ਪਰੀਆਂ ਦਾ ਦੇਸ
ਡਾ. ਪ੍ਰਵੀਨ ਬੇਗਮ
ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਬਹੁਤਾ ਸਮਾਂ ਘਰ ਹੀ ਬੀਤਦਾ ਸੀ। ਉਪਰੋਂ ਜੇਠ ਹਾੜ੍ਹ ਦੀਆਂ ਧੁੱਪਾਂ, ਵਗਦੀ ਲੋਅ ਤੇ ਤਪਸ਼ ਨੇ ਕਿਤੇ ਬਾਹਰ ਨਿਕਲਣ ਜੋਗੇ ਛੱਡਿਆ ਹੀ ਨਹੀਂ। ਮੇਰੀ ਧੀ ਕਾਫ਼ੀ ਦਿਨਾਂ ਤੋਂ ਜ਼ਿਦ ਕਰ ਰਹੀ ਸੀ ਕਿ ਜੇ ਕਿਤੇ ਬਾਹਰ ਨਹੀਂ ਜਾਣਾ ਤਾਂ ਕਿਸੇ ਸਹੇਲੀ ਦੇ ਘਰ ਹੀ ਲੈ ਜਾਵੋ... ਉਹਦਾ ਘਰੇ ਜੀਅ ਨਹੀਂ ਲੱਗਦਾ। ਮੈਂ ਹਾਂ ਕਰ ਦਿੱਤੀ ਤਾਂ ਉਹਨੇ ਝੱਟ ਆਪਣੀ ਸਹੇਲੀ ਨੂੰ ਫੋਨ ਕੀਤਾ, “ਆਪਾਂ ਕੱਲ੍ਹ ਮਿਲਾਂਗੇ। ਤੂੰ ਮੇਰੇ ਘਰ ਆ ਜਾਵੀਂ।” ਦੋਵੇਂ ਖ਼ੁਸ਼ ਹੋ ਗਈਆਂ। ਧੀ ਨੇ ਸ਼ਾਮ ਨੂੰ ਹੀ ਸਹੇਲੀ ਦੇ ਖਾਣ-ਪੀਣ ਲਈ ਕਈ ਤਰ੍ਹਾਂ ਦਾ ਸਮਾਨ ਮੰਗਵਾ ਲਿਆ। ਰਾਤੀਂ ਸੌਣ ਸਮੇਂ ਧੰਨਵਾਦ ਕੀਤਾ, “ਤੁਸੀਂ ਮੇਰੀ ਗੱਲ ਮੰਨ ਲਈ।” ਮੈਂ ਹੱਸੀ, “ਤੂੰ ਤਾਂ ਸਾਡੀ ਪਰੀ ਏਂ, ਤੇਰੀ ਗੱਲ ਤਾਂ ਸਾਨੂੰ ਮੰਨਣੀ ਹੀ ਪੈਣੀ ਸੀ।” ਉਹਨੇ ਪੁੱਛਿਆ, “ਮੰਮੀ, ਪਰੀਆਂ ਕੀ ਹੁੰਦੀਆਂ? ਉਹ ਸਾਡੇ ਨਾਲੋਂ ਕਿਵੇਂ ਵੱਖਰੀਆਂ ਹੁੰਦੀਆਂ?” ਮੈਂ ਉਸ ਦੇ ਉਤਸੁਕਤਾ ਭਰੇ ਪ੍ਰਸ਼ਨ ਦਾ ਜਵਾਬ ਉਸੇ ਲਹਿਜੇ ਵਿੱਚ ਦਿੱਤਾ, “ਪਰੀਆਂ ਅੰਤਾਂ ਦੀਆਂ ਸੋਹਣੀਆਂ ਹੁੰਦੀਆਂ... ਉਨ੍ਹਾਂ ਦੇ ਖੰਭ ਲੱਗੇ ਹੁੰਦੇ... ਉਹ ਜਿੱਥੇ ਚਾਹੁਣ, ਉੱਡ ਕੇ ਜਾ ਸਕਦੀਆਂ... ਉਨ੍ਹਾਂ ਕੋਲ ਜਾਦੂਈ ਸ਼ਕਤੀਆਂ ਹੁੰਦੀਆਂ ਤੇ ਕੋਈ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ।” ਇਹ ਰੋਚਕ ਗੱਲਾਂ ਸੁਣ ਉਹਦੀ ਉਤਸੁਕਤਾ ਹੋਰ ਵਧ ਗਈ, “ਪਰੀਆਂ ਸਕੂਲ ਨਹੀਂ ਜਾਂਦੀਆਂ ਤੇ ਨਾ ਹੀ ਨੌਕਰੀਆਂ ਕਰਦੀਆਂ?” ਮੈਂ ਹੱਸਦਿਆਂ ਕਿਹਾ, “ਨਹੀਂ।” ਉਹ ਹੈਰਾਨ ਹੋਈ ਤੇ ਕਹਿਣ ਲੱਗੀ, “ਅਸੀਂ ਵੀ ਪਰੀਆਂ ਬਣ ਜਾਈਏ ਫਿਰ।” ਮੈਂ ਉਹਦੀ ਗੱਲ ਅਣਸੁਣੀ ਕਰ ਦਿੱਤੀ ਤੇ ਉਹਨੂੰ ਸੌਣ ਲਈ ਝਿੜਕਿਆ। ਸਵੇਰੇ ਜਲਦੀ ਉੱਠਣ ਦੇ ਚਾਅ ਵਿੱਚ ਉਹ ਜਲਦੀ ਸੌਂ ਗਈ।
ਸਵੇਰ ਹੋਈ ਤਾਂ ਉਹ ਜਲਦੀ-ਜਲਦੀ ਨਹਾ ਕੇ ਤਿਆਰ ਹੋ ਸਹੇਲੀ ਦੀ ਉਡੀਕ ਕਰਨ ਲੱਗੀ। ਯੂਨੀਵਰਸਿਟੀ ਪੇਪਰ ਚੱਲਦੇ ਹੋਣ ਕਾਰਨ ਮੇਰੇ ਪਤੀ ਵੀ ਤਕਰੀਬਨ ਘਰ ਹੀ ਹੁੰਦੇ ਸਨ। ਉਨ੍ਹਾਂ ਤਕਰੀਬਨ ਰੋਜ਼ ਵਾਂਗ ਟੈਲੀਵਿਜ਼ਨ ਦਾ ਬਟਨ ਦਬਾਇਆ ਤੇ ਖ਼ਬਰਾਂ ਦੇਖਣ ਲੱਗ ਪਏ। ਇੰਨੇ ਨੂੰ ਸਾਡੀ ਧੀ ਦੀ ਸਹੇਲੀ ਵੀ ਆ ਗਈ। ਮੈਂ ਉਨ੍ਹਾਂ ਨੂੰ ਪੀਣ ਲਈ ਪਾਣੀ ਦਿੱਤਾ। ਉਹ ਖ਼ੁਸ਼ ਸਨ ਤੇ ਆਪਣੇ ਹੋਰ ਦੋਸਤਾਂ ਬਾਰੇ ਗੱਲਾਂ ਕਰ ਕੇ ਖਿੜਖਿੜਾ ਰਹੀਆਂ ਸਨ। 10 ਕੁ ਦਾ ਸਮਾਂ ਹੋਇਆ ਹੋਵੇਗਾ, ਟੀਵੀ ’ਤੇ ਖ਼ਬਰ ਆ ਰਹੀ ਸੀ ਕਿ ਕਿਸੇ ਸਿਰਫਿਰੇ ਸ਼ਖ਼ਸ ਨੇ ਘਰ ਤੋਂ ਆਪਣੇ ਕੰਮ ’ਤੇ ਜਾ ਰਹੀ ਲੜਕੀ ਉੱਤੇ ਤਲਵਾਰਾਂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਹੈ। ਖ਼ਬਰ ਸੁਣ ਕੇ ਮੈਂ ਵੀ ਉੱਥੇ ਹੀ ਬੈਠ ਗਈ ਸਾਂ, ਕੋਲ ਬੈਠੀਆਂ ਬੱਚੀਆਂ ਦਾ ਧਿਆਨ ਵੀ ਉਸ ਖ਼ਬਰ ਵੱਲ ਹੋ ਗਿਆ। ਕੁੜੀ ਦਾ ਕਤਲ ਕਿਉਂ, ਕਿਸ ਨੇ ਅਤੇ ਕਿਸ ਮਕਸਦ ਲਈ ਕੀਤਾ, ਬਾਰੇ ਟੀਵੀ ਚੈਨਲ ਨਹੀਂ ਦੱਸ ਰਹੇ ਸਨ ਪਰ ਉਹ ਤਸਵੀਰਾਂ ਵਾਰ-ਵਾਰ ਦਿਖਾਈਆਂ ਜਾ ਰਹੀਆਂ ਸਨ ਜਿਨ੍ਹਾਂ ਵਿੱਚ ਉਹ ਸ਼ਖ਼ਸ ਕੁੜੀ ’ਤੇ ਵਾਰ ਕਰ ਰਿਹਾ ਹੈ ਤੇ ਕੁੜੀ ਆਪਣਾ ਬੈਗ ਅੱਗੇ ਕਰ ਕੇ ਅਤੇ ਕਿਸੇ ਕਾਰ ਵਾਲੇ ਨੂੰ ਰੋਕ ਕੇ ਆਪਣੀ ਜਾਨ ਬਚਾਉਣ ਲਈ ਤਰਲੇ ਪਾ ਰਹੀ ਹੈ ਪਰ ਕੀ ਮਜਾਲ, ਕਿਸੇ ਨੇ ਵੀ ਉਸ ਸ਼ਖ਼ਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ। ਭੀੜ ਤਮਾਸ਼ਬੀਨ ਬਣ ਲੜਕੀ ਦੀ ਮੌਤ ਦਾ ਤਮਾਸ਼ਾ ਦੇਖ ਰਹੀ ਸੀ।
ਬੱਚੀਆਂ ਇਹ ਸਭ ਦੇਖ ਕੇ ਸਹਿਮ ਜਿਹੀਆਂ ਗਈਆਂ। ਧੀ ਦੀ ਸਹੇਲੀ ਨੇ ਪੁੱਛਿਆ, “ਆਂਟੀ, ਇਹ ਭਾਈ ਇਸ ਦੀਦੀ ਨੂੰ ਕਿਉਂ ਮਾਰ ਰਿਹਾ?” ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਥੋੜ੍ਹੀ ਦੇਰ ਬਾਅਦ ਖ਼ਬਰ ਆਈ ਕਿ ਇਹ ਪ੍ਰੇਮ ਚੱਕਰ ਹੈ। ਮੁੰਡਾ ਕੁੜੀ ਇੱਕ ਦੂਜੇ ਦੇ ਜਾਣੂ ਸਨ, ਕੁੜੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ, ਤੇ ਮੁੰਡਾ ਹੁਣ ਉਸ ਦੇ ਪਿੱਛੇ ਸੀ ਪਰ ਉਹ ਉਸ ਦਾ ਇੰਨਾ ਨੁਕਸਾਨ ਕਰ ਦੇਵੇਗਾ, ਕਿਸੇ ਦੇ ਚਿੱਤ-ਚੇਤੇ ਨਹੀਂ ਸੀ। ਕਿਸੇ ਦਰਮਿਆਨੇ ਘਰ ਦੀ ਕੁੜੀ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਨੌਕਰੀ ਵੀ ਕਰਦੀ ਸੀ, ਨੂੰ ਆਪਣੀ ਜ਼ਿੰਦਗੀ ਆਪਣੇ ਅਨੁਸਾਰ ਜਿਊਣ ਦਾ ਵੀ ਅਧਿਕਾਰ ਨਹੀਂ? ਇਹ ਕਿਸੇ ਇੱਕ ਕੁੜੀ ਦੀ ਕਹਾਣੀ ਨਹੀਂ, ਲੱਖਾਂ ਹਜ਼ਾਰਾਂ ਕੁੜੀਆਂ ਹਨ ਜੋ ਸੁਰੱਖਿਅਤ ਨਹੀਂ। ਅਜੇ ਪਿਛਲੇ ਮਹੀਨੇ ਹੀ ਕੰਪਿਊਟਰ ਕਲਾਸ ਲਗਾ ਕੇ ਆ ਰਹੀ ਕੁੜੀ ਨੂੰ ਉਸ ਦੇ ਦੋਸਤ ਨੇ ਹੀ ਮਾਰ ਕੇ ਪੈਟਰੋਲ ਪੰਪ ਨੇੜੇ ਝਾੜੀਆਂ ਵਿੱਚ ਸੁੱਟ ਦਿੱਤਾ ਸੀ।...
ਮੈਂ ਬੈਠੀ ਅਜੇ ਸੋਚ ਹੀ ਰਹੀ ਸੀ ਕਿ ਕੁੜੀਆਂ ਦੀਆਂ ਵੀ ਸੱਧਰਾਂ ਹੁੰਦੀਆਂ, ਉਨ੍ਹਾਂ ਦੀਆਂ ਅੱਖਾਂ ਅੰਦਰ ਵੀ ਲੱਖਾਂ ਸੁਫ਼ਨੇ ਪਲਦੇ, ਉਹ ਵੀ ਅੰਬਰੀਂ ਉੱਡਣ ਦੀਆਂ ਹੱਕਦਾਰ ਨੇ ਕਿ ਅਚਾਨਕ ਧੀ ਬੋਲੀ, “ਮੰਮਾ, ਅਸੀਂ ਵੀ ਪਰੀਆਂ ਦੇ ਦੇਸ਼ ਚਲੇ ਜਾਈਏ... ਉਨ੍ਹਾਂ ਕੋਲ ਜਾਦੂ ਹੁੰਦਾ ਤੇ ਕੋਈ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਨਹੀਂ ਸਕਦਾ।”
... ਤੇ ਫਿਰ ਉਹ ਆਪਣੀ ਸਹੇਲੀ ਨੂੰ ਪਰੀਆਂ ਦੇ ਦੇਸ ਬਾਰੇ ਉਹ ਸਭ ਦੱਸ ਰਹੀ ਸੀ ਜੋ ਮੈਂ ਉਸ ਨੂੰ ਰਾਤੀਂ ਦੱਸਿਆ ਸੀ। ਉਨ੍ਹਾਂ ਦੀਆਂ ਭੋਲੀਆਂ ਗੱਲਾਂ ਸੁਣ ਕੇ ਵੀ ਮੈਂ ਫਿ਼ਕਰਮੰਦ ਹੋ ਗਈ ਸਾਂ।
ਸੰਪਰਕ: 89689-48018