ਅਮੀਰ ਦਿਲ ਵਾਲਾ ਰਾਜੂ ਕਬਾੜੀਆ
ਡਾ. ਗੁਰਸੇਵਕ ਲੰਬੀ
ਮੈਂ ਉਸ ਨੂੰ ਆਪਣੇ ਪਿੰਡ ਵਿੱਚ ਉਦੋਂ ਤੋਂ ਦੇਖ ਰਿਹਾ ਜਦੋਂ ਤੋਂ ਮੇਰੀ ਸੁਰਤ ਸੰਭਲੀ ਹੈ। ਉਹਦਾ ਅਸਲ ਨਾਂ ਰਾਜਪਾਲ ਹੈ ਤੇ ਛੋਟਾ ਨਾਮ ਰਾਜੂ। ਪਿਛਲੇ ਚਾਲੀ-ਪੰਤਾਲੀ ਵਰ੍ਹਿਆਂ ਤੋਂ ਸਾਡੇ ਪਿੰਡ ਉਹ ਕਬਾੜ ਖਰੀਦਣ ਆਉਂਦਾ ਹੈ। ਇਸ ਕਰਕੇ ਉਹਨੂੰ ਸਾਰਾ ਪਿੰਡ ‘ਰਾਜੂ ਕਬਾੜੀਆ’ ਦੇ ਨਾਂ ਨਾਲ ਜਾਣਦਾ ਹੈ। ਪਹਿਲਾਂ ਪਹਿਲ ਉਹ ਸਿਰਫ਼ ਕਬਾੜ ਹੀ ਖਰੀਦਦਾ ਸੀ, ਪਰ ਹੌਲੀ-ਹੌਲੀ ਉਸ ਨੇ ਆਪਣੇ ਸਾਈਕਲ ’ਤੇ ਘਰੇਲੂ ਵਰਤੋਂ ਦੀਆਂ ਵਸਤਾਂ ਵੀ ਟੰਗਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਸਾਬਣਦਾਨੀਆਂ, ਚਾਹਪੋਣੀਆਂ, ਸਟੀਲ ਦੇ ਛੋਟੇ-ਮੋਟੇ ਭਾਂਡੇ, ਛੋਟੇ ਡੋਲੂ-ਡੋਲਣੀਆਂ, ਚਾਕੂ, ਛੁਰੀਆਂ ਆਦਿ ਸਮੇਤ ਬੱਚਿਆਂ ਲਈ ਟੌਫੀਆਂ, ਮਿੱਠੀਆਂ ਗੋਲੀਆਂ, ਬਿਸਕੁਟ ਵੀ ਉਹ ਨਾਲ ਰੱਖਣ ਲੱਗ ਪਿਆ ਹੈ। ਪਿੰਡ ਦੀਆਂ ਔਰਤਾਂ ਉਹਨੂੰ ਥੋੜ੍ਹਾ ਬਹੁਤਾ ਕਬਾੜ ਦਾ ਸਮਾਨ ਦਿੰਦੀਆਂ ਤੇ ਬਦਲੇ ਵਿੱਚ ਉਹਤੋਂ ਘਰ ਵਰਤਣ ਵਾਲੀ ਕੋਈ ਚੀਜ਼ ਲੈ ਲੈਂਦੀਆਂ ਹਨ। ਇਉਂ ਦੋਵਾਂ ਧਿਰਾਂ ਦਾ ਲੈਣ-ਦੇਣ ਚੱਲਿਆ ਆਉਂਦਾ ਹੈ। ਉਸ ਨੂੰ ਵੇਚੇ ਗਏ ਕਬਾੜ ਦੇ ਪੈਸੇ ਜੇਕਰ ਵਧ ਬਣਦੇ ਹੋਣ ਤਾਂ ਉਹ ਝੱਟ ਦੇ ਦਿੰਦਾ ਹੈ, ਪਰ ਜੇ ਕਿਸੇ ਘਰ ਵੱਲ ਉਹਦੇ ਪੈਸੇ ਵਧਦੇ ਹਨ ਤਾਂ ਇੱਕ ਵਾਰੀ ਦੱਸ ਦਿੰਦਾ ਹੈ ਕਿ ਭਾਈ ਮੇਰੇ ਐਨੇ ਪੈਸੇ ਤੁਹਾਡੇ ਵੱਲ ਰਹਿ ਗਏ। ਦੂਜੀ ਵਾਰੀ ਮੰਗਦਾ ਨਹੀਂ। ਜੇ ਦੇ ਦਿੱਤੇ ਤਾਂ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ। ਵੈਸੇ ਉਹਦੇ ਪੈਸੇ ਰੱਖਦਾ ਵੀ ਕੋਈ ਨਹੀਂ। ਘਰਾਂ ਵਾਲੇ ਆਪਣੇ ਆਪ ਕੁਝ ਦਿਨ ਰੁਕ ਕੇ ਕੋਈ ਕਬਾੜ ਜਾਂ ਫਿਰ ਪੈਸੇ ਉਹਨੂੰ ਦੇ ਦਿੰਦੇ ਹਨ। ਇੰਝ ਉਹ ਨਾਂ ਦਾ ਭਾਵੇਂ ਰਾਜੂ ਕਬਾੜੀਆ ਹੈ, ਪਰ ਉਸ ਦਾ ਦਿਲ ਬਹੁਤ ਅਮੀਰ ਹੈ। ਉਹ ਆਪ ਆਖਦਾ ਹੈ, “ਮੇਰੇ ਪੈਸੇ ਕਦੇ ਕਿਸੇ ਨੇ ਦੱਬੇ ਨ੍ਹੀ, ਮੈਂ ਵੀ ਛੇਤੀ ਕੀਤਿਆਂ ਮੰਗਦਾ ਨ੍ਹੀਂ। ਜਦੋਂ ਹੋਣ ਲੋਕ ਆਪੇ ਦੇ ਦਿੰਦੇ ਨੇ... ਮੈਂ ਕੋਈ ਭੁੱਖਾ ਥੋੜ੍ਹਾ ਈ ਮਰਨ ਲੱਗਿਆ? ਲੰਬੀ ਪਿੰਡ ਮੇਰਾ ਪਰਿਵਾਰ ਆ, ਚਾਲੀ ਪੰਤਾਲੀ ਵਰ੍ਹੇ ਹੋਗੇ ਮੈਨੂੰ ਇਥੇ ਆਉਂਦੇ ਨੂੰ, ਬੱਚਾ-ਬੱਚਾ ਤਾਂ ਮੈਨੂੰ ਜਾਣਦਾ।” ਬਿਲਕੁਲ ਰਾਜੂ ਨੂੰ ਸਾਡੇ ਪਿੰਡ ਦਾ ਬੱਚਾ ਬੱਚਾ ਜਾਣਦਾ।
ਸਾਨੂੰ ਕਦੇ ਕਦੇ ਉਹ ਸਾਡਾ ਚਾਚਾ ਤਾਇਆ ਹੀ ਲੱਗਦਾ ਹੈ। ਮੈਂ ਨਿੱਕੇ ਹੁੰਦੇ ਦੇਖਦਾ ਸਾਂ। ਜਦੋਂ ਉਹ ਸਾਡੀ ਗਲੀ ਵਿੱਚੋਂ ਲੰਘਦਾ ਤਾਂ ਭਾਪੇ ਨਾਲ ਕਿੰਨੀਆਂ ਗੱਲਾਂ ਕਰਦਾ। ਸਭ ਦਾ ਦੁੱਖ-ਸੁੱਖ ਪੁਛਦਾ। ਮੇਰਾ ਭਾਪਾ ਆਪ ਕਿਸੇ ਵੇਲੇ ਕਬਾੜ ਖਰੀਦਦਾ-ਵੇਚਦਾ ਰਿਹਾ ਹੈ। ਇਉਂ ਕਿੱਤੇ ਪੱਖੋਂ ਵੀ ਦੋਵਾਂ ਦੀ ਸਾਂਝ ਇਨ੍ਹਾਂ ਨੂੰ ਹੋਰ ਨੇੜੇ ਕਰ ਦਿੰਦੀ ਸੀ। ਉਹ ਆਉਂਦਾ, ਸਾਡੇ ਘਰੇ ਚਾਹ ਜ਼ਰੂਰ ਪੀ ਕੇ ਜਾਂਦਾ। ਕਿੰਨਾ ਚਿਰ ਬੈਠਾ ਰਹਿੰਦਾ। ਸਾਨੂੰ ਜਵਾਕਾਂ ਨੂੰ ਵੀ ਰਾਜੂ ਦੀ ਉਡੀਕ ਰਹਿੰਦੀ। ਅਸੀਂ ਜੰਗਾਲ ਖਾਧੇ ਲੋਹੇ ਦੀ ਕੋਈ ਕਿੱਲ-ਪੱਤਰੀ ਲੈ ਕੇ ਉਹਦੇ ਦੁਆਲੇ ਖੜ੍ਹ ਜਾਂਦੇ, ਉਹ ਸਾਨੂੰ ਟੌਫੀਆਂ ਦਿੰਦਾ, ਕਦੇ-ਕਦੇ ਬਿਨਾਂ ਕਬਾੜ ਦਿੱਤਿਆਂ ਵੀ ਉਹ ਸਾਨੂੰ ਕੁਝ ਨਾ ਕੁਝ ਜ਼ਰੂਰ ਦੇ ਦਿੰਦਾ। ਅਸੀਂ ਉਸ ਤੋਂ ਖਾਣ ਦੀਆਂ ਚੀਜ਼ਾਂ ਫੜ ਗਲੀ ’ਚ ਦੌੜ ਜਾਂਦੇ, ਛਾਲਾਂ ਲਾਉਂਦੇ। ਰਾਜੂ ਦੀ ਮੁਸਕਾਨ ਦੂਰ ਤੱਕ ਸਾਡੇ ਨਾਲ ਨਾਲ ਭੱਜੀ ਜਾਂਦੀ। ਸਾਡੇ ਨਾਲੋਂ ਦੁੱਗਣੀ ਖ਼ੁਸ਼ੀ ਉਹਦੇ ਚਿਹਰੇ ’ਤੇ ਹੁੰਦੀ ਸੀ। ਉਹਦੀਆਂ ਟੌਫੀਆਂ, ਬਿਸਕੁਟ ਕਿੰਨੇ ਮਿੱਠੇ ਹੁੰਦੇ ਸਨ। ਬਿਲਕੁਲ ਉਹਦੇ ਸੁਭਾਅ ਵਰਗੇ। ਹੁਣ ਮੈਂ ਵੱਡਾ ਹੋ ਕੇ ਜਦੋਂ ਉਨ੍ਹਾਂ ਦਿਨਾਂ ਬਾਰੇ ਸੋਚਦਾ ਹਾਂ ਤਾਂ ਮੈਨੂੰ ਰਾਜੂ ਕਦੇ ਕਦੇ ਸੈਂਟਾ ਕਲਾਜ਼ ਲੱਗਣ ਲੱਗ ਜਾਂਦਾ, ਜੀਹਦੀ ਸਾਈਕਲ ਦੀ ਟੋਕਰੀ ਵਿੱਚ ਸਾਡੇ ਲਈ ਕਿੰਨਾ ਕੁਝ ਹੁੰਦਾ ਸੀ। ਉਹ ਟੋਕਰੀ ਵਿੱਚੋਂ ਮੁੱਠਾਂ ਭਰ ਭਰ ਸਾਡੀ ਝੋਲੀ ਭਰ ਦਿੰਦਾ ਸੀ। ਉਹ ਕਦੇ ਕਿਸੇ ਬੱਚੇ ਨੂੰ ਖਾਲੀ ਨਹੀਂ ਸੀ ਮੋੜਦਾ। ਉਹਦੇ ਸੁਭਾਅ ਵਿੱਚ ਰੱਜ ਹੈ। ਇਹੀ ਰੱਜ ਉਹ ਸਾਡੇ ਲਿਬੜੇ ਕੁੜਤਿਆਂ ਦੀ ਜੇਬ ’ਚ ਪਾ ਦਿੰਦਾ ਸੀ।
ਰਾਜੂ ਮੂਲ ਰੂਪ ਵਿੱਚ ਪਾਣੀਪਤ ਨੇੜੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ। ਉਹਦਾ ਟੱਬਰ 1960 ਦੇ ਨੇੜ-ਤੇੜ ਪਿੰਡ ਦੱਲੂਵਾਲਾ ਨੇੜੇ ਮੋਗਾ ਵਿਖੇ ਆ ਕੇ ਵਸ ਗਿਆ। ਉਹਦੇ ਦੋ ਭਰਾ ਹੋਰ ਸਨ। ਦੋ ਛੋਟੀਆਂ ਭੈਣਾਂ ਸਮੇਤ ਉਹ ਪੰਜ ਭੈਣ ਭਰਾ ਸਨ। ਵਿਆਹ ਉਪਰੰਤ ਰਾਜੂ ਆਪਣੇ ਪਰਿਵਾਰ ਸਮੇਤ ਮਲੋਟ ਮੰਡੀ ਆ ਗਿਆ। ਪਰਿਵਾਰ ਵਿੱਚ ਉਹਦੀ ਪਤਨੀ ਤੇ ਦੋ ਬੱਚੇ ਮੁੰਡਾ ਤੇ ਕੁੜੀ ਸਨ। ਪਤਨੀ ਦੀ ਪਿਛਲੇ ਸਮਿਆਂ ਵਿੱਚ ਮੌਤ ਹੋ ਗਈ। ਮੁੰਡਾ ਕੁੜੀ ਵਿਆਹੇ ਹੋਏ ਹਨ। ਮੁੰਡੇ ਨਾਲ ਉਹਦੀ ਬਣਦੀ ਨਹੀਂ ਤੇ ਅੱਜਕੱਲ੍ਹ ਰਾਜੂ ਮਲੋਟ ਇਕੱਲਾ ਹੀ ਆਪਣੇ ਘਰ ਵਿੱਚ ਰਹਿੰਦਾ ਹੈ। 1978 ਦੇ ਨੇੜ-ਤੇੜ ਉਹਨੇ ਕਬਾੜ ਖਰੀਦਣ -ਵੇਚਣ ਦਾ ਕੰਮ ਆਰੰਭਿਆ। ਪੰਜ ਛੇ ਸਾਲ ਰੱਜ ਕੇ ਮਿਹਨਤ ਕੀਤੀ। ਫਿਰ ਉਸ ਨੂੰ ਉਹਦੇ ਪਿੰਡ ਨੇ ਆਵਾਜ਼ ਮਾਰ ਲਈ। ਉਹ 1986 ਵਿੱਚ ਵਾਪਸ ਪਾਣੀਪਤ ਚਲਾ ਗਿਆ। ਤਿੰਨ ਵਰ੍ਹੇ ਉੱਥੇ ਰਿਹਾ, ਪਰ ਉੱਥੇ ਉਹਦਾ ਜੀਅ ਨਾ ਲੱਗਾ। ਨਾ ਹੀ ਢੰਗ ਦਾ ਕੋਈ ਕੰਮ ਮਿਲਿਆ। 1989 ਵਿੱਚ ਫਿਰ ਉਹ ਵਾਪਸ ਮਲੋਟ ਆ ਗਿਆ ਤੇ ਆਪਣੇ ਪੁਰਾਣੇ ਕੰਮ ਲੱਗ ਗਿਆ। 1991 ਵਿੱਚ ਉਸ ਨੇ ਮੋਟਰ ਸਾਈਕਲ ਵੀ ਲੈ ਲਿਆ ਸੀ, ਪਰ ਉਹਦੇ ਠੰਢੇ ਸੁਭਾਅ ਨੂੰ ਮੋਟਰਸਾਈਕਲ ਦੀ ਤੇਜ਼ੀ ਰਾਸ ਨਾ ਆਈ। ਉਸ ਨੇ ਛੇਤੀ ਮੋਟਰਸਾਈਕਲ ਵੇਚ ਦਿੱਤਾ। ਉਹਨੇ ਸਾਈਕਲ ਨੂੰ ਹੀ ਤਰਜੀਹ ਦਿੱਤੀ। ਉਹ ਕਹਿੰਦਾ, ‘‘ਮੋਟਰਸਾਈਕਲ ਨੇ ਤਾਂ ਮੇਰੇ ਮਨ ਦੀ ਸ਼ਾਂਤੀ ਈ ਭੰਗ ਕਰ ਦਿੱਤੀ ਸੀ... ਭੱਜਦਾ ਈ ਬਾਹਲਾ ਸੀ।’’
ਰਾਜੂ ਪੰਜ ਛੇ ਪੜ੍ਹਿਆ ਹੈ, ਵਹੀ ’ਤੇ ਲੈਣ-ਦੇਣ ਲਿਖ ਲੈਂਦਾ ਹੈ ਜੋ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਸਮਝ ਨਹੀਂ ਆਉਂਦਾ। ਉਹ ਕਹਿੰਦਾ, “ਇਹ ਮੇਰੀ ਪੰਜਾਬੀ ਆ... ਲੰਡੇ ਅੱਖਰਾਂ ਵਾਲੀ ਪੰਜਾਬੀ... ਇਸ ਨੂੰ ਸਿਰਫ਼ ਮੈਂ ਹੀ ਸਮਝ ਸਕਦਾ ਹਾਂ।” ਇਹ ਕਹਿ ਕੇ ਰਾਜੂ ਹੱਸ ਪੈਂਦਾ ਹੈ।
ਰਾਜੂ ਜਾਤ ਦਾ ਅਰੋੜਾ-ਮਹਾਜਨ ਹੈ ਜਿਸਦਾ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਵਿਸ਼ਵਾਸ ਹੈ। ਉਹ ਸਵੇਰੇ ਉੱਠ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਆਪਣਾ ਦਿਨ ਆਰੰਭ ਕਰਦਾ ਹੈ। ਉਹ ਕਹਿੰਦਾ ਹੈ, “ਸਵੇਰ ਦੀ ਸ਼ਾਂਤੀ ਚੰਗੀ ਲਗਦੀ ਹੈ। ਰੱਬ ਦਾ ਨਾਮ ਜ਼ਰੂਰ ਲੈਂਦਾ ਹਾਂ, ਪਰ ਮੈਂ ਲੋਕ ਵਿਖਾਵਾ ਨ੍ਹੀਂ ਕਰਦਾ।”
ਰਾਜੂ ਹੁਣ ਪੱਗ ਨਹੀਂ ਬੰਨ੍ਹਦਾ, ਦਾੜ੍ਹੀ ਵੀ ਕੱਟ ਕੇ ਰੱਖਦਾ ਹੈ। ਕਦੇ ਕਿਸੇ ਵੇਲੇ ਰਾਜੂ ਨੇ ਦਾਹੜੀ ਰੱਖੀ ਹੋਈ ਸੀ। ਦਸਤਾਰ ਨਹੀਂ, ਪਰ ਪਰਨਾ ਜ਼ਰੂਰ ਬੰਨ੍ਹਦਾ ਸੀ। ਉਹ ਕਹਿੰਦਾ ਹੈ, “ਬਸ ਮੈਥੋਂ ਗ਼ਲਤੀ ਹੋ ਗਈ ਕਿ ਮੈਂ ਉਦੋਂ ਅੰਮ੍ਰਿਤ ਨਾ ਛਕਿਆ, ਨਹੀਂ ਤਾਂ ਮੈਂ ਦਾੜ੍ਹੀ ਨ੍ਹੀਂ ਕਟਵਾਉਣੀ ਸੀ।”
ਰਾਜੂ ਦੱਸਦਾ ਹੈ ਕਿ ਪਹਿਲਾਂ ਉਹ ਮਲੋਟ ਮੰਡੀ ਦੇ ਨਾਲ ਲੱਗਦੇ ਹੋਰ ਪਿੰਡਾਂ ਵਿੱਚ ਵੀ ਜਾਂਦਾ ਹੁੰਦਾ ਸੀ ਜਿਵੇਂ ਸਰਦਾਰਗੜ੍ਹ, ਤਰਖਾਣ ਵਾਲੀ, ਈਨਾ ਖੇੜਾ ਆਦਿ, ਪਰ 1990 ਤੋਂ ਬਾਅਦ ਤਾਂ ਉਹ ਲੰਬੀ ਪਿੰਡ ਦਾ ਹੀ ਹੋ ਕੇ ਰਹਿ ਗਿਆ। ਇਸ ਪਿੰਡ ਤੋਂ ਬਿਨਾਂ ਹੁਣ ਉਹ ਕਦੇ ਕਿਤੇ ਵੀ ਨਹੀਂ ਗਿਆ। ਪਹਿਲਾਂ ਪਹਿਲ ਉਹ ਸਾਡੇ ਪਿੰਡ ਇੱਕ ਅੱਧਾ ਦਿਨ ਛੱਡ ਕੇ ਆਉਂਦਾ ਸੀ, ਪਰ ਪਿਛਲੇ ਕਈ ਵਰ੍ਹਿਆਂ ਤੋਂ ਉਹ ਰੋਜ਼ਾਨਾ ਵਾਂਗ ਹੀ ਆਉਂਦਾ ਹੈ। ਰਾਜੂ ਜਦੋਂ ਜਵਾਨ ਸੀ ਤਾਂ ਮਲੋਟ ਤੋਂ ਸਾਈਕਲ ’ਤੇ ਆਉਂਦਾ। ਮਲੋਟੋਂ ਉਹ ਖਾਲੀ ਸਾਈਕਲ ਲਿਆਉਂਦਾ। ਸਾਡੇ ਪਿੰਡੋਂ ਕਬਾੜ ਖਰੀਦ ਕੇ ਹੌਸਲੇ ਦੇ ਪੈਡਲ ਮਾਰਦਾ ਉਹ ਘਰ ਪਰਤ ਜਾਂਦਾ। ਉਹ ਦੱਸਦਾ, “ਥੋਡੇ ਪਿੰਡ ਸੋਹਣੀ ਨਾਂ ਦਾ ਫ਼ੌਜੀ ਹੁੰਦਾ ਸੀ ਜੋ ਬਾਅਦ ’ਚ ਜੰਗਲਾਤ ਮਹਿਕਮੇ ’ਚ ਮਲੋਟ ਲੱਗਿਆ ਰਿਹਾ। ਉਹਦੀ ਮਲੋਟ ਰਾਤ ਦੀ ਡਿਊਟੀ ਹੁੰਦੀ... ਸਵੇਰੇ ਅਸੀਂ ’ਕੱਠੇ ਮਲੋਟੋਂ ਸਾਈਕਲ ਤੋਰਦੇ। ਇੱਕ ਦੂਜੇ ਨਾਲ ਜ਼ਿਦ-ਜ਼ਿਦ ਕੇ ਸਾਈਕਲ ਭਜਾਉਂਦੇ। ਪਰ ਹੁਣ ਮੇਰੇ ਦੋਵੇਂ ਗੋਡਿਆਂ ਦਾ ਅਪਰੇਸ਼ਨ ਹੋਇਆ।” ਰਾਜੂ ਨੇ ਹੁਣ ਸਾਈਕਲ ਸਿਰਫ਼ ਸਾਡੇ ਪਿੰਡ ਦੇ ਅੰਦਰ ਅੰਦਰ ਗੇੜਾ ਦੇਣ ਵਾਸਤੇ ਰੱਖਿਆ ਹੈ। ਉਹਦਾ ਮਲੋਟੋਂ ਆਉਣਾ ਜਾਣਾ ਬੱਸ ’ਤੇ ਹੈ। ਉਹ ਖ਼ੁਸ਼ ਹੋ ਕੇ ਦੱਸਦਾ ਹੈ, “ਓ ਭਾਈ ਮੇਰਾ ਕਿਹੜਾ ਕਿਰਾਇਆ ਲੱਗਦਾ, ਮੇਰੀ ਬਣੀ ੲ੍ਹੀ ਐਨੀ ਹੋਈ ਆ ਬੱਸਾਂ ਵਾਲੇ ਮੇਰੇ ਤੋਂ ਕਿਰਾਇਆ ਨ੍ਹੀਂ ਲੈਂਦੇ। ਮੈਂ ਹਰ ਬੰਦੇ ਨੂੰ ਪਿਆਰ ਨਾਲ ਬੋਲਦਾਂ ਹਾਂ। ਯਾਰ ਬੰਦਿਆਂ ਨਾਲ ਬਣਾਉਣੀ ਸਾਡੇ ਵੱਸ ਆ। ਜੇ ਤੁਸੀਂ ਕੌੜਾ ਬੋਲੋਂਗੇ, ਕੌਣ ਥੋਨੂੰ ਚੌਂਕੇ ਚੜ੍ਹਨ ਦੇਦੂ! ਮੇਰਾ ਸਭ ਨਾਲ ਪਿਆਰ ਆ।”
ਰਾਜੂ ਘਰ ਜਾ ਕੇ ਕਦੇ ਪੈਸੇ ਨਹੀਂ ਗਿਣਦਾ, ਜੋ ਬਣ ਜਾਂਦਾ ਹੈ ਬਸ ਠੀਕ ਹੈ, ਅੰਦਾਜ਼ਾ ਲਾ ਲੈਂਦਾ ਹੈ ਕਿ ਅੱਜ ਐਨੇ ਕੁ ਬਣ ਗਏ। ਉਹ ਇਸੇ ਵਿੱਚ ਖ਼ੁਸ਼ ਰਹਿੰਦਾ ਹੈ। ਉਸ ਅੰਦਰ ਕੋਈ ਭੁੱਖ ਨਹੀਂ। ਉਹ ਹੱਸਦਾ-ਹੱਸਦਾ ਗਲੀ-ਗਲੀ ਹੁੰਦਾ ਆਪਣੇ ਘਰ ਪਰਤ ਜਾਂਦਾ ਹੈ। ਮੈਂ ਉਸ ਨੂੰ ਕਿਸੇ ਨਾਲ ਤਲਖ਼ ਹੁੰਦੇ ਨਹੀਂ ਵੇਖਿਆ। ਤੁਸੀਂ ਉਸ ਨੂੰ ਕਬਾੜ ਵੇਚਣ ਜਾਓ, ਉਹ ਕਹੇਗਾ ਦਸ ਰੁਪਏ, ਤੁਸੀਂ ਕਹੋਗੇ ਮੈਂ ਤਾਂ ਬਾਰਾਂ ਰੁਪਏ ਲੈਣੇ ਹਨ ਤਾਂ ਉਹ ਝੱਟ ਤੁਹਾਡੀ ਤਲੀ ’ਤੇ ਬਾਰਾਂ ਰੁਪਏ ਧਰ ਦਿੰਦਾ ਹੈ। ਜਿੰਨੇ ਕਹਿ ਦਿੱਤੇ... ਪਾਰ। ਉਹ ਹਿਸਾਬਾਂ-ਕਿਤਾਬਾਂ ਵਿੱਚ ਪੈਣ ਵਾਲਾ ਬੰਦਾ ਨਹੀਂ। ਉਹ ਸ਼ੁਰੂ ਤੋਂ ਹੀ ਇੱਦਾਂ ਦਾ ਹੈ। ਰਾਜੂ ਉਮਰ ਪੱਖੋਂ ਹੁਣ 70 ਨੂੰ ਢੁੱਕ ਚੁੱਕਾ ਹੈ। ਉਹਦਾ ਸਰੀਰ ਹੁਣ ਅੱਗੇ ਨਾਲੋਂ ਕਮਜ਼ੋਰ ਹੋ ਗਿਆ ਹੈ। ਫਿਰ ਵੀ ਉਹ ਹੌਸਲੇ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਉਹ ਕਹਿੰਦਾ ਹੈ, “ਹੁਣ ਭਾਰ ਚੱਕਿਆ ਨ੍ਹੀਂ ਜਾਂਦਾ। ਗੋਡੇ ਦੁਖੀ ਕਰਦੇ ਹਨ, ਪ੍ਰੇਸ਼ਨ ਤਾਂ ਕਰਾਇਆ, ਪਰ ਉਹ ਗੱਲ ਕਿੱਥੇ ਬਣਦੀ ਆ... ਬੱਸਾਂ ’ਤੇ ਭਾਰ ਢੋਹਣਾ ਕਿਹੜਾ ਸੌਖਾ...। ਬਸ ਨਿੱਕਾ-ਮੋਟਾ ਸਮਾਨ ਖਰੀਦ ਵੇਚ ਲਈਦਾ ਹੈ।’’ ਅੱਜਕੱਲ੍ਹ ਉਹ ਭਾਰੀ ਕਬਾੜ ਘੱਟ ਹੀ ਖਰੀਦਦਾ ਹੈ।
ਰਾਜੂ ਨੂੰ ਜਦੋਂ ਪੁੱਛੋ ਕਿ ਐਨੇ ਵਰ੍ਹਿਆਂ ਵਿੱਚ ਲੋਕਾਂ ’ਚ ਕੀ ਬਦਲਿਆ ਤਾਂ ਉਹ ਦੱਸਦਾ ਹੈ ਕਿ ਸਮੇਂ ਦੇ ਨਾਲ ਲੋਕ ਬਹੁਤ ਬਦਲ ਗਏ ਹਨ। ਪਹਿਲਾਂ ਲੋਕਾਂ ਵਿੱਚ ਠਰੰਮਾ ਸੀ, ਪਿਆਰ ਸੀ, ਲੋਕ ਲੈਣ ਦੇਣ ਦੇ ਪੱਕੇ ਸਨ। ਹੁਣ ਲੋਕ ਗਲ ਨੂੰ ਆਉਂਦੇ ਨੇ, ਕੁਝ ਆਖੋ ਤਾਂ ਸਹਿੰਦੇ ਨਹੀਂ। ਪਹਿਲਾਂ ਲੋਕ ਖਰਾ ਸੋਨਾ ਸਨ ਹੁਣ ਤਾਂ ਕਬਾੜ ਵਰਗੇ ਹੋ ਗਏ ਪਤਾ ਨਹੀਂ ਕਿੱਥੋਂ ਝਰ ਜਾਣ, ਕਿੱਥੋਂ ਫਿਸ ਪੈਣ। ਲੋਕ ਹੁਣ ਸਸਤੇ ਹੋ ਗਏ ਹਨ, ਇੱਜ਼ਤ ਪੱਖੋਂ ਵੀ ਤੇ ਸੁਭਾਅ ਪੱਖੋਂ ਵੀ। ਇਉਂ ਰਾਜੂ ਆਪਣੀ ਜ਼ਿੰਦਗੀ ਵਿੱਚ ਹੰਢਾਏ ਸੱਚ ਦੀਆਂ ਗੱਲਾਂ ਕਰਦਾ ਹੈ।
ਹਰ ਬੰਦੇ ਵਾਂਗ ਰਾਜੂ ਦੀ ਜ਼ਿੰਦਗੀ ਵਿੱਚ ਵੀ ਬਥੇਰੀ ਉਥਲ-ਪੁਥਲ ਹੋਈ ਪਰ ਉਸ ਨੇ ਕਦੇ ਵੀ ਆਪਣੇ ਮਨ ਦੀ ਸ਼ਾਂਤੀ ਨਹੀਂ ਗਵਾਈ। ਉਹ ਅੱਜ ਵੀ ਸ਼ਾਂਤ ਜ਼ਿੰਦਗੀ ਜਿਉਂਦਾ ਹੈ। ਪਤਨੀ ਛੇਤੀ ਸਾਥ ਛੱਡ ਗਈ ਤਾਂ ਉਹ ਡੋਲਿਆ ਨਹੀਂ, ਮੁੰਡਾ ਠੀਕ ਨਹੀਂ ਨਿਕਲਿਆ ਤਾਂ ਉਹ ਘਬਰਾਇਆ ਨਹੀਂ। ਉਹ ਆਪਣੀ ਰੋਟੀ ਆਪ ਕਮਾਉਂਦਾ, ਪਕਾਉਂਦਾ ਤੇ ਖਾਂਦਾ ਹੈ। ਉਹ ਦਿਨ ਭਰ ਹੱਡ ਭੰਨਵੀਂ ਮਿਹਨਤ ਕਰਦਾ ਹੈ। ਘਰ ਪਰਤ ਕੇ ਵੀ ਉਹ ਨਿਸਲ ਨਹੀਂ ਹੁੰਦਾ। ਉਹਨੂੰ ਸਫਾਈ ਬਹੁਤ ਪਸੰਦ ਹੈ। ਸਵੇਰੇ ਸ਼ਾਮ ਘਰ ਦੀ ਸਫਾਈ ਕਰਦਾ, ਗੰਦਗੀ ਉਸਨੂੰ ਚੰਗੀ ਨਹੀਂ ਲੱਗਦੀ। ਉਹ ਸੁੱਚੀ ਕਿਰਤ ਕਰਦਾ ਹੈ ਉਹ ਭਾਵੇਂ ਵਰ੍ਹਿਆਂ ਤੋਂ ਕਬਾੜ ਖਰੀਦ ਵੇਚ ਰਿਹਾ ਹੈ, ਪਰ ਉਹ ਦਿਲ ਦਾ ਬਹੁਤ ਅਮੀਰ ਹੈ।
ਸੰਪਰਕ: 99141-50353