ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਾਂਤੀਕਾਰੀ ਰਹਬਿਰ

06:28 AM Feb 24, 2024 IST

ਡਾ. ਅਮਨਦੀਪ ਸਿੰਘ ਟੱਲੇਵਾਲੀਆ

Advertisement

ਭਗਤ ਰਵਿਦਾਸ ਜੀ ਦਾ ਜਨਮ ਅਜਿਹੇ ਸਮੇਂ ਹੋਇਆ ਜਦੋਂ ਸਮਾਜ ਜਾਤਾਂ-ਪਾਤਾਂ ’ਚ ਉਲਝਿਆ ਹੋਇਆ ਸੀ। ਉਸ ਸਮੇਂ ਬ੍ਰਾਹਮਣਵਾਦੀ ਵਿਚਾਰਧਾਰਾ ਖਿਲਾਫ ਲਹਿਰ ਚੱਲੀ ਜਿਸ ਨੂੰ ਭਗਤੀ ਲਹਿਰ ਦਾ ਨਾਂ ਦਿੱਤਾ ਗਿਆ। ਇਤਫ਼ਾਕ ਵਸ ਇਸ ਲਹਿਰ ਦਾ ਮੁੱਢ ਉਤਰੀ ਭਾਰਤ ਵਿੱਚ ਬਨਾਰਸ ਤੋਂ ਬੱਝਾ, ਉਹ ਬਨਾਰਸ ਜੋ ਬ੍ਰਾਹਮਣਵਾਦੀ ਅੰਦੋਲਨ ਅਤੇ ਸੱਭਿਆਚਾਰ ਦਾ ਕੇਂਦਰ ਸੀ। ਇਸ ਲਹਿਰ ਦੇ ਦੋ ਮੁੱਖ ਨੇਤਾ ਭਗਤ ਕਬੀਰ ਅਤੇ ਭਗਤ ਰਵਿਦਾਸ ਜੀ ਜੋ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਿਤ ਸਨ, ਨੇ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਚੁਣੌਤੀ ਦਿੱਤੀ। ਇਸ ਲਹਿਰ ਨੇ ਨੀਚ ਸਮਝੀਆਂ ਜਾਂਦੀਆਂ ਜਾਤੀਆਂ ਦੇ ਲੋਕਾਂ ਨੂੰ ਅਣਖ ਅਤੇ ਸਵੈਮਾਣ ਨਾਲ ਜਿਊਣ ਦਾ ਪਾਠ ਪੜ੍ਹਾਇਆ ਅਤੇ ਲੋਕਾਈ ਵਿੱਚ ਇਹ ਦ੍ਰਿੜ ਕਰਵਾਇਆ ਕਿ ਕੋਈ ਵੀ ਮਨੁੱਖ ਆਪਣੇ ਕੰਮਾਂ-ਕਾਰਾਂ ਕਰ ਕੇ ਛੋਟਾ-ਵੱਡਾ ਨਹੀਂ ਹੁੰਦਾ। ਭਗਤ ਰਵਿਦਾਸ ਜੀ ਨੇ ਕਦੇ ਵੀ ਆਪਣੇ ਆਪ ਨੂੰ ਜਾਂ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਕਿਤੇ ਲੁਕਾਉਣ ਦਾ ਯਤਨ ਨਹੀਂ ਕੀਤਾ: ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
ਭਗਤ ਰਵਿਦਾਸ ਜੀ ਦੇ ਜਨਮ ਬਾਰੇ ਇਤਿਹਾਸਕਾਰ ਇਕ ਮੱਤ ਨਹੀਂ, ਫਿਰ ਵੀ ਬਹੁਤ ਇਤਿਹਾਸਕਾਰ ਆਪ ਜੀ ਦਾ ਜਨਮ ਮਾਘ ਸੁਦੀ 15 ਸੰਮਤ 1633 ਮੰਨਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ ਹਨ। ਉਨ੍ਹਾਂ ਦੀ ਬਾਣੀ ਵਿੱਚ ਹਰੀ ਦੇ ਨਾਮ ਦੀ ਉਸਤਤਿ ਤਾਂ ਕੀਤੀ ਹੀ ਹੈ; ਨਾਲ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣ, ਹਉਮੈ ਤਿਆਗ ਕੇ ਪਰਮਾਤਮਾ ਨਾਲ ਇਕ ਮਿਕ ਹੋ ਜਾਣ ਲਈ ਪ੍ਰੇਰਿਆ ਗਿਆ ਹੈ। ਉਨ੍ਹਾਂ ਪੱਥਰ ਦੇ ਠਾਕਰ ਅਤੇ ਦੇਵਤਿਆਂ ਨੂੰ ਖੁਸ਼ ਕਰਨ ਲਈ ਚੜ੍ਹਾਈ ਜਾਣ ਵਾਲੀ ਸਮੱਗਰੀ ਉਪਰ ਵਿਅੰਗ ਕਸਦਿਆਂ ਲਿਖਿਆ ਹੈ: ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥ ਅਵਰੁ ਨ ਫੂਲੁ ਅਨੂਪ ਨ ਪਾਵਉ॥
ਉਨ੍ਹਾਂ ਆਪਣੀ ਬਾਣੀ ਵਿੱਚ ਅਜਿਹੇ ਸ਼ਹਿਰ ਦਾ ਸੁਫ਼ਨਾ ਲਿਆ ਹੈ ਜਿਸ ਵਿੱਚ ਕਿਸੇ ਨੂੰ ਕੋਈ ਦੁੱਖ ਤਕਲੀਫ਼ ਨਹੀਂ ਹੋਵੇਗਾ, ਨਾਗਰਿਕਾਂ ਦੇ ਜਾਨ ਮਾਲ ਦੀ ਗਾਰੰਟੀ ਹੋਵੇ, ਰਾਜ ਸ਼ਕਤੀਸ਼ਾਲੀ ਹੋਵੇ ਅਤੇ ਉਸ ਨੂੰ ਕਿਸੇ ਅੰਦਰੂਨੀ ਜਾਂ ਬਾਹਰੀ ਖ਼ਤਰੇ ਦਾ ਡਰ ਨਾ ਹੋਵੇ: ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥ ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥ ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ ਏਕ ਸੋ ਆਹੀ॥ ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥
ਰਵਿਦਾਸ ਬਾਣੀ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਕ ਵਿਸ਼ਿਆਂ ਉਪਰ ਚਾਨਣਾ ਪਾਇਆ ਗਿਆ ਹੈ। ਰਵਿਦਾਸ ਬਾਣੀ ਸਿੱਖ ਸਿਧਾਤਾਂ ਦੇ ਅਨੁਕੂਲ ਹੋਣ ਕਰ ਕੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵੇਲੇ ਉਨ੍ਹਾਂ ਦੀ ਬਾਣੀ ਨੂੰ ਉਚੇਚਾ ਥਾਂ ਦਿੱਤਾ। ਦੁਨੀਆ ਵਿੱਚ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਜਿਹਾ ਗ੍ਰੰਥ ਹੈ ਜਿਸ ਵਿੱਚ ਗੁਰੂਆਂ ਦੀ ਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਵੀ ਦਰਜ ਹੈ। ਕਬੀਰ, ਰਵਿਦਾਸ, ਨਾਮਦੇਵ ਅਤੇ ਸਿੱਖ ਸਿਧਾਂਤ ਅਜਿਹੇ ਸਮਾਜ ਦੀ ਸਿਰਜਣਾ ਦੇ ਹਾਮੀ ਹਨ ਜੋ ਹਰ ਧਰਮ ਦੇ ਸਰਮਾਏਦਾਰੀ ਸੋਚ ਵਾਲੇ ਲੋਕਾਂ ਨੂੰ ਰਾਸ ਨਹੀਂ ਆ ਰਹੇ; ਉਹ ਹਰ ਵੇਲੇ ਅਜਿਹੇ ਮੌਕੇ ਦੀ ਤਾਕ ਵਿੱਚ ਰਹਿੰਦੇ ਹਨ ਜਿਸ ਨਾਲ ਇਨ੍ਹਾਂ ਮਹਾਂਪੁਰਖਾਂ ਦੇ ਪੈਰੋਕਾਰਾਂ ਨੂੰ ਆਪਸ ਵਿੱਚ ਲੜਾਇਆ ਜਾਵੇ। ਭਗਤ ਰਵਿਦਾਸ ਜੀ ਨੇ ਦੱਬੇ ਕੁਚਲੇ ਅਤੇ ਲਤਾੜੇ ਜਾ ਰਹੇ ਵਰਗ ਅੰਦਰ ਚਾਨਣ ਦੀ ਕਿਰਨ ਜਗਾਈ। ਉਹ ਕ੍ਰਾਂਤੀਕਾਰੀ ਰਹਬਿਰ ਸਨ ਜਿਨ੍ਹਾਂ ਬਰਾਬਰੀ ਦਾ ਸੁਨੇਹਾ ਦਿੱਤਾ, ਪਖੰਡਾਂ ਵਿਰੁੱਧ ਜੰਗ ਵਿੱਢੀ ਅਤੇ ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲੈਣ ਦਾ ਯਤਨ ਕੀਤਾ। ਕੁਝ ਸੌੜੀ ਸੋਚ ਵਾਲੇ ਲੋਕ ਗੁਰੂ ਨਾਨਕ ਦੇ ਜੀ ਅਤੇ ਭਗਤ ਰਵਿਦਾਸ ਜੀ ਨੂੰ ਅਲੱਗ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੂੰ ਭਗਤ ਜਾਂ ਗੁਰੂ ਕਹਿਣ ਬਾਰੇ ਮਤਭੇਦ ਪ੍ਰਗਟ ਕੀਤੇ ਜਾ ਰਹੇ ਹਨ। ਸਾਨੂੰ ਅਜਿਹੀਆਂ ਵਲਗਣਾਂ ’ਚੋਂ ਨਿਕਲ ਕੇ ਰਵਿਦਾਸ ਭਗਤ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਦੁਨੀਆ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ।
ਸੰਪਰਕ: 98146-99446

Advertisement
Advertisement