ਜਨਰਲ ਦੀ ਬਰਖ਼ਾਸਤਗੀ ਨਾਲ ਰੂਸੀ ਫ਼ੌਜ ’ਚ ਬਗ਼ਾਵਤੀ ਸੁਰਾਂ ਦਾ ਖ਼ੁਲਾਸਾ
ਮਾਸਕੋ, 13 ਜੁਲਾਈ
ਦੱਖਣੀ ਯੂਕਰੇਨ ’ਚ ਰੂਸੀ ਫ਼ੌਜ ਦੀ ਕਮਾਨ ਸੰਭਾਲਣ ਵਾਲੇ ਜਨਰਲ ਵੱਲੋਂ ਆਪਣੇ ਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਨ ’ਤੇ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਵੈਗਨਰ ਗਰੁੱਪ ਦੇ ਮੁਖੀ ਯੇਵਜੇਨੀ ਪ੍ਰਿਗੋਜ਼ਨਿ ਵੱਲੋਂ ਕੀਤੀ ਗਈ ਬਗ਼ਾਵਤ ਮਗਰੋਂ ਹੁਣ ਰੂਸੀ ਫ਼ੌਜ ’ਚ ਦਰਾਰ ਦਾ ਖ਼ੁਲਾਸਾ ਹੋਇਆ ਹੈ।
ਜ਼ਾਪੋਰਿਜ਼ੀਆ ਖ਼ਿੱਤੇ ’ਚ 58ਵੀਂ ਆਰਮੀ ਦੇ ਕਮਾਂਡਰ ਮੇਜਰ ਜਨਰਲ ਇਵਾਨ ਪੋਪੋਵ ਨੇ ਜਵਾਨਾਂ ਨੂੰ ਭੇਜੇ ਆਡੀਓ ਸੁਨੇਹੇ ’ਚ ਕਿਹਾ ਕਿ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪੋਪੋਵ ਨੇ ਕਿਹਾ ਕਿ ਫ਼ੌਜੀ ਅਧਿਕਾਰੀ ਉਸ ਵੱਲੋਂ ਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਨਾਰਾਜ਼ ਸੀ ਜਿਸ ’ਚ ਉਸ ਨੇ ਦੁਸ਼ਮਣ ਦੇ ਤੋਪਖਾਨੇ ਦਾ ਪਤਾ ਲਾਉਣ ਵਾਲੇ ਰਾਡਾਰਾਂ ਦੀ ਕਮੀ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਸੀ। ਉਸ ਨੇ ਕਿਹਾ,‘‘ਸਿਖਰਲੇ ਅਧਿਕਾਰੀ ਮੈਨੂੰ ਖ਼ਤਰਾ ਸਮਝਦੇ ਸਨ ਅਤੇ ਉਨ੍ਹਾਂ ਮੇਰੇ ਤੋਂ ਖਹਿੜਾ ਛੁਡਾਉਣ ਲਈ ਫੌਰੀ ਹੁਕਮ ਜਾਰੀ ਕਰ ਦਿੱਤੇ ਜਿਸ ’ਤੇ ਰੱਖਿਆ ਮੰਤਰੀ ਨੇ ਦਸਤਖ਼ਤ ਕੀਤੇ ਹਨ।’’ ਪੋਪੋਵ ਨੇ ਕਿਹਾ ਕਿ ਯੂਕਰੇਨੀ ਤਾਂ ਰੂਸੀ ਫ਼ੌਜ ਦਾ ਟਾਕਰਾ ਨਹੀਂ ਕਰ ਸਕੇ ਪਰ ਸਿਖਰਲੇ ਕਮਾਂਡਰ ਨੇ ਸਾਡੀ ਪਿੱਠ ’ਚ ਛੁਰਾ ਮਾਰਿਆ ਹੈ। ਉਸ ਦਾ ਸੁਨੇਹਾ ਸੇਵਾਮੁਕਤ ਜਨਰਲ ਆਂਦਰੇ ਗੁਰੂਲੇਵ ਨੇ ਜਾਰੀ ਕੀਤਾ ਹੈ ਜੋ ਹੁਣ ਸੰਸਦ ਮੈਂਬਰ ਹੈ। ਪੋਪੋਵ ਨੂੰ ਉਸ ਸਮੇਂ ਬਰਖ਼ਾਸਤ ਕੀਤਾ ਗਿਆ ਹੈ ਜਦੋਂ ਲੈਫ਼ਟੀਨੈਂਟ ਜਨਰਲ ਓਲੇਗ ਸੋਕੋਵ ਇਕ ਮਿਜ਼ਾਈਲ ਹਮਲੇ ’ਚ ਮਾਰਿਆ ਗਿਆ। ਰੂਸੀ ਫ਼ੌਜ ਦੇ ਬਲਾਗਰਾਂ ਨੇ ਕਿਹਾ ਕਿ ਪੋਪੋਵ ਦੇ ਬਿਆਨ ਨੇ ਜਨਰਲ ਸਟਾਫ਼ ਮੁਖੀ ਜਨਰਲ ਵਲੇਰੀ ਗਿਰਾਸੀਮੋਵ ਨੂੰ ਨਾਰਾਜ਼ ਕਰ ਦਿੱਤਾ ਸੀ। -ਏਪੀ