ਸਰਕਾਰੀ ਬੱਸਾਂ ਢਾਬਿਆਂ ’ਤੇ ਰੁਕਣ ਕਾਰਨ ਸਵਾਰੀਆਂ ਪ੍ਰੇਸ਼ਾਨ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 6 ਜੂਨ
ਪੰਜਾਬ ਰੋਡਵੇਜ਼, ਪਨਬੱਸ, ਪੈਪਸੂ ਸਣੇ ਗੁਆਂਢੀ ਸੂਬਿਆਂ ਦੀਆਂ ਸਰਕਾਰੀ ਬੱਸਾਂ ਰੋਜ਼ਾਨਾ ਹੀ ਸਬੰਧਤ ਬੱਸ ਅੱਡਿਆਂ ‘ਤੇ ਖੜ੍ਹਾਉਣ ਦੀ ਥਾਂ ਢਾਬਿਆਂ ‘ਤੇ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਰੋਜ਼ਾਨਾ ਹੀ ਵੱਡੀ ਗਿਣਤੀ ਸਵਾਰੀਆਂ ਨੂੰ ਲੰਬਾ ਸਮਾਂ ਬਿਨਾਂ ਵਜ੍ਹਾ ਬੈਠਣਾ ਪੈਂਦਾ ਹੈ। ਇੱਥੇ ਬੱਸਾਂ ਖੜ੍ਹਨ ਕਾਰਨ ਸਵਾਰੀਆਂ ਢਾਬਿਆਂ ਵਾਲਿਆਂ ਦੇ ਖਾਣੇ ਲਈ ਬਾਜ਼ਾਰ ਨਾਲੋਂ ਦੁੱਗਣਾ-ਤਿੱਗਣਾ ਭਾਅ ਦੇ ਖਾਣ ਲਈ ਮਜਬੂਰ ਹੁੰਦੀਆਂ ਹਨ।
ਬਲਾਚੌਰ-ਰੋਪੜ ਕੌਮੀ ਮਾਰਗ ‘ਤੇ ਬਲਾਚੌਰ ਤੋਂ ਸਿਰਫ਼ ਤਿੰਨ ਕੁ ਕਿਲੋਮੀਟਰ ਦੂਰੀ ‘ਤੇ ਆਹਮੋ-ਸਾਹਮਣੇ ਸਥਿਤ ਦੋ ਢਾਬਿਆਂ ਉੱਤੇ ਸਾਰਾ ਦਿਨ ਹੀ ਇੱਕ ਪਾਸੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਖੜ੍ਹੀਆਂ ਰਹਿੰਦੀਆਂ ਹਨ ਜਦੋਂਕਿ ਦੂਜੇ ਪਾਸੇ ਗੁਆਂਢੀ ਸੂਬਿਆਂ ਦੀਆਂ ਬੱਸਾਂ ਖੜ੍ਹੀਆਂ ਵੇਖੀਆਂ ਜਾ ਸਕਦੀਆਂ ਹਨ। ਬੱਸ ਅੱਡਿਆਂ ਦੀ ਬਜਾਇ ਇਹ ਸਥਾਨ ਬੱਸਾਂ ਅਤੇ ਸਵਾਰੀਆਂ ਦੀ ਸੁਰੱਖਿਆ ਪੱਖੋਂ ਵੀ ਢੁੱਕਵੇਂ ਨਹੀਂ ਹਨ। ਇਨ੍ਹਾਂ ਢਾਬਿਆਂ ‘ਤੇ ਬੱਸਾਂ ਦੇ ਲੰਬਾ ਸਮਾਂ ਰੁਕਣ ਕਾਰਨ ਚੰਡੀਗੜ੍ਹ-ਜਲੰਧਰ-ਅੰਮ੍ਰਿਤਸਰ, ਪਠਾਨਕੋਟ ਆਦਿ ਥਾਵਾਂ ‘ਤੇ ਜਾਣ ਵਾਲੀਆਂ ਸਵਾਰੀਆਂ ਨੂੰ ਬਿਨਾਂ ਵਜ੍ਹਾ ਰੁਕਣਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਦੇ ਕੰਮ ਦੇ ਹਜ਼ਾਰਾਂ ਮਨੁੱਖੀ ਘੰਟੇ ਬਰਬਾਦ ਹੁੰਦੇ ਹਨ। ਬਲਾਚੌਰ ਇਲਾਕੇ ਦੀਆਂ ਸਵਾਰੀਆਂ ਨੂੰ ਰੋਜ਼ਾਨਾ ਹੀ ਇਸ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਵਾਰੀਆਂ ਨੂੰ ਬੱਸ ‘ਤੇ ਸਵਾਰ ਹੋਣ ਮਗਰੋਂ ਤਿੰਨ ਕਿਲੋਮੀਟਰ ‘ਤੇ ਜਾ ਕੇ ਹੀ ਲੰਬਾ ਸਮਾਂ ਰੁਕਣ ਲਈ ਮਜਬੂਰ ਹੋਣਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਬੱਸਾਂ ਬੱਸ ਅੱਡਿਆਂ ਉੱਤੇ ਹੀ ਰੁਕਣ ਤਾਂ ਜੋ ਉਨ੍ਹਾਂ ਦੀ ਰੋਜ਼ਾਨਾ ਹੁੰਦੀ ਖੱਜਲ-ਖੁਆਰੀ ਬੰਦ ਹੋ ਸਕੇ। ਉਹ ਸਮੇਂ ਸਿਰ ਆਪਣੇ ਕੰਮ-ਧੰਦਿਆਂ ਵਾਲੀਆਂ ਥਾਵਾਂ ‘ਤੇ ਪਹੁੰਚ ਸਕਣ।
ਢਾਬਿਆਂ ‘ਤੇ ਬੱਸਾਂ ਖੜ੍ਹੀਆਂ ਕਰਨ ਦੀ ਮਨਜ਼ੂਰੀ ਨਹੀਂ: ਜਨਰਲ ਮੈਨੇਜਰ
ਪੰਜਾਬ ਰੋਡਵੇਜ਼ ਨਵਾਂ ਸ਼ਹਿਰ ਡਿੱਪੂ ਦੇ ਜਨਰਲ ਮੈਨੇਜਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਬੱਸਾਂ ਸਿਰਫ਼ ਬੱਸ ਅੱਡਿਆਂ ਦੀਆਂ ਕੰਟੀਨਾਂ ‘ਤੇ ਹੀ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਢਾਬਿਆਂ ‘ਤੇ ਬੱਸਾਂ ਖੜ੍ਹੀਆਂ ਕਰਨ ਲਈ ਵਿਭਾਗ ਵੱਲੋਂ ਕਦੇ ਵੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇ ਕੋਈ ਬੱਸ ਡਰਾਈਵਰ ਭਵਿੱਖ ਵਿੱਚ ਢਾਬਿਆਂ ਜਾਂ ਹੋਰ ਅਣ-ਅਧਿਕਾਰਤ ਥਾਵਾਂ ‘ਤੇ ਬੱਸ ਖੜ੍ਹੀ ਕਰਦਾ ਪਾਇਆ ਗਿਆ ਤਾਂ ਉਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।