕ ਵੱਡੇ ਕਾਰੋਬਾਰੀ ਤੋਂ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ 2.5 ਲੱਖ ਰੁਪਏ ਲੁੱਟ ਲਏ। ਇਹ ਘਟਨਾ ਸ਼ਹਿਰ ਦੇ ਪ੍ਰਤਾਪ ਚੌਕ ਵਿੱਚ ਵਾਪਰੀ, ਜਿਥੇ ਮੋਟਰਸਾਈਕਲ ’ਤੇ ਆਏ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਏ। ਇਸ ਸਬੰਧੀ ਕਾਰੋਬਾਰੀ ਅੰਕੁਰ ਉੱਪਲ ਵਾਸੀ ਆਦਰਸ਼ ਕਲੋਨੀ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਿਸ ਮਗਰੋਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਹੇਠ ਲੈ ਲਈ। ਪੁਲੀਸ ਨੇ ਇਸ ਸਬੰਧ ਵਿੱਚ ਅੰਕੁਰ ਨਾਲ ਦਲਾਲ ਦਾ ਕੰਮ ਕਰਦੇ ਪ੍ਰਮੋਦ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅੰਕੁਰ ਉਪਲ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਪ੍ਰਮੋਦ ਇੱਕ ਦਲਾਲ ਹੈ ਅਤੇ ਕਈ ਥਾਵਾਂ ਤੋਂ ਦਾਲਾਂ ਅਤੇ ਚੌਲ ਲਿਆਉਣ ਵਿੱਚ ਉਸ ਦੀ ਮਦਦ ਕਰਦਾ ਹੈ। ਪ੍ਰਮੋਦ ਦੇ ਕਹਿਣ ’ਤੇ ਹੀ ਉਹ ਆਪਣੇ ਪਿਤਾ ਨਾਲ ਦਾਲਾਂ ਤੇ ਚੌਲ ਖਰੀਦਣ ਪ੍ਰਤਾਪ ਚੌਕ ਵੱਲ ਜਾ ਰਿਹਾ ਸੀ ਤੇ ਉਸ ਕੋਲ ਢਾਈ ਲੱਖ ਰੁਪਏ ਵੀ ਸਨ। ਰਾਹ ਵਿੱਚ ਪ੍ਰਮੋਦ ਦਾ ਫੋਨ ਆਇਆ ਤੇ ਉਨ੍ਹਾਂ ਨੂੰ ਪੈਸੇ ਲੈ ਕੇ ਆਉਣ ਲਈ ਕਿਹਾ। ਇਸ ਮਰਗੋਂ ਉਥੇ ਮੌਜੂਦ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਹੱਥੋਂ ਪੈਸਿਆਂ ਦਾ ਲਿਫਾਫਾ ਖੋਹ ਲਿਆ ਤੇ ਫਰਾਰ ਹੋ ਗਏ। ਅੰਕੁਰ ਨੇ ਕੁਝ ਹੀ ਦੂਰੀ ’ਤੇ ਪ੍ਰਮੋਦ ਨੂੰ ਮੋਟਰਸਾਈਕਲ ’ਤੇ ਉਡੀਕ ਕਰਦਿਆਂ ਵੇਖਿਆ, ਜੋ ਮੁਲਜ਼ਮਾਂ ਦੇ ਨਾਲ ਹੀ ਫਰਾਰ ਹੋ ਗਿਆ। ਜਾਂਚ ਅਧਿਕਾਰੀ ਏਐੱਸਆਈ ਰਣਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।