ਸੜਕ ’ਚ ਪਏ ਪਾੜ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ
ਪੱਤਰ ਪ੍ਰੇਰਕ
ਮੁਕੇਰੀਆਂ, 24 ਅਗਸਤ
ਮੀਂਹ ਕਾਰਨ ਅੱਡਾ ਝੀਰ ਦਾ ਖੂਹ ਤੋਂ ਕਮਾਹੀ ਦੇਵੀ ਸੜਕ ਵਿੱਚ ਕਰੀਬ ਦਰਜਨ ਭਰ ਥਾਵਾਂ ’ਤੇ ਪਏ ਟੋਇਆਂ ਕਾਰਨ ਸੜਕ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਇਹ ਸੜਕ ਕਈ ਥਾਵਾਂ ਤੋਂ ਕਰੀਬ ਅੱਧ ਤੱਕ ਖੁਰ ਚੁੱਕੀ ਹੈ, ਪਰ ਲੋਕ ਨਿਰਮਾਣ ਵਿਭਾਗ ਵਲੋਂ ਨਾ ਤਾਂ ਇਸ ਦੀ ਆਰਜ਼ੀ ਮੁਰੰਮਤ ਅਤੇ ਨਾ ਹੀ ਸੜਕੀ ਹਾਦਸਿਆਂ ਤੋਂ ਬਚਾਅ ਲਈ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਣੀ ਅੱਡਾ ਝੀਰ ਦਾ ਖੂਹ ਕਮਾਹੀ ਦੇਵੀ ਰੋਡ ਦਾ ਪਿਛਲੇ ਕੁਝ ਸਮੇਂ ਤੋਂ ਹੋ ਰਹੀ ਬਾਰਿਸ਼ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਸੜਕ ਵਿੱਚ ਪਿੰਡ ਮੈਰੇ, ਨੱਥੂਵਾਲ, ਨੁਸ਼ਿਹਰਾ, ਬਹਿ ਫੱਤੋ, ਬਹਿ ਰੰਗਾ, ਬਹਿ ਅੱਤਾ, ਕਮਾਹੀ ਦੇਵੀ, ਬਹਿ ਨੰਗਲ ਆਦਿ ਸਮੇਤ ਕਰੀਬ ਦਰਜ਼ਨ ਭਰ ਥਾਵਾਂ ‘ਤੇ ਸੜਕ ਦੇ ਕਿਨਾਰੇ ‘ਤੇ ਵੱਡੇ ਖੱਡੇ ਪਏ ਹੋਏ ਹਨ। ਕਈ ਥਾਵੇਂ ਪਏ ਖੱਡੇ ਸੜਕ ਦੇ ਕਰੀਬ ਅੱਧ ਤੱਕ ਜਾ ਚੁੱਕੇ ਹਨ ਅਤੇ ਕਿਸੇ ਵੇਲੇ ਵੀ ਸੜਕ ਹਾਦਸਾ ਵਾਪਰ ਸਕਦਾ ਹੈ। ਇਨ੍ਹਾਂ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਵੀ ਖਸਤਾ ਹੋਣ ਅਤੇ ਕਈ ਥਾਈਂ ਲਾਂਘੇ ਵੀ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਿੱਖ ਸਦਭਾਵਨਾ ਦਲ ਦੇ ਜਿਲ੍ਹਾ ਪ੍ਰਧਾਨ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਬਾਰਿਸ਼ ਅਤੇ ਠੇਕੇਦਾਰ ਵਲੋਂ ਪੀਣ ਵਾਲੇ ਪਾਣੀ ਦੀਆਂ ਸੜਕਾਂ ਕਿਨਾਰੇ ਪਾਈਆਂ ਪਾਣੀ ਦੀਆਂ ਪਾਈਪਾਂ ਸੜਕਾਂ ਦੀ ਤਬਾਹੀ ਦਾ ਕਾਰਨ ਬਣੀਆਂ ਹਨ। ਇਨ੍ਹਾਂ ਸੜਕਾਂ ਵਿੱਚ ਪਏ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਪਰ ਲੋਕ ਨਿਰਮਾਣ ਵਿਭਾਗ ਵਲੋਂ ਹੰਗਾਮੀ ਹਾਲਤਾਂ ਲਈ ਆਏ ਫੰਡ ਵਰਤ ਕੇ ਇਨ੍ਹਾਂ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ।
ਕੀ ਕਹਿੰਦੇ ਨੇ ਕਾਰਜਕਾਰੀ ਇੰਜਨੀਅਰ
ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕਮਲ ਨੈਨ ਨੇ ਕਿਹਾ ਕਿ ਬਾਰਿਸ਼ ਕਾਰਨ ਕੰਢੀ ਵਿੱਚ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਲਈ ਤੁਰੰਤ ਫੰਡ ਮੁਹੱਈਆ ਕਰਾਉਣ ਲਈ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਹੈ, ਪਰ ਹਾਲੇ ਤੱਕ ਹੰਗਾਮੀ ਹਾਲਤਾਂ ਵਿੱਚ ਮਿਲਣ ਵਾਲੇ ਫੰਡ ਵਿਭਾਗ ਨੂੰ ਨਹੀਂ ਮਿਲੇ। ਫੰਡ ਮਿਲਣ ‘ਤੇ ਜਲਦ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਜਦੋਂ ਤੱਕ ਫੰਡ ਨਹੀਂ ਆਉਂਦੇ ਸੜਕੀ ਹਾਦਸਿਆਂ ਤੋਂ ਸੁਚੇਤ ਕਰਨ ਲਈ ਸੁਰੱਖਿਆ ਨਿਸ਼ਾਨ ਲਗਾਉਣ ਲਈ ਹੇਠਲੇ ਅਧਿਕਾਰੀਆਂ ਨੂੰ ਹਦਾਇਤ ਕਰਨਗੇ।