ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ
ਦਰਸ਼ਨ ਸਿੰਘ ਪ੍ਰੀਤੀਮਾਨ
ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਦੇ ਅਣਖੀਲੇ ਯੋਧਿਆਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ। ਕਈ ਸਾਲ ਜੱਦੋ-ਜਹਿਦ ਕਰਕੇ ਜੱਲ੍ਹਿਆਂਵਾਲੇ ਬਾਗ਼ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਸੁਨਾਮ ਦਾ ਨਾਂ ਦੇਸ਼ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਮੂਹਰਲੀ ਕਤਾਰ ਵਿੱਚ ਆਉਂਦਾ ਹੈ।
21 ਸਾਲਾਂ ਦੀ ਤਪੱਸਿਆ ਤੋਂ ਬਾਅਦ ਜੱਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਦਾ ਜਨਮ ਨਰੈਣ ਕੌਰ ਉਰਫ ਹਰਨਾਮ ਕੌਰ ਅਤੇ ਚੂਹੜ ਸਿੰਘ ਉਰਫ ਟਹਿਲ ਸਿੰਘ ਦੇ ਘਰ 26 ਦਸੰਬਰ 1899 ਈ. ਨੂੰ ਸੁਨਾਮ (ਸੰਗਰੂਰ) ਵਿੱਚ ਹੋਇਆ। ਊਧਮ ਸਿੰਘ ਦੇ ਬਚਪਨ ਦਾ ਨਾਂ ਸ਼ੇਰ ਸਿੰਘ ਸੀ ਅਤੇ ਉਨ੍ਹਾਂ ਦਾ ਵੱਡਾ ਭਰਾ ਸਾਧੂ ਸਿੰਘ ਸੀ। ਇਸ ਪਰਿਵਾਰ ਦਾ ਜੀਵਨ ਬੜਾ ਮੁਸ਼ਕਲਾਂ ਭਰਿਆ ਰਿਹਾ। ਪਿਤਾ ਟਹਿਲ ਸਿੰਘ ਪੁੱੱਤਰ ਉੂਧਮ ਸਿੰਘ ਨੂੰ ਕੀਰਤਨ ਸਿਖਾਉਣਾ ਚਾਹੁੰਦੇ ਸਨ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ।
ਊਧਮ ਸਿੰਘ ਦੀ ਮਾਤਾ 1907 ਵਿੱਚ ਅਤੇ ਪਿਤਾ 1913 ਵਿੱਚ ਰੱਬ ਨੂੰ ਪਿਆਰੇ ਹੋ ਗਏ। ਮਗਰੋਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਊਧਮ ਸਿੰਘ ਅਤੇ ਉਸ ਦੇ ਭਰਾ ਨੂੰ ਕੇਂਦਰੀ ਖਾਲਸਾ ਯਤੀਮਘਰ ਪੁਤਲੀਘਰ ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾ ਦਿੱਤਾ। ਊਧਮ ਸਿੰਘ ਚੁਸਤੀ-ਫੁਰਤੀ ਵਾਲਾ ਹੋਣ ਕਰਕੇ ਮੁੰਡਿਆਂ ’ਚ ਮੋਹਰੀ ਬਣ ਗਿਆ। ਜਦੋਂ 1917 ਨੂੰ ਉਸ ਦੇ ਵੱਡੇ ਭਰਾ ਸਾਧੂ ਸਿੰਘ ਉਰਫ ਮੁਕੰਦ ਸਿੰਘ ਉਰਫ ਮੁੱਖਾ ਸਿੰਘ ਦੀ ਮੌਤ ਹੋ ਗਈ ਤਾਂ ਊਧਮ ਸਿੰਘ ’ਤੇ ਹੋਰ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਿਆ। ਛੋਟੀ ਉਮਰ ’ਚ ਵੱਡੇ ਦੁੱਖਾਂ ਦਾ ਸਾਹਮਣਾ ਕਰਦਾ ਹੋਇਆ ਊਧਮ ਸਿੰਘ 1918 ’ਚ ਦਸਵੀਂ ਜਮਾਤ ਪਾਸ ਕਰ ਗਿਆ।
ਊਧਮ ਸਿੰਘ ਦੇ ਮਨ ’ਤੇ ਸੰਨ 1914-15 ’ਚ ਗ਼ਦਰ ਦਾ ਗਹਿਰਾ ਪ੍ਰਭਾਵ ਪਿਆ। ਜਦੋਂ ਗ਼ਦਰੀ ਸੂਰਮੇ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਸ਼ਰਧਾਂਜਲੀ ਦੇ ਰਹੇ ਸਨ ਤਾਂ ਊਧਮ ਸਿੰਘ ਦੇ ਮਨ ਵਿੱਚ ਇਹ ਗੱਲ ਘਰ ਕਰ ਚੁੱਕੀ ਸੀ ਕਿ ਹਥਿਆਰਬੰਦ ਇਨਕਲਾਬ ਹੀ ਦੁਸ਼ਮਣਾਂ ਨਾਲ ਟੱਕਰ ਲੈ ਸਕਦਾ ਹੈ। ਵਿਸਾਖੀ ਵਾਲੇ ਦਿਨ 13 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲੇ ਬਾਗ ਵਿੱਚ ਭਾਰਤੀ ਆਗੂ ਸੈਫ-ਉਦ-ਦੀਨ ਕਿਚਲੂ ਤੇ ਸੱਤਪਾਲ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ। ਉਸ ਮੁਜ਼ਾਹਰੇ ਵਿੱਚ ਕੇਂਦਰੀ ਖਾਲਸਾ ਯਤੀਮਖਾਨੇ ਵੱਲੋਂ ਊਧਮ ਸਿੰਘ ਤੇ ਉਸ ਦੇ ਸਾਥੀ ਪਾਣੀ ਦੀ ਸੇਵਾ ਨਿਭਾਅ ਰਹੇ ਸਨ। ਲੋਕਾਂ ਦੇ ਭਾਰੀ ਇਕੱਠ ਤੇ ਬਰਤਾਨਵੀ ਸਰਕਾਰ ਦੇ ਮਾਈਕਲ ਓਡਵਾਇਰ ਦੇ ਹੁਕਮਾਂ ’ਤੇ ਜਰਨਲ ਡਾਇਰ ਨੇ ਨਿਹੱਥੇ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਕਰ ਦਿੱਤੀ। ਹਫੜਾ-ਦਫੜੀ ਮੱਚਦੀ ’ਚ ਬਹੁਤ ਸਾਰੇ ਲੋਕ ਖੂਹ ਵਿੱਚ ਡਿੱਗ ਕੇ ਦਮ ਤੋੜ ਗਏ ਅਤੇ ਕੁਝ ਗੋਲੀਆਂ ਲੱਗਣ ਕਾਰਨ ਮਾਰੇ ਗਏ। ਮਾਰੇ ਗਏ ਲੋਕਾਂ ਦੀ ਗਿਣਤੀ 400 ਦੇ ਨੇੜੇ ਪਹੁੰਚੀ ਤੇ 1200 ਦੇ ਕਰੀਬ ਜ਼ਖ਼ਮੀ ਹੋ ਗਏ। ਬਰਤਾਨਵੀ ਪੁਲੀਸ ਵੱਲੋਂ 9-10 ਮਿੰਟਾਂ ਵਿੱਚ 1650 ਗੋਲੀਆਂ ਦੀ ਵਾਛੜ ਕੀਤੀ ਗਈ। ਇਹ ਭਿਆਨਕ ਦ੍ਰਿਸ਼ ਦੇਖ ਕੇ ਸੂਰਮੇ ਦੀਆਂ ਅੱਖਾਂ ’ਚ ਖੂਨ ਉੱਤਰ ਆਇਆ। ਉਸੇ ਸਮੇਂ ਊਧਮ ਸਿੰਘ ਨੇ ਸ਼ਹੀਦਾਂ ਦਾ ਖੂਨ ਮੱਥੇ ਨਾਲ ਲਾ ਕੇ ਇਸ ਦਿਲ ਕੰਬਾਊ ਖੂਨੀ ਸਾਕੇ ਦਾ ਬਦਲਾ ਲੈਣ ਲਈ ਪ੍ਰਣ ਲਿਆ।
ਊਧਮ ਸਿੰਘ ਨੇ ਕੇਂਦਰੀ ਯਤੀਮਘਰ ਅੰਮ੍ਰਿਤਸਰ ਛੱਡਿਆ। ਮਗਰੋਂ ਊਧਮ ਸਿੰਘ ਕੈਨੇਡਾ, ਜਰਮਨੀ, ਮੈਕਸਿਕੋ, ਇਟਲੀ, ਇਰਾਨ, ਜਪਾਨ, ਅਫਗਾਨਿਸਤਾਨ, ਮਲਾਇਆ, ਸਿੰਗਾਪੁਰ, ਅਮਰੀਕਾ, ਸ਼ਿਕਾਗੋ, ਨਿਊਯਾਰਕ, ਬੈਲਜੀਅਮ, ਨਾਰਵੇ, ਪੋਲੈਂਡ, ਹੰਗਰੀ, ਫਰਾਂਸ, ਸਵੀਡਨ, ਹਾਲੈਂਡ, ਇੰਗਲੈਂਡ ਅਤੇ ਆਸਟਰੇਲੀਆ ਵਰਗੇ ਦੇਸ਼ ਘੁੰਮਿਆ। ਉਹ 1923 ਈ. ਨੂੰ ਦੱਖਣੀ ਅਫਰੀਕਾ ਰਾਹੀਂ ਇੰਗਲੈਂਡ ਪਹੁੰਚ ਗਿਆ। ਤੁਰਦਾ-ਫਿਰਦਾ ਇਰਾਕ ਪਹੁੰਚਿਆ। ਦੋ ਸਾਲ ਪੂਰਬੀ ਅਫਰੀਕਾ ਵਿੱਚ ਗੁਜ਼ਾਰੇ। ਸਮੇਂ-ਸਮੇਂ ’ਤੇ ਊਧਮ ਸਿੰਘ ਗ਼ਦਰੀ ਦੇਸ਼ ਭਗਤਾਂ ਨੂੰ ਵੀ ਮਿਲਦਾ ਰਿਹਾ। ਭਗਤ ਸਿੰਘ ਦਾ ਪ੍ਰਭਾਵ ਵੀ ਕਬੂਲਿਆ। 1927 ਵਿੱਚ ਭਗਤ ਸਿੰਘ ਦੇ ਬੁਲਾਵੇ ’ਤੇ ਭਾਰਤ ਵੱਲ ਮੁੜ ਆਇਆ। ਜਦੋਂ ਭਗਤ ਸਿੰਘ ਤੇ ਸਾਥੀਆਂ ਨੇ ਲਾਹੌਰ ਵਿੱਚ ਮੀਟਿੰਗ ਕੀਤੀ ਤਾਂ ਊਧਮ ਸਿੰਘ ਨੇ ਉਸ ਮੀਟਿੰਗ ਵਿੱਚ ਹਿੱਸਾ ਲਿਆ। 27 ਅਗਸਤ 1927 ਨੂੰ ਲੋਕ ਪੱਖੀ ਸਾਹਿਤ (ਜਿਸ ’ਤੇ ਅੰਗਰੇਜ਼ਾਂ ਵੱਲੋਂ ਪਾਬੰਦੀ ਸੀ) ਅਤੇ ਇੱਕ ਪਿਸਟਲ ਫੜਿਆ ਗਿਆ ਤੇ ਅੰਗਰੇਜ਼ ਸਰਕਾਰ ਨੇ ਊਧਮ ਸਿੰਘ ’ਤੇ ਅੰਨ੍ਹਾ ਤਸ਼ੱਦਦ ਕੀਤਾ। ਇਸ ਕੇਸ ਵਿੱਚ ਪੰਜ ਸਾਲ ਦੀ ਸਜ਼ਾ ਕੱਟਣੀ ਪਈ। ਊਧਮ ਸਿੰਘ 20 ਅਕਤੂਬਰ 1932 ਨੂੰ ਇਸ ਕੇਸ ’ਚੋਂ ਰਿਹਾਅ ਹੋਇਆ। ਊਧਮ ਸਿੰਘ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਸੰਪਰਕ ’ਚ ਵੀ ਆਇਆ। ਜੱਲ੍ਹਿਆਂਵਾਲੇ ਬਾਗ ਦੀ ਘਟਨਾ ਹਮੇਸ਼ਾ ਦਿਮਾਗ ’ਚ ਘੁੰਮਦੀ ਰਹਿੰਦੀ। ਉਹ ਆਪਣਾ ਸ਼ਿਕਾਰ ਲੱਭਣ ਲਈ ਤਰਲੋ-ਮੱਛੀ ਰਹਿੰਦਾ ਸੀ ਪਰ ਦੁਸ਼ਮਣ ਕੋਲ ਪਹੁੰਚਣ ਵਾਲਾ ਰਾਹ ਵੀ ਕੰਡਿਆਲਾ ਸੀ।
ਊਧਮ ਸਿੰਘ 1933 ’ਚ ਬਰਲਿਨ (ਜਰਮਨੀ) ਅਤੇ ਕਈ ਦੇਸ਼ੀਂ ਹੁੰਦਾ ਹੋਇਆ ਲੰਡਨ ਪਹੁੰਚ ਗਿਆ। ਉੱਥੇ ਅਨੇਕਾਂ ਛੋਟੇ-ਛੋਟੇ ਕੰਮ ਕਰਦਾ ਰਿਹਾ। ਆਪਣੀ ਪਛਾਣ ਲੁਕਾਉਂਦਾ ਰਿਹਾ ਤੇ ਇਨਕਲਾਬ ਦਾ ਕੰਮ ਜਾਰੀ ਰੱਖਿਆ। ਉੱਥੇ ਉਸ ਨੇ ਉਦੈ ਸਿੰਘ, ਸ਼ੇਰ ਸਿੰਘ, ਰਾਮ ਮੁਹੰਮਦ ਸਿੰਘ ਆਜ਼ਾਦ, ਬਾਵਾ, ਯੂ.ਐੱਸ ਸਿੱਧੂ, ਫਰੈਂਕ, ਊਧਨ ਸਿੰਘ ਤੇ ਊਧਮ ਸਿੰਘ ਆਦਿ ਨਾਮ ਬਦਲੇ। ਊਧਮ ਸਿੰਘ ਨੇ ਪੂਰਬੀ ਅਫਰੀਕਾ ’ਚ ਵੀ ਨੌਕਰੀ ਕੀਤੀ। ਉਸ ਨੂੰ ਜ਼ਿੰਦਗੀ ਵਿੱਚ ਕਈ ਕੰਮ ਬਦਲਣੇ ਪਏ। ਉਥੇ ਮੌਕੇ ਦੀ ਹਕੂਮਤ ਨੂੰ ਧੋਖੇ ਵਿੱਚ ਪਾਉਣ ਲਈ ਕਈ ਢੰਗ ਅਪਣਾਉਂਦਾ ਰਿਹਾ। ਭਾਰਤ ਦੀ ਆਜ਼ਾਦੀ ਲਈ ਉਸ ਨੇ ‘ਆਜ਼ਾਦ ਲੀਗ’ ਕਾਇਮ ਕੀਤੀ। ਆਜ਼ਾਦੀ ਘੁਲਾਟੀਆਂ ਲਈ ਉਸ ਨੇ ਧਨ ਵੀ ਇਕੱਠਾ ਕੀਤਾ।
ਜਦੋਂ ਜਨਰਲ ਡਾਇਰ ਪਾਗਲ ਹੋ ਕੇ ਮਰਿਆ ਤਾਂ ਊਧਮ ਸਿੰਘ ਨੂੰ ਬਹੁਤ ਵੱਡਾ ਪਛਤਾਵਾ ਹੋਇਆ ਪਰ ਉਸ ਨੂੰ ਮਾਈਕਲ ਓਡਵਾਇਰ ਦੇ ਨੇੜੇ ਰਹਿਣ ਦਾ ਮੌਕਾ ਮਿਲਿਆ। ਕਈ ਵਾਰ ਓਡਵਾਇਰ ਨੂੰ ਮਾਰਨ ਦਾ ਮੌਕਾ ਵੀ ਮਿਲਿਆ ਪਰ ਉਸ ਨੇ ਇਹ ਮੌਕੇ ਹੱਥੋਂ ਇਸ ਲਈ ਲੰਘਾਏ ਕਿ ਲੋਕ ਇਸ ਤਰ੍ਹਾਂ ਸੋਚਣ ਲਈ ਮਜਬੂਰ ਹੋਣਗੇ ਕਿ ਉਸ ਨੇ ਨਮਕ ਹਰਾਮ ਕੀਤਾ ਹੈ। ਉਹ ਚਾਹੁੰਦਾ ਸੀ ਕਿ ਦੁਨੀਆ ਨੂੰ ਇਸ ਤਰ੍ਹਾਂ ਪਤਾ ਲੱਗੇ ਕਿ ਪਾਪੀ ਨੂੰ ਜੱਲ੍ਹਿਆਂਵਾਲੇ ਬਾਗ ਦੀ ਸਜ਼ਾ ਮੌਤ ਮਿਲੀ ਹੈ। ਪਾਪੀ ਤੋਂ ਬਦਲਾ ਲੈਣ ਦਾ ਸਮਾਂ ਤਾਂ ਭਾਵੇ ਅੱਗੇ ਹੀ ਅੱਗੇ ਤੁਰਿਆ ਜਾ ਰਿਹਾ ਸੀ। ਹਜ਼ਾਰਾਂ ਦਿਨ, ਸੈਂਕੜੇ ਮਹੀਨੇ ਅਤੇ ਕਈ ਸਾਲ ਬੀਤਦੇ ਜਾ ਰਹੇ ਸਨ ਪਰ ਊਧਮ ਸਿੰਘ ਨੂੰ 13 ਅਪਰੈਲ 1919 ਦੀ ਦਿਲ ਦਹਿਲਾਉਣ ਵਾਲੀ ਖ਼ੂਨੀ ਘਟਨਾ ਹਮੇਸ਼ਾ ਤਾਜ਼ੀ ਹੀ ਲੱਗਦੀ ਸੀ।
13 ਮਾਰਚ 1940 ਨੂੰ ਸ਼ਾਮ ਦੇ ਤਿੰਨ ਵਜੇ ਕੈਕਸਟਨ ਹਾਲ ’ਚ ਰੱਖੀ ਗਈ ਮੀਟਿੰਗ ਵਿੱਚ ਅਫਗਾਨਿਸਤਾਨ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਹੋ ਰਿਹਾ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈੱਟਲੈਂਡ ਕਰ ਰਿਹਾ ਸੀ। ਸਰ ਮਾਈਕਲ ਓਡਵਾਇਰ ਵੀ ਮੌਕੇ ’ਤੇ ਸ਼ਾਮਲ ਸੀ। ਇਸ ਮੌਕੇ ਲਗਪਗ ਡੇਢ ਸੌ ਲੋਕ ਮੀਟਿੰਗ ਵਿੱਚ ਹਾਜ਼ਰ ਸਨ ਤੇ ਹਾਲ ’ਚ ਬੈਠਣ ਲਈ ਕੁੱਲ ਸੀਟਾਂ 130 ਸਨ। ਬਾਕੀ ਲੋਕ ਕੰਧਾਂ ਨਾਲ ਖੜ੍ਹੇ ਸਨ। ਊਧਮ ਸਿੰਘ ਸੱਜੇ ਪਾਸੇ ਵਾਲੀ ਪਹਿਲੀ ਲਾਈਨ ਦੇ ਬਿਲਕੁਲ ਨੇੜੇ ਹੋਰ ਲੋਕਾਂ ਵਿੱਚ ਖੜ੍ਹਾ ਸੀ।
ਦੂਸਰੇ ਬੁਲਾਰਿਆਂ ਤੋਂ ਬਾਅਦ ਜਦੋਂ ਓਡਵਾਇਰ ਭਾਸ਼ਣ ਦੇ ਕੇ ਹਟਿਆ ਤਾਂ ਸੱਜੇ ਪਾਸੇ ਖੜ੍ਹੇ ਊਧਮ ਸਿੰਘ ਨੇ ਪਿਸਟਲ ਕੱਢਿਆ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਮਾਈਕਲ ਓਡਵਾਇਰ ਦੀ ਛਾਤੀ ’ਚ ਲੱਗੀਆਂ ਤੇ ਉਹ ਉਥੇ ਹੀ ਢੇਰੀ ਹੋ ਗਿਆ। ਲਾਰਡ ਲੈਮਿੰਗਟਨ, ਲਾਰਡ ਜੈੱਟਲੈਂਡ, ਸਰ ਲੂਈਡੇਨ ਵੀ ਜ਼ਖ਼ਮੀ ਹੋ ਗਏ। ਹਾਲ ਵਿੱਚ ਹਫੜਾ-ਦਫੜੀ ਮਚ ਗਈ। ਊਧਮ ਸਿੰਘ ਭੱਜਿਆ ਨਹੀਂ ਸਗੋਂ ਮੌਕੇ ’ਤੇ ਗ੍ਰਿਫਤਾਰੀ ਦੇ ਦਿੱਤੀ। ਕੁਝ ਹੀ ਸਮੇਂ ’ਚ ਖ਼ਬਰ ਪੂਰੀ ਦੁਨੀਆ ’ਚ ਪਹੁੰਚ ਗਈ। ਊਧਮ ਸਿੰਘ ਨੂੰ ਇਸ ਕੇਸ ਵਿੱਚ ਬਰਿਕਸਟਨ ਜੇਲ੍ਹ ਭੇਜ ਦਿੱਤਾ ਗਿਆ। ਮੁਕੱਦਮਾ ਚੱਲਿਆ ਤੇ ਅਖੀਰ 31 ਜੁਲਾਈ 1940 ਨੂੰ ਸਵੇਰੇ 9 ਵਜੇ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ। ਉਸ ਸਿੰਘ ਦੀਆਂ ਅਸਥੀਆਂ ਵੀ ਜੇਲ੍ਹ ਵਿੱਚ ਹੀ ਦਫਨਾਈਆਂ ਗਈਆਂ। ਸ਼ਹੀਦ ਊਧਮ ਸਿੰਘ ਦਾ ਨਾਂ ਰਹਿੰਦੀ ਦੁਨੀਆ ਤੱਕ ਧਰੂ ਤਾਰੇ ਵਾਂਗ ਚਮਕਦਾ ਰਹੇਗਾ।
ਸੰਪਰਕ: 97792-97682