ਕਿਸਾਨ ਆਗੂਆਂ ਵੱਲੋਂ ਰੌਣੀ ਮੰਡੀ ’ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਪਾਇਲ, 5 ਨਵੰਬਰ
ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਮੰਡੀਆਂ ਦਾ ਜਾਇਜ਼ਾ ਲੈਂਦਿਆਂ ਕਿਸਾਨ ਜਥੇਬੰਦੀ ਦੇ ਆਗੂ ਦਾਣਾ ਮੰਡੀ ਰੌਣੀ ਪੁੱਜੇ। ਮੰਡੀ ਵਿੱਚ ਸੁੱਕੇ ਝੋਨੇ ਦੀ ਖਰੀਦ ਨਾ ਕਰਨਾ, ਕਿਸਾਨਾਂ ਦੀ ਖੱਜਲ-ਖੁਆਰੀ ਤੇ ਲਿਫਟਿੰਗ ਦੇ ਨਾਕਸ ਪ੍ਰਬੰਧਾਂ ਬਾਰੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਹਾਕਮ ਸਿੰਘ ਜਰਗੜੀ ਬਲਾਕ ਪ੍ਰਧਾਨ ਦੋਰਾਹਾ ਤੇ ਦਵਿੰਦਰ ਸਿੰਘ ਸਿਰਥਲਾ ਬਲਾਕ ਪ੍ਰਧਾਨ ਮਲੌਦ ਨੇ ਕਿਹਾ ਕਿ ਛੋਟੀਆਂ ਮੰਡੀਆਂ ਅਤੇ ਫੋਕਲ ਪੁਆਇੰਟ ’ਤੇ ਇੰਸੈਪਕਟਰ ਹੀ ਨਹੀਂ ਆ ਰਹੇ ਜਦਕਿ ਘੱਟ ਨਮੀ ਵਾਲੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ 17 ਫ਼ੀਸਦੀ ਨਮੀ ਵਾਲੇ ਝੋਨੇ ਦੀ ਖਰੀਦ ਕਰਵਾਉਣ ਲਈ ਜਦੋਂ ਇੰਸੈਪਕਟਰ ਨਾਲ ਟੈਲੀਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਖ਼ਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਿਫਟਿੰਗ ਘੱਟ ਹੋਣ ਕਾਰਨ ਮੰਡੀਆਂ ਵਿੱਚ ਝੋਨਾ ਸੁੱਟਣ ਲਈ ਵੀ ਥਾਂ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜਿੱਥੇ ਕਿਸਾਨਾਂ ਨੂੰ ਮੰਡੀਆਂ ਵਿੱਚ ਬੈਠਣਾ ਪੈ ਰਿਹਾ ਹੈ, ਉੱਥੇ ਕਣਕ ਬੀਜਣ ਲਈ ਡੀਏਪੀ ਖਾਦ ਨਹੀਂ ਮਿਲ ਰਹੀ, ਜਿਸ ਤਹਿਤ ਕਣਕ ਦਾ ਝਾੜ ਵੀ ਘਟੇਗਾ। ਇਸ ਮੌਕੇ ਨਛੱਤਰ ਸਿੰਘ, ਸਵਰਨ ਸਿੰਘ ਸਿਰਥਲਾ, ਜਰਨੈਲ ਸਿੰਘ, ਬਹਾਦਰ ਸਿੰਘ ਤੇ ਹੋਰ ਕਿਸਾਨ ਵੀ ਸ਼ਾਮਲ ਸਨ।