ਅਮਰਨਾਥ ਗੁਫ਼ਾ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਸ੍ਰੀਨਗਰ, 28 ਜੂਨ
ਮੁੱਖ ਅੰਸ਼
- ਪਹਿਲੀ ਜੁਲਾਈ ਤੋਂ ਸ਼ੁਰੂ ਹੋਣੀ ਹੈ ਯਾਤਰਾ
ਜੰਮੂ-ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਸਾਲਾਨਾ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ। ਅਮਰਨਾਥ ਗੁਫਾ ਦੀ ਯਾਤਰਾ ਪਹਿਲੀ ਜੁਲਾਈ ਤੋਂ ਸ਼ੁਰੂ ਹੋਣੀ ਹੈ।
ਜੰਮੂ-ਕਸ਼ਮੀਰ ਪੁਲੀਸ, ਸੀਆਰਪੀਐੱਫ, ਬੀਐੱਸਐੱਫ, ਫੌਜ ਅਤੇ ਭਾਰਤ-ਤਿੱਬਤ ਸੀਮਾ ਪੁਲੀਸ (ਆਈਟੀਬੀਪੀ) ਦੇ ਸੀਨੀਅਰ ਅਧਿਕਾਰੀਆਂ ਨੇ ਗੁਫਾ ਅਤੇ ਮੰਦਰ ਤੱਕ ਜਾਣ ਵਾਲੇ ਰਵਾਇਤੀ ਰਸਤਿਆਂ ‘ਤੇ ਸੁੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕਸ਼ਮੀਰ ਜ਼ੋਨ ਪੁਲੀਸ ਨੇ ਟਵਿੱਟਰ ‘ਤੇ ਦੱਸਿਆ, ”ਕਸ਼ਮੀਰ ਦੇ ੲੇਡੀਜੀਪੀ ਵਿਜੈ ਕੁਮਾਰ ਨੇ ਸੀਆਰਪੀਐੱਫ ਦੇ ਆਈਜੀ, ਬੀਐੱਸਐੱਫ ਦੇ ਆਈਜੀ, ਸੈਕਟਰ 3 ਦੇ ਕਮਾਂਡਰ, ਅਨੰਤਨਾਗ ਦੇ ਐੱਸਐੱਸਪੀ ਅਤੇ ਆਈਟੀਬੀਪੀ ਦੇ ਕਮਾਂਡਿੰਗ ਅਫਸਰ ਨਾਲ ਪੰਜਤਰਨੀ ਅਤੇ ਗੁਫ਼ਾ ਦਾ ਦੌਰਾ ਕੀਤਾ।” ਪੁਲੀਸ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਹੋਰ ਹਿੱਤਧਾਰਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਅਧਿਕਾਰੀਆਂ ਨੇ ਸਾਂਝੇ ਤੌਰ ‘ਤੇ ਪੰਜਤਰਨੀ ਅਤੇ ਪਵਿੱਤਰ ਗੁਫ਼ਾ ਵਿਚਾਲੇ ਰਸਤੇ ਦਾ ਨਿਰੀਖਣ ਵੀ ਕੀਤਾ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਇਸ ਦੌਰਾਨ ਅਮਰਨਾਥ ਗੁਫ਼ਾ ਯਾਤਰਾ ਦੀ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਜੰਮੂ-ਸ੍ਰੀਨਗਰ ਕੌਮੀ ਮਾਰਗ ‘ਤੇ ਜੰਮੂ ਤੋਂ ਬਨਿਹਾਲ ਤੱਕ ਟਰਾਇਲ ਵੀ ਕੀਤਾ। ਅਮਰਨਾਥ ਗੁਫ਼ਾ ਦੀ 1 ਜੁਲਾਈ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਚੱਲੇਗੀ। ਯਾਤਰੀ ਦੋ ਰਸਤਿਆਂ ਤੋਂ ਯਾਤਰਾ ਕਰਨਗੇ ਜਿਨ੍ਹਾਂ ਵਿੱਚ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਰਵਾਇਤੀ 48 ਕਿਲੋਮੀਟਰ ਲੰਮਾ ਨੁਨਵਾਨ ਮਾਰਗ ਅਤੇ ਕੇਂਦਰੀ ਕਸ਼ਮੀਰ ਦੇ ਗੰਦਰਬਲ ਵਿੱਚ 14 ਕਿਲੋਮੀਟਰ ਦਾ ਛੋਟਾ ਬਾਲਟਾਲ ਮਾਰਗ ਸ਼ਾਮਲ ਹੈ। ਯਾਤਰੀਆਂ ਦਾ ਪਹਿਲਾ ਜਥਾ 30 ਜੂਨ ਨੂੰ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਵੇਗਾ। -ਪੀਟੀਆਈ