ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਆਈ: ਮੀਤ ਹੇਅਰ
ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਸਤੰਬਰ
ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ, ਜਿਸ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਸੰਸਦ ਮੈਂਬਰ ਮੀਤ ਹੇਅਰ ਅੱਜ ਪਿੰਡ ਰਾਏਧੜਾਣਾ ਵਿੱਚ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਪਿੰਡ ਰਾਏਧੜਾਣਾ ਤੋਂ ਬਾਦਲਗੜ੍ਹ ਤੱਕ ਸੰਪਰਕ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਨੂੰ 18 ਫੁੱਟ ਚੌੜੀ ਕਰਨ ਲਈ 571.60 ਲੱਖ ਰੁਪਏ ਖਰਚ ਹੋਣਗੇ। ਮੀਤ ਹੇਅਰ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਬਾਰੇ ਕਿਹਾ ਕਿ ਹਰਿਆਣਾ ’ਚ ਆਮ ਆਦਮੀ ਪਾਰਟੀ ਸੱਤਾ ਵਿੱਚ ਆਵੇਗੀ ਕਿਉਂਕਿ ਹਰਿਆਣੇ ਦੇ ਲੋਕ ਆਮ ਆਦਮੀ ਪਾਰਟੀ ਦੇ ਦਿੱਲੀ ਅਤੇ ਪੰਜਾਬ ਮਾਡਲ ਨੂੰ ਪਸੰਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਆਈ ਕ੍ਰਾਂਤੀ ਇਤਿਹਾਸਕ ਹੈ ਜਿਸ ਨੂੰ ਸੁਨਹਿਰੇ ਪੰਨਿਆਂ ’ਤੇ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿਸਟਰੀ ਲਈ ਐੱਨਓਸੀ ਵਿੱਚ ਛੋਟ ਦੇ ਕੇ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ। ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਦਿਨ ਲੰਘ ਚੁੱਕੇ ਹਨ ਅਤੇ ਦੇਸ਼ ਵਾਸੀ ਭਾਜਪਾ ਤੋਂ ਨਫਰਤ ਕਰਨ ਲੱਗੇ ਹਨ, ਜਿਸ ਦੇ ਚੱਲਦੇ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਹੈ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਲਹਿਰਾਗਾਗਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡ ਰਹੇ। ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਵੱਖ-ਵੱਖ ਪਿੰਡਾਂ ਅੰਦਰ ਪੀਣ ਦੇ ਪਾਣੀ, ਪਾਣੀ ਦੀ ਨਿਕਾਸੀ ਅਤੇ ਹੋਰ ਸਮੱਸਿਆਵਾਂ ਨੂੰ ਵੀ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਓਐੱਸਡੀ ਰਾਕੇਸ਼ ਕੁਮਾਰ ਗੁਪਤਾ, ਮੰਡੀਕਰਨ ਬੋਰਡ ਦੇ ਚੀਫ ਇੰਜਨੀਅਰ ਜਤਿੰਦਰ ਸਿੰਘ ਭੰਗੂ, ਮਾਰਕੀਟ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਕੰਦਨੀ ਤੋਂ ਇਲਾਵਾ ਹੋਰ ਪਾਰਟੀ ਵਾਲੰਟੀਅਰ ਵੀ ਹਾਜ਼ਰ ਸਨ।