ਰੇਵੰਤ ਰੈੱਡੀ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ
ਹੈਦਰਾਬਾਦ, 7 ਦਸੰਬਰ
ਕਾਂਗਰਸ ਵਿਧਾਇਕ ਦਲ ਦੇ ਨੇਤਾ ਏ ਰੇਵੰਤ ਰੈੱਡੀ ਨੇ ਅੱਜ ਇੱਥੇ ਇਕ ਸਮਾਗਮ ਦੌਰਾਨ ਤਿਲੰਗਾਨਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸਮਾਗਮ ਵਿੱਚ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਤੋਂ ਇਲਾਵਾ ਕਈ ਹੋਰ ਕਾਂਗਰਸ ਆਗੂ ਹਾਜ਼ਰ ਸਨ। ਰਾਜਪਾਲ ਤਾਮਿਲਸਾਈ ਸੁੰਦਰਰਾਜਨ ਨੇ ਇੱਥੇ ਐੱਲਬੀ ਸਟੇਡੀਅਮ ’ਚ ਰੇਵੰਤ ਰੈੱਡੀ ਤੇ ਮੰਤਰੀਆਂ ਨੂੰ ਅਹੁਦੇ ਦਾ ਭੇਤ ਬਣਾਏ ਰੱਖਣ ਦੀ ਸਹੁੰ ਚੁਕਵਾਈ। ਰੇਵੰਤ ਰੈੱਡੀ ਤੋਂ ਇਲਾਵਾ ਮੱਲੂ ਬੀ ਵਿਕਰਮਾਰਕ (ਉਪ ਮੁੱਖ ਮੰਤਰੀ), ਐੱਨ ਉੱਤਰ ਕੁਮਾਰ ਰੈੱਡੀ, ਕੋਮਾਟੀਰੈੱਡੀ ਵੈਂਕਟ ਰੈੱਡੀ, ਸੀ ਦਾਮੋਦਰ ਰਾਜਨਰਸਿਨਹਾ, ਡੀ ਸ੍ਰੀਧਰ ਬਾਬੂ, ਪੌਂਗੂਲੇਟੀ ਸ੍ਰੀਨਿਵਾਸ ਰੈੱਡੀ, ਪੋਨਮ ਪ੍ਰਭਾਕਰ, ਕੋਂਡਾ ਸੁਰੇਖਾ, ਡੀ ਅਨਾਸੂਈਆ (ਸੀਥੱਕਾ ਦੇ ਨਾਂ ਨਾਲ ਮਸ਼ਹੂਰ), ਤੁੰਮਲਾ ਨਾਗੇਸ਼ਗਰ ਰਾਓ ਅਤੇ ਜੁਪੱਲੀ ਕ੍ਰਿਸ਼ਨਾ ਰਾਓ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ, ਉਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਸਹੁੰ ਚੁੱਕ ਸਮਾਗਮ ’ਚ ਹਾਜ਼ਰ ਹੋਏ। ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਰੇਵੰਤ ਰੈੱਡੀ ਨੇ ਦੋ ਫਾਈਲਾਂ ’ਤੇ ਦਸਤਖਤ ਕੀਤੇ। ਉਨ੍ਹਾਂ ’ਚੋਂ ਇੱਕ ਕਾਂਗਰਸ ਦੀਆਂ ਛੇ ਚੋਣ ਗਾਰੰਟੀਆਂ ਨੂੰ ਅਮਲ ਵਿੱਚ ਲਿਆਉਣ ਨਾਲ ਸਬੰਧਤ ਹੈ ਅਤੇ ਦੂਜੀ ਫਾਈਲ ਰੇਵੰਤ ਰੈੱਡੀ ਵੱਲੋਂ ਅਤੀਤ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਇੱਕ ਦਿਵਿਆਂਗ ਮਹਿਲਾ ਨੂੰ ਨੌਕਰੀ ਦੇਣ ਨਾਲ ਜੁੜੀ ਹੋਈ ਹੈ। ਸਮਾਗਮ ਦੌਰਾਨ ਰੇਵੰਤ ਰੈੱਡੀ ਨੇ ਆਪਣੀ ਪਤਨੀ ਸਮੇਤ ਸੋਨੀਆ ਗਾਂਧੀ ਦਾ ਆਸ਼ੀਰਵਾਦ ਲਿਆ। ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਸੋਨੀਆ ਨੇ ਸੀਥੱਕਾ ਤੇ ਸੁਰੇਖਾ ਨੂੰ ਗਲ ਨਾਲ ਲਾਇਆ। -ਪੀਟੀਆਈ