ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੁਝਾਰਤ

06:47 AM Dec 08, 2023 IST

ਜਸਵਿੰਦਰ ਸੁਰਗੀਤ

Advertisement

ਆਪਣੇ ਘਰ ਦੇ ਜਿਸ ਕਮਰੇ ਵਿਚ ਮੈਂ ਪੜ੍ਹਦਾ ਹਾਂ, ਗਲੀ ਦੇ ਐਨ ਉੱਤੇ ਪੈਂਦਾ ਹੈ, ਇਸ ਦੀ ਇੱਕ ਖਿੜਕੀ ਬਾਹਰ ਗਲੀ ਵੱਲ ਖੁੱਲ੍ਹਦੀ ਹੈ। ਜੇ ਇਸ ਖਿੜਕੀ ਨੂੰ ਖੋਲ੍ਹ ਦੇਈਏ ਤਾਂ ਇੱਥੋਂ ਲਗਪਗ ਸੌ ਮੀਟਰ ਦੀ ਦੂਰੀ ’ਤੇ ਸੜਕ ਤੋਂ ਪਾਰ ਸ਼ਮਸ਼ਾਨ ਘਾਟ ਦਿਖਾਈ ਦਿੰਦਾ ਹੈ। ਪੜ੍ਹਦਾ ਪੜ੍ਹਦਾ ਥੱਕ ਜਾਂਦਾ ਹਾਂ ਤਾਂ ਖਿੜਕੀ ਖੋਲ੍ਹ ਕੇ ਸ਼ਮਸ਼ਾਨ ਘਾਟ ਵੱਲ ਦੇਖਣ ਲੱਗ ਜਾਂਦਾ ਹਾਂ। ਖਿਆਲਾਂ ਵਿਚ ਦੂਰ, ਬਹੁਤ ਦੂਰ ਨਿੱਕਲ ਜਾਂਦਾ ਹਾਂ। ਥੋੜ੍ਹੇ ਚਿਰ ਬਾਅਦ ਫਿਰ ਪੜ੍ਹਨ ਲੱਗ ਜਾਂਦਾ ਹਾਂ, ਇਹ ਮੇਰੀ ਪੱਕੀ ਆਦਤ ਬਣ ਗਈ ਹੈ। ਸ਼ਮਸ਼ਾਨ ਘਾਟ ਦੇਖ ਕੇ ਮੈਨੂੰ ਪਤਾ ਨਹੀਂ ਕਿਉਂ, ਸਕੂਨ ਆਉਂਦਾ ਹੈ... ਇੱਕ ਦਿਨ ਤਾਂ ਉੱਥੇ ਚਲਾ ਵੀ ਗਿਆ ਸੀ। ਸਰਦੀਆਂ ਸਨ। ਚਿਤਾ ਜਲ ਰਹੀ ਸੀ। ਇਕੱਲੀ ਚਿਤਾ। ਸਕੇ-ਸਬੰਧੀ ਸਸਕਾਰ ਕਰ ਕੇ ਚਲੇ ਗਏ ਸਨ। ਮੈਂ ਪਲਾਥੀ ਮਾਰ ਕੇ ਬੈਠ ਗਿਆ ਸੀ। ਖਿਆਲਾਂ ਦੀ ਅਮੁੱਕ ਲੜੀ ਸ਼ੁਰੂ ਹੋ ਗਈ; ਇਹ ਉਦੋਂ ਟੁੱਟੀ ਜਦ ਸ਼ਮਸ਼ਾਨ ਘਾਟ ਦਾ ਇੱਕ ਕਰਮਚਾਰੀ ਹੈਰਾਨੀ ਦੇ ਭਾਵ ਨਾਲ ਮੇਰੇ ਵੱਲ ਆ ਰਿਹਾ ਸੀ।
ਇਸੇ ਤਰ੍ਹਾਂ ਦਾ ਇੱਕ ਹੋਰ ਦਿਨ ਸੀ। ਐਤਵਾਰ ਸੀ ਉਸ ਦਿਨ। ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ ਪਰ ਪੜ੍ਹਨ ਵਿਚ ਮਨ ਨਹੀਂ ਲੱਗ ਰਿਹਾ ਸੀ। ਫਿਰ ਕਿਤਾਬ ਪਾਸੇ ਰੱਖ ਦਿੱਤੀ। ਸਾਹਮਣੇ ਕੰਧ ’ਤੇ ਲੱਗੀ ਪਿਤਾ ਦੀ ਤਸਵੀਰ ਵੱਲ ਦੇਖਣ ਲੱਗਾ। ਪਿਛਲੇ ਸਾਲ ਇਸੇ ਮਹੀਨੇ ਗੁਜ਼ਰੇ ਸਨ ਪਿਤਾ ਜੀ। ਫਿਰ ਕੁਰਸੀ ਤੋਂ ਉੱਠਿਆ, ਖਿੜਕੀ ਖੋਲ੍ਹ ਦਿੱਤੀ। ਸ਼ਮਸ਼ਾਨ ਘਾਟ ਵੱਲ ਦੇਖਣ ਲੱਗਿਆ। ਧੂੰਆਂ ਉੱਠ ਰਿਹਾ ਸੀ। ਸਪਸ਼ਟ ਸੀ, ਕੋਈ ਹੋਰ ਇਸ ਗ੍ਰਹਿ ਤੋਂ ਵਿਦਾ ਹੋ ਗਿਆ ਹੈ। ‘ਵਿਦਾ ਹੋ ਗਿਆ ਹੈ! ਕਿੱਥੇ ਵਿਦਾ ਹੋ ਗਿਆ ਹੈ?’ ਆਪਣੇ ਕਹੇ ਨੂੰ ਮੈਂ ਆਪ ਹੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ। ‘ਇਸ ਤੋਂ ਪਾਰ ਵੀ ਕੋਈ ਹੋਰ ਸੰਸਾਰ ਹੈ ਕਿ ਐਵੇਂ ਗੱਲਾਂ ਹੀ ਨੇ। ਸਰੀਰ ਦੇ ਮਰਨ ਨਾਲ ਹੀ ਸਭ ਕੁਝ ਸਮਾਪਤ ਹੋ ਜਾਂਦਾ ਹੈ ਕਿ ਕੋਈ ਆਤਮਾ, ਕੋਈ ਐਸੀ ਚੇਤਨਾ ਵੀ ਹੈ ਜਿਹੜੀ ਸਰੀਰ ਦੇ ਮਰਨ ਤੋਂ ਬਾਅਦ ਵੀ ਹੋਂਦ ਰੱਖਦੀ ਹੈ। ਸੱਚ ਕੀ ਹੈ? ਇਹ ਬੁਝਾਰਤ ਕਦੇ ਬੁੱਝੀ ਜਾਵੇਗੀ ਕਿ ਇੱਦਾਂ ਹੀ ਚਲਦਾ ਰਹੇਗਾ।’ ਅਜਿਹੇ ਅਨੇਕਾਂ ਖਿਆਲ ਮਨ ਵਿਚ ਆਉਣੇ ਸ਼ੁਰੂ ਹੋ ਗਏ ਜਿੱਦਾਂ ਕਿੰਨੇ ਸਾਰੇ ਪ੍ਰਾਹੁਣੇ ਤੁਹਾਡੇ ਘਰ ਅਚਾਨਕ ਆ ਜਾਣ!
... ਅਜੇ ਨੌਵੀਂ ਦਸਵੀਂ ਜਮਾਤ ਵਿਚ ਪੜ੍ਹਦਾ ਸੀ, ਅਜੀਬੋ-ਗਰੀਬ ਵਿਚਾਰ ਆਉਣੇ ਸ਼ੁਰੂ ਹੋ ਗਏ। ਬੰਦਾ ਮਰਦਾ ਕਿਉਂ ਹੈ? ਮਰ ਕੇ ਕਿੱਥੇ ਜਾਂਦਾ ਹੈ? ਮਰਨ ਵੇਲੇ ਕਿੰਨੀ ਕੁ ਪੀੜ ਹੁੰਦੀ ਹੋਵੇਗੀ? ਇਹ ਸਾਰਾ ਸੰਸਾਰ ਕਿਵੇਂ ਬਣਿਆ ਹੈ? ਕਦੋਂ ਦਾ ਬਣਿਆ ਹੈ? ਜਦੋਂ ਕੁਝ ਵੀ ਨਹੀਂ ਸੀ, ਉਦੋਂ ਕੀ ਸੀ? ਇਹ ਸਾਰਾ ਕੁਝ ਇੰਝ ਹੀ ਚੱਲਦਾ ਰਹੇਗਾ? ਇਹ ਧਰਤੀ, ਚੰਦ, ਸੂਰਜ, ਸਿਤਾਰੇ ਕਿੱਥੋਂ ਆਏ? ਸੋਚਦਾ ਸੋਚਦਾ ਪ੍ਰੇਸ਼ਾਨ ਹੋ ਜਾਂਦਾ। ਆਪਣਾ ਧਿਆਨ ਪਾਸੇ ਹਟਾਉਣ ਦੀ ਕੋਸਿ਼ਸ਼ ਕਰਦਾ ਪਰ ਥੋੜ੍ਹਾ ਚਿਰ ਭੁੱਲ ਕੇ ਫਿਰ ਇਸ ਤਰ੍ਹਾਂ ਸੋਚਣ ਲੱਗ ਪੈਂਦਾ। ਇਨ੍ਹਾਂ ਸਵਾਲਾਂ ਦਾ ਜਿ਼ਕਰ ਆਪਣੇ ਪਿਤਾ ਨਾਲ ਕਰਦਾ। ਮੇਰੇ ਸਵਾਲ ਸੁਣ ਕੇ ਉਹ ਹੈਰਾਨ ਹੁੰਦੇ ਤੇ ਆਖਦੇ, “ਤੇਰੇ ਮਨ ’ਚ ਇਹ-ਜੇ ਸਵਾਲ ਕਿੱਥੋਂ ਆਉਂਦੇ ਐ? ਤੂੰ ਅਜੇ ਛੋਟੈਂ, ਤੇਰੀ ਉਮਰ ਨੀ ਇਹੋ ਜਿਹੀਆਂ ਗੱਲਾਂ ਕਰਨ ਦੀ। ਹੱਸਿਆ ਖੇਡਿਆ ਕਰ” ਪਰ ਸੁਆਲ ਤਾਂ ਮੱਲੋ-ਮੱਲੀ ਚਿੱਤ ’ਚ ਆਉਂਦੇ ਸਨ। ਇਨ੍ਹਾਂ ਨੂੰ ਰੋਕ ਥੋੜ੍ਹਾ ਸਕਦਾ ਸਾਂ। ਜੇ ਕਿਸੇ ਦਿਨ ਕੋਈ ਅਰਥੀ ਦੇਖ ਲੈਂਦਾ ਤਾਂ ਪ੍ਰੇਸ਼ਾਨ ਹੋ ਜਾਂਦਾ। ਸਭ ਕੁਝ ਭੁੱਲ-ਭੁਲਾ ਕੇ ਮੌਤ ਬਾਰੇ ਸੋਚਣ ਲੱਗ ਜਾਂਦਾ” ‘ਮੈਂ ਵੀ ਇੱਕ ਦਿਨ ਇਉਂ ਮਰਾਂਗਾ! ਮੇਰੀ ਵੀ ਇੱਕ ਦਿਨ ਅਰਥੀ ਉੱਠੇਗੀ ਤੇ ਮੈਨੂੰ ਅੱਗ ਨਾਲ ਜਲਾਇਆ ਜਾਏਗਾ!’ ਸੋਚ ਕੇ ਕੰਬ ਉੱਠਦਾ। ਫਿਰ ਚਿੱਤ ਨੂੰ ਢਾਰਸ ਦਿੰਦਾ, “ਅਜੇ ਤਾਂ ਬਹੁਤ ਉਮਰ ਪਈ ਐ ਤੇਰੀ। ਅਜੇ ਨਾ ਫਿ਼ਕਰ ਕਰ।” ਮਨ ਵਿਚ ਹਿਸਾਬ ਲਾਉਂਦਾ, ‘ਜੇ ਸੱਤਰ ਸਾਲ ਵੀ ਉਮਰ ਹੋਈ, ਅਜੇ ਤਾਂ ਫਿਰ ਪਚਵੰਜਾ ਸਾਲ ਪਏ ਐ।” ਸੋਚ ਕੇ ਖੁਸ਼ ਹੋ ਉਠਦਾ ਪਰ ਨਾਲ ਦੀ ਨਾਲ ਦੂਜਾ ਵਿਚਾਰ ਆ ਦਬਾਉਂਦਾ, “ਏਨੇ ਸਾਲ ਵੀ ਤਾਂ ਲੰਘ ਈ ਜਾਣੇ ਐ, ਜਿਹੜਾ ਅੱਜ ਮਰਿਐ, ਇਹ ਵੀ ਕਦੇ ਤੇਰੇ ਜਿੱਡਾ ਈ ਹੋਊਗਾ, ਤੇ ਨਾਲੇ ਇਹ ਕਿਹੜਾ ਜ਼ਰੂਰੀ ਐ, ਤੂੰ ਬੁੱਢਾ ਹੋ ਕੇ ਈ ਮਰੇਂਗਾ।” ਮੈਂ ਜਿਵੇਂ ਅੰਦਰੋਂ ਸੂਤਿਆ ਜਾਂਦਾ। ਮੈਨੂੰ ਲਗਦਾ, ਮੈਂ ਹੁਣੇ ਮਰਿਆ, ਬਸ ਹੁਣੇ ਮਰਿਆ। ਬੇਚੈਨ ਹੋ ਉੱਠਦਾ। ਜਦ ਜਿ਼ਆਦਾ ਹੀ ਬੇਚੈਨੀ ਵਧ ਜਾਂਦੀ ਤਾਂ ਜਿੱਧਰ ਮੂੰਹ ਹੁੰਦਾ, ਉੱਧਰ ਚੱਲ ਪੈਂਦਾ। ਖਿਆਲ ਤੇ ਪੈਰ ਤੇਜ਼ ਤੇਜ਼ ਚੱਲਦੇ। ਥੱਕ ਹਾਰ ਕੇ ਘਰ ਆ ਜਾਂਦਾ। ਕਿੰਨੇ ਕਿੰਨੇ ਦਿਨ ਨੀਂਦ ਨਾ ਆਉਂਦੀ। ਮਾਂ ਨਾਲ ਪੈਂਦਾ। ਮਾਂ ਮੈਨੂੰ ਆਪਣੀ ਹਿੱਕ ਨਾਲ ਘੁੱਟਦੀ ਤੇ ਪੁੱਛਦੀ, “ਮੇਰੇ ਪੁੱਤ ਨੂੰ ਨੀਂਦ ਕਿਉਂ ਨੀ ਆਉਂਦੀ?” ਮੈਂ ਸਵਾਲ ਕਰਦਾ, “ਮਾਂ! ਬੰਦਾ ਮਰ ਕੇ ਕਿੱਥੇ ਜਾਂਦੈ?” ਮਾਂ ਸਰਸਰੀ ਆਖਦੀ, “ਰੱਬ ਕੋਲੇ।”... “ਤੇ ਰੱਬ ਕਿੱਥੇ ਐ?”... “ਅਹੁ ਉੱਤੇ!”... “ਰੱਬ ਉੱਤੇ ਕਾਹਤੋਂ ਐ, ਥੱਲੇ ਕਿਉਂ ਨੀ?”... “ਰੱਬ ਪੁੱਤ ਉੱਤੇ ਈ ਹੁੰਦੈ।”... “ਬੰਦਾ ਮਰ ਕੇ ਰੱਬ ਕੋਲੇ ਕਿਉਂ ਜਾਂਦੈ?”... “ਸਾਰੇ ਈ ਰੱਬ ਕੋਲ ਜਾਂਦੇ ਐ।” ਮੇਰੇ ਸਵਾਲ ਵਧੀ ਜਾਂਦੇ। ਮਾਂ ਨਿਹੱਥੀ ਹੋ ਜਾਂਦੀ ਤੇ ਆਖਦੀ, “ਤੂੰ ਸੌਂ ਜਾਹ ਪੁੱਤ, ਏਨਾ ਬਾਲ੍ਹਾ ਨੀ ਸੋਚੀਦਾ।” ਮੈਂ ਚੁੱਪ ਕਰ ਜਾਂਦਾ ਪਰ ਅੰਦਰ ਮੇਰਾ ਬੋਲੀ ਜਾਂਦਾ।
ਮੇਰੇ ਇਨ੍ਹਾਂ ਸਵਾਲਾਂ ਕਰ ਕੇ, ਤੇ ਬਹੁਤਾ ਸਮਾਂ ਗੰਭੀਰ ਰਹਿਣ ਕਰ ਕੇ ਘਰਦਿਆਂ ਨੂੰ ਫਿ਼ਕਰ ਪੈ ਗਿਆ। ਉਹ ਬਥੇਰਾ ਕਹਿੰਦੇ ਕਿ ਅਜਿਹੀਆਂ ਫਾਲਤੂ ਗੱਲਾਂ ਨਹੀਂ ਸੋਚੀਦੀਆਂ ਪਰ ਮੈਂ ਇਨ੍ਹਾਂ ‘ਫਾਲਤੂ ਗੱਲਾਂ’ ਦਾ ਆਦੀ ਹੋ ਗਿਆ ਸੀ। ਹਰ ਵੇਲੇ ਕੋਈ ਨਾ ਕੋਈ ਗੱਲ ਮਨ ਵਿਚ ਫਸੀ ਰਹਿੰਦੀ ਤੇ ਉਸ ਨਾਲ ਘੁਲਦਾ ਰਹਿੰਦਾ। ਇੱਕ ਦਿਨ ਮਾਂ ਨੇ ਕਿਸੇ ਗੁਆਂਢਣ ਕੋਲ ਗੱਲ ਕੀਤੀ ਤਾਂ ਉਹ ਬੋਲੀ, “ਮੁੰਡੇ ਨੂੰ ਕੋਈ ਓਪਰੀ ਕਸਰ ਲੱਗਦੀ ਐ। ਐਂ ਕਰ, ਪਰਗਾਸ ਪੰਡਿਤ ਤੋਂ ਤਵੀਤ ਕਰਵਾ ਲਿਆ।” ਮਾਂ ਮੈਨੂੰ ਪੰਡਿਤ ਦੇ ਲੈ ਗਈ। ਉਹਨੇ ਗਲ ਵਿਚ ਪਾਉਣ ਲਈ ਤਵੀਤ ਦੇ ਦਿੱਤਾ ਪਰ ਤਵੀਤ ਨੇ ਕੋਈ ਕੰਮ ਨਾ ਕੀਤਾ। ਮੇਰੀ ਹਾਲਤ ਉਵੇਂ ਦੀ ਉਵੇਂ ਰਹੀ।

... ... ...

Advertisement

ਪੜ੍ਹਨ ਲਈ ਦੁਬਾਰਾ ਕਿਤਾਬ ਚੁੱਕ ਲਈ ਹੈ ਪਰ ਪੜ੍ਹਨ ਦਾ ਮਨ ਅਜੇ ਵੀ ਨਹੀਂ ਬਣ ਰਿਹਾ। ਫਿਰ ਖਿੜਕੀ ਬੰਦ ਕਰਨ ਦੇ ਇਰਾਦੇ ਨਾਲ ਉੱਠਿਆ ਪਰ ਪਤਾ ਨਹੀਂ ਕੀ ਸੋਚ ਕੇ ਖਿੜਕੀ ਕੋਲ ਹੀ ਖੜ੍ਹ ਗਿਆ। ਧੂੰਆਂ ਅਜੇ ਵੀ ਹੌਲੀ ਹੌਲੀ ਉੱਠ ਰਿਹਾ ਸੀ। ਖਿਆਲ ਉਵੇਂ ਹੀ ਚੱਲ ਰਹੇ ਸਨ। ‘ਬਸ ਰਹਿ-ਗੀ ’ਕੱਲੀ ਸਵਾਹ... ਕੀ ਐ ਬੰਦੇ ਦਾ ਜੀਵਨ... ਦਿਨ ਚੜ੍ਹਿਆ, ਰਾਤ ਬੀਤੀ... ਖਾਧਾ ਪੀਤਾ... ਤੇ ਫਿਰ ਇੱਕ ਹੋਰ ਰਾਤ ਆਈ... ਦਿਨ ਚੜ੍ਹਿਆ... ਰੋਜ਼ ਰੋਜ਼ ਉਹੀ ਚੱਕਰ... ਇਸ ਜੀਵਨ ਦਾ ਕੋਈ ਸਾਰ ਵੀ ਹੈ ਜਾਂ ਨਹੀਂ... ਮਨੁੱਖ ਦੇ ਹੋਣ ਦਾ ਕੀ ਮਤਲਬ ਹੈ ਭਲਾ? ਕੀ ਮੰਜਿ਼ਲ ਹੈ ਮਨੁੱਖ ਦੀ?’... ਤੇ ਇਹ ਚਲਦੇ ਖਿਆਲ ਪਤਾ ਨਹੀਂ ਕਿਹੜੇ ਪਲ ਕਾਵਿਕ ਬੋਲਾਂ ਵਿਚ ਢਲ ਗਏ ਤੇ ਮੈਂ ਗੁਣਗੁਣਾਉਣ ਲੱਗ ਪਿਆ।
ਸੰਪਰਕ: 94174-48436

Advertisement
Advertisement