ਪੁਰਾਣੀ ਮੇਟ ਨੂੰ ਹਟਾਉਣ ਖਿਲਾਫ ਮਨਰੇਗਾ ਕਾਮਿਆਂ ਵੱਲੋਂ ਸੜਕ ਜਾਮ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਸਤੰਬਰ
ਇੱਥੋਂ ਨੇੜਲੇ ਪਿੰਡ ਕਾਕੜਾ ਵਿਚ ਮਨਰੇਗਾ ਕਾਮਿਆਂ ਵੱਲੋਂ ਪੁਰਾਣੀ ਮੇਟ ਨੂੰ ਹਟਾਉਣ ਦੇ ਰੋਸ ਵਜੋਂ ਭਵਾਨੀਗੜ੍ਹ-ਧੂਰੀ ਸੜਕ ’ਤੇ ਜਾਮ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਰਾਣੀ ਮੇਟ ਪੂਜਾ ਰਾਣੀ ਅਤੇ ਅਮਨ ਨੇ ਦੱਸਿਆ ਕਿ ਉਹ ਪਿੰਡ ਵਿੱਚ ਪਿਛਲੇ ਸਮੇਂ ਤੋਂ ਬਤੌਰ ਮੇਟ ਕੰਮ ਕਰ ਰਹੀਆਂ ਹਨ। ਉਨ੍ਹਾਂ ਦੀਆਂ ਹਾਜ਼ਰੀਆਂ ਵੀ ਅਜੇ ਤੱਕ 100 ਤੋਂ ਘੱਟ ਹਨ ਪਰ ਫਿਰ ਵੀ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਤੋਂ ਜਬਰੀ ਮਾਸਟਰੋਲ ਰਜਿਸਟਰ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਅੱਜ ਸਮੂਹ ਮਨਰੇਗਾ ਕਾਮਿਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਗਿੱਲ ਨੇ ਕਿਹਾ ਕਿ ਮਨਰੇਗਾ ਕਾਮਿਆਂ ਨਾਲ ਧੱਕਾ ਕੀਤਾ ਗਿਆ ਹੈ। ਇਸ ਦੌਰਾਨ ਬੀਡੀਪੀਓ ਦਫ਼ਤਰ ਭਵਾਨੀਗੜ੍ਹ ਦੇ ਅਧਿਕਾਰੀ ਏਕਮ ਸਿੰਘ, ਅਮਰੀਕ ਸਿੰਘ ਸਕੱਤਰ ਅਤੇ ਬਰਾੜ ਵੱਲੋਂ ਮਨਰੇਗਾ ਕਾਮਿਆਂ ਨੂੰ ਨਾ ਹਟਾਉਣ ਦਾ ਭਰੋਸਾ ਦਿੱਤਾ ਗਿਆ ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ।