ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ

08:18 AM Feb 22, 2024 IST

ਡਾ. ਹੀਰਾ ਸਿੰਘ ਭੂਪਾਲ

ਪਿੰਡ ਵਾਲੇ ਸਰਕਾਰੀ ਸਕੂਲ ਵਿੱਚ ਪੜ੍ਹਨ ਸਮੇਂ ਇਮਤਿਹਾਨ ਵਿੱਚ ‘ਅਖ਼ਬਾਰ ਪੜ੍ਹਨ ਦੇ ਲਾਭ’ ਲੇਖ ਅਕਸਰ ਆਉਂਦਾ। ਰੱਦੀ ਦੇ ਪੈਸਿਆਂ ਦੀ ਕਮਾਈ ਤੋਂ ਲੈ ਕੇ ਗਿਆਨ ਵਧਾਉਣ ਦੇ ਅਹਿਮ ਸੋਮੇ ਬਾਰੇ ‘ਗਾਈਡ’ ਵਿਚੋਂ ਰੱਟਾ ਲਾ ਕੇ ਪੇਪਰ ਵਿਚ ਉਵੇਂ ਦਾ ਉਵੇਂ ਲਿਖ ਆਉਂਦੇ ਸੀ ਪਰ ਇਸ ਦੇ ਵਿਹਾਰਕ ਪਹਿਲੂ ਤੋਂ ਅਣਜਾਣ ਸੀ। ਉਸ ਵਕਤ ਪਿੰਡਾਂ ਵਿੱਚ ਅਖ਼ਬਾਰਾਂ ਕਿੱਥੇ ਪੁੱਜਦੀਆਂ ਸਨ!
ਇਹ ਗੱਲਾਂ 1990-91 ਦੀਆਂ ਹਨ ਜਦ ਮੈਂ ਅੱਠ-ਨੌਂ ਸਾਲ ਦਾ ਸੀ। ਸਾਡੇ ਪਿੰਡ ਸ਼ਹਿਰੋਂ ਆਉਂਦੇ ਸ਼ਰਾਫ਼ ਦੀ ਦੁਕਾਨ ਸੀ ਜਿਨ੍ਹਾਂ ਨੂੰ ਮੈਂ ਤਾਇਆ ਕਹਿੰਦਾ ਸੀ। ਤਾਇਆ ਹਰ ਰੋਜ਼ ਸਾਈਕਲ ’ਤੇ ਸਾਡੇ ਪਿੰਡ ਸਵੇਰੇ 10 ਕੁ ਵਜੇ ਆ ਜਾਂਦਾ। ਉਨ੍ਹਾਂ ਦੇ ਸਾਈਕਲ ਦੇ ਕਰੀਅਰ ਵਿਚ ਅਖ਼ਬਾਰ ਫਸਿਆ ਹੁੰਦਾ। ਉਹ ਅਖ਼ਬਾਰ ਪੜ੍ਹਨ ਦੇ ਸ਼ੌਕੀਨ ਸਨ। ਚੰਗੇ ਪੜ੍ਹਾਕੂ ਹੋਣ ਕਰ ਕੇ ਮੇਰੇ ਪਾਪਾ ਜੀ ਵੀ ਅਖ਼ਬਾਰ ਪੜ੍ਹਨ ਦੇ ਹੱਦੋਂ ਵੱਧ ਦੀਵਾਨੇ ਸੀ। ਕਈ ਵਾਰ ਤਾਂ ਉਹ ਪੁਰਾਣੇ ਅਖ਼ਬਾਰ ਵੀ ਪੜ੍ਹੀ ਜਾਂਦੇ ਜਿਹੜੇ ਕਿਤੇ ਰੱਦੀ ਵਾਲੇ ਮਿਲ ਜਾਂਦੇ। ਮੈਂ ਆਪਣੇ ਪਿਤਾ ਜੀ ਅਤੇ ਪਿੰਡ ਦੇ ਦੋ ਹੋਰ ਬੰਦਿਆਂ ਨੂੰ ਸ਼ਿਕਾਰੀਆਂ ਵਾਂਗ ਤਾਏ ਦਾ ਰਾਹ ਤੱਕਦਿਆਂ ਅੱਖੀਂ ਦੇਖਿਆ ਹੈ। ਇਹ ਸਾਰੇ ਅਖ਼ਬਾਰ ਉਡੀਕਦੇ ਹੁੰਦੇ ਸਨ। ਤਾਏ ਦੇ ਪੰਜ-ਦਸ ਮਿੰਟਾਂ ਵਿਚ ਸਾਫ਼-ਸਫ਼ਾਈ ਤੇ ਧੂਫ-ਬੱਤੀ ਦਾ ਕਾਰਜ ਨਬਿੇੜਨ ਬਾਅਦ ਸਾਰਿਆਂ ਨੇ ਵਰਕਾ ਵਰਕਾ ਫੜ ਲੈਣਾ ਅਤੇ ਪੂਰੀ ਨੀਝ ਲਾ ਕੇ, ਸਭ ਦੁਨੀਆਦਾਰੀ ਭੁੱਲ-ਭੁਲਾ ਕੇ ਅਖ਼ਬਾਰ ਪੜ੍ਹਨਾ। ਉੱਥੇ 10 ਫੁੱਟੀ ਦੁਕਾਨ ਹੀ ਪੰਜਾਬ ਵਿਧਾਨ ਸਭਾ ਬਣਾ ਛੱਡਣੀ। ਹਰ ਮਸਲੇ ’ਤੇ ਖੁੱਲ੍ਹਾ ਵਿਚਾਰ ਵਟਾਂਦਰਾ।
ਥੋੜ੍ਹਾ ਵੱਡਾ ਹੋਇਆ ਤਾਂ ਕੁਝ ਗੱਲਾਂ ਦੀ ਸੋਝੀ ਆਉਣੀ ਸ਼ੁਰੂ ਹੋਈ। 1986 ਵਿਚ ਮੇਰੇ ਬਾਬੇ ਦਾ ਦੇਹਾਂਤ ਹੋ ਗਿਆ ਜੋ ਦੋਵੇਂ ਅੱਖਾਂ ਤੋਂ ਨਜ਼ਰਹੀਣ ਸਨ। ਪਿਤਾ ਜੀ ਘਰ ਦੇ ਸਭ ਤੋਂ ਵੱਡੇ ਪੁੱਤ ਸਨ, ਸੋ ਸਾਰੀ ਜਿ਼ੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਆ ਗਈ। ਦਾਦੀ ਕੋਰੀ ਅਨਪੜ੍ਹ ਸੀ, ਉਨ੍ਹਾਂ ਨੂੰ ਪਿਤਾ ਜੀ ਦੇ ਇਉਂ ਸਭ ਕੁਝ ਭੁੱਲ-ਭੁਲਾ ਕੇ ਅਖ਼ਬਾਰ ਪੜ੍ਹਨਾ ਨਹੀਂ ਸੀ ਭਾਉਂਦਾ ਪਰ ਪਿਤਾ ਜੀ ਦਾ ਹਾਲ ਇਹ ਸੀ ਕਿ ਅਖ਼ਬਾਰ ਨਾ ਪੜ੍ਹਦੇ ਤਾਂ ਰੋਟੀ ਚੰਗੀ ਨਾ ਲੱਗਦੀ। ਦਾਦੀ ਨੇ ਮੈਨੂੰ ਤਾਏ ਦੀ ਦੁਕਾਨ ’ਤੇ ਪਾਪਾ ਨੂੰ ਬੁਲਾਉਣ ਵਾਸਤੇ ਭੇਜਣਾ। ਬਾਪੂ ਵੀ ਪੂਰਾ ਅੜਬ ਸੀ। ਘਰ ਆਉਣਾ ਪਰ ਪੂਰਾ ਅਖ਼ਬਾਰ ਪੜ੍ਹ ਕੇ। ਇੱਕ ਦਿਨ ਮੈਂ ਬੁਲਾਉਣ ਗਿਆ, ਉਹ ਤਿੰਨੇ ਚਾਰੇ ਜਣੇ ਪੜ੍ਹਨ ਵਿਚ ਮਘਨ ਸਨ। ਪਹਿਲੀ ਵਾਰ ਮੈਨੂੰ ਗੋਲ-ਮੋਲ ਜਿਹੀ ਗੱਲ ਕਰ ਕੇ ਵਾਪਸ ਭੇਜ ਦਿੱਤਾ ਪਰ ਦਾਦੀ ਨੇ ਮੈਨੂੰ ਫਿਰ ਭੇਜ ਦਿੱਤਾ। ਉਨ੍ਹਾਂ ਘਰ ਨਾ ਆਉਣਾ, ਦੂਜੇ ਪਾਸੇ ਮੁਫਤ ’ਚ ਮੇਰੀ ਛਿੱਤਰ ਪਰੇਡ ਹੋ ਜਾਂਦੀ ਕਿਉਂਕਿ ਮੈਂ ਵੀ ਫਿਰ ਉੱਥੇ ਹੀ ਖੜ੍ਹ ਜਾਂਦਾ ਤੇ ਕਹਿੰਦਾ ਸੀ ਕਿ ਨਾਲ ਲੈ ਕੇ ਹੀ ਜਾਊਂਗਾ। ਕਿਤੇ ਸ਼ਰਾਫ਼ ਦੇ ਸਾਮਾਨ ਨਾਲ ਪੰਗਾ ਵੀ ਲਿਆ ਹੋਣਾ। ਪੱਕਾ!
ਆਖਿ਼ਰ ਮੈਨੂੰ ਨਾਲ ਲੈ ਕੇ ਉਹ ਘਰ ਵੱਲ ਤੁਰ ਪਏ। ਮੇਰੇ ਕੋਮਲ ਮਨ ਨੇ ਰਸਤੇ ਵਿਚ ਮੈਂ ਸਵਾਲ ਕੀਤਾ, “ਪਾਪਾ ਜੀ, ਤੁਹਾਨੂੰ ਇਹ ਵਰਕੇ ਜਿਹੇ ਪੜ੍ਹ ਕੇ ਕੀ ਮਿਲਦਾ?” ਉੱਤਰ ਸੀ, “ਪੁੱਤ, ਇਸ ਅਖ਼ਬਾਰ ਵਿੱਚ ਪੰਜਾਬ ਦੇ ਵਿਦਵਾਨਾਂ ਦੇ ਵਿਚਾਰ ਹੋਣ ਦੇ ਨਾਲ ਨਾਲ ਦੇਸ-ਦੁਨੀਆ ’ਚ ਕੀ ਵਾਪਰ ਰਿਹਾ, ਉਸ ਬਾਬਤ ਜਾਣਕਾਰੀ ਹੁੰਦੀ। ਵਿਦਵਾਨ ਲੋਕ ਆਪਣੇ ਤਜਰਬੇ ਦੇ ਆਧਾਰ ’ਤੇ ਸਾਨੂੰ ਅਗਾਹ ਕਰਦੇ ਹਨ ਕਿ ਅੱਗੇ ਕੀ ਹਾਲਾਤ ਹੋਣਗੇ।” ਉਨ੍ਹਾਂ ਦੇ ਦੱਸਣ ਮੁਤਾਬਕ, ਵਿਦਵਾਨ ਲੋਕ ਬਹੁਤ ਪੜ੍ਹੇ ਲਿਖੇ ਹੁੰਦੇ।... ਚਲੋ, ਘਰ ਪਹੁੰਚ ਗਏ।
ਉਂਝ, ਕੋਮਲ ਮਨ ਅੰਦਰ ਵਲਵਲੇ ਉੱਠਣ ਲੱਗੇ। ਜਾਪਣ ਲੱਗਿਆ ਕਿ ਜੋ ਲੋਕ ਅਖ਼ਬਾਰ ’ਚ ਲਿਖਦੇ, ਉਹ ਖਾਸ ਹੁੰਦੇ। ਇਸੇ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਲਿਖੇ ਸ਼ਬਦ ਪੜ੍ਹਨ ਦੀ ਤਾਂਘ ਰਹਿੰਦੀ ਹੈ। ਇਹ ਸਭ ਕੁਝ ਮੇਰੇ ਅਵਚੇਤਨ ਮਨ ’ਚ ਬੈਠ ਗਿਆ ਤੇ ਮੈਂ ਸੋਚਣ ਲੱਗਿਆ ਕਿ ਮੈਂ ਵੀ ਇੱਕ ਦਿਨ ਲਿਖਾਂਗਾ। ਦਸਵੀਂ ਜਮਾਤ ਤੱਕ ਕਦੇ ਅਖ਼ਬਾਰ ਨਹੀਂ ਸੀ ਪੜ੍ਹਿਆ। ਕਾਲਜ ਪੁੱਜ ਕੇ ਨਵੀਂ ਦੁਨੀਆ ਨਾਲ ਵਾਹ ਪਿਆ। ਫਿਰ ਯੂਨੀਵਰਸਿਟੀ ਜਾਣ ਦਾ ਸਬਬ ਬਣ ਗਿਆ। ਉੱਥੇ 2004 ਵਿਚ ਲੇਖ ਲਿਖਿਆ। ਨਾਲ ਦੇ ਸਾਥੀ ਨੂੰ ਉਹ ਲੇਖ ਫੜਾ ਕੇ ਰਾਇ ਮੰਗੀ। ਬਾਅਦ ਵਿਚ ਪਤਾ ਲੱਗਾ ਕਿ ਸਾਥੀ ਨੇ ਆਪ ਹੀ ਅਖ਼ਬਾਰ ’ਚ ਛਪਾ ਲਿਆ ਕੁਝ ਤਬਦੀਲੀ ਕਰ ਕੇ। ਫਿਰ ਦੋ ਕੁ ਸਾਲਾਂ ਬਾਅਦ ਇੱਕ ਪ੍ਰੋਫੈਸਰ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਵੀ ਕੋਈ ਹੱਲਾਸ਼ੇਰੀ ਨਾ ਦਿੱਤੀ। ਆਖਿ਼ਰ 2008 ਵਿਚ ਮੇਰਾ ਪਹਿਲਾ ਲੇਖ ਅਖ਼ਬਾਰ ’ਚ ਛਪਿਆ ਤੇ ਚੰਗਾ ਹੁੰਗਾਰਾ ਮਿਲਿਆ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਥਾਏ ਵਾਲੇ ਅਖ਼ਬਾਰ ਤੋਂ ਲੈ ਕੇ ਆਪਣਾ ਲੇਖ ਛਪਣ ਤੱਕ ਦਾ ਸਫ਼ਰ ਨਿਆਰਾ ਸੀ। ਸਮਝ ਲੱਗੀ ਕਿ ਜੇ ਅਸੀਂ ਕਿਸੇ ਚੀਜ਼ ਜਾਂ ਕੰਮ ਪਿੱਛੇ ਸਿ਼ੱਦਤ ਨਾਲ ਪੈ ਜਾਈਏ ਤਾਂ ਪੂਰੀ ਕਾਇਨਾਤ ਸਾਥ ਦਿੰਦੀ ਹੈ। ਰਾਹ ਵਿੱਚ ਬਹੁਤ ਅੜਿਕੇ ਆਉਂਦੇ ਪਰ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ। ਦੇਰ ਸਵੇਰ ਤੁਹਾਡੇ ਹੁਨਰ ਦੀ ਕਦਰ ਪੈ ਜਾਂਦੀ ਹੈ। ਜ਼ਰੂਰਤ ਹੈ, ਆਪਣੇ ਆਪ ’ਤੇ ਭਰੋਸਾ ਰੱਖੋ।

Advertisement

ਸੰਪਰਕ: 95016-01144

Advertisement
Advertisement