For the best experience, open
https://m.punjabitribuneonline.com
on your mobile browser.
Advertisement

ਘਰ ਵੱਲ ਵਾਪਸੀ

07:58 AM Nov 30, 2024 IST
ਘਰ ਵੱਲ ਵਾਪਸੀ
Advertisement

ਡਾ. ਦਰਸ਼ਨ ਸਿੰਘ ਆਸ਼ਟ

Advertisement

ਸੱਜਾ ਹੱਥ ਉਦਾਸ ਸੀ। ਉਸ ਦੀ ਉਦਾਸੀ ਦਾ ਕਾਰਨ ਇਹ ਸੀ ਕਿ ਚਾਰੇ ਉਂਗਲਾਂ ਤੇ ਅੰਗੂਠੇ ਦੀ ਬੋਲਚਾਲ ਬੰਦ ਹੋ ਗਈ ਸੀ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੋ ਰਹੀ ਸੀ।
ਇੱਕ ਦਿਨ ਉਨ੍ਹਾਂ ਵਿੱਚ ਫਿਰ ਬੋਲ-ਬੁਲਾਰਾ ਹੋਣ ਲੱਗ ਪਿਆ। ਪਹਿਲੀ ਉਂਗਲ ਬੋਲੀ, ‘‘ਮੈਨੂੰ ਬੜੀ ਸ਼ਰਮ ਆ ਰਹੀ ਏ। ਆਖ਼ਿਰ ਤੈਨੂੰ ਅਜਿਹਾ ਘਟੀਆ ਕੰਮ ਕਰਨ ਦੀ ਲੋੜ ਕੀ ਪੈ ਗਈ ਸੀ? ਮੈਂ ਤੇਰੇ ਸਭ ਤੋਂ ਨੇੜੇ ਹਾਂ, ਪਰ ਹੁਣ ਮੇਰਾ ਇੱਕ ਪਲ ਵੀ ਤੇਰੇ ਨਾਲ ਰਹਿਣ ਨੂੰ ਦਿਲ ਨਹੀਂ ਕਰਦਾ।’’
ਵਿਚਕਾਰਲੀ ਉਂਗਲ ਬੋਲੀ, ‘‘ਨੇਰ੍ਹ ਸਾਈਂ ਦਾ। ਅਸੀਂ ਸਾਰੀਆਂ ਹੀ ਨਹੀਂ, ਦੁਨੀਆ ਤੇਰੇ ’ਤੇ ਰੱਬ ਵਰਗਾ ਵਿਸ਼ਵਾਸ ਕਰਦੀ ਸੀ ਪਰ ਤੂੰ...।’’
ਚੀਚੀ ਤੋਂ ਪਹਿਲੀ ਉਂਗਲ ਨੇ ਤਾਂ ਮੂੰਹ ਹੀ ਪਰ੍ਹਾਂ ਫੇਰ ਲਿਆ। ਕਹਿਣ ਲੱਗੀ, ‘‘ਇਹਦੇ ਨਾਲ ਕੀ ਬੋਲਾਂ? ਸੱਚ ਪੁੱਛੋ ਭੈਣੋ, ਮੇਰਾ ਤਾਂ ਇਹਦੀ ਸ਼ਕਲ ਈ ਦੇਖਣ ਨੂੰ ਜੀ ਨਹੀਂ ਕਰਦਾ।’’
ਚੀਚੀ ਬੋਲੀ, ‘‘ਝੂਠਾ...ਬੇਈਮਾਨ।’’
ਅੰਗੂਠਾ ਚਾਰੇ ਉਂਗਲਾਂ ਦੇ ਤਾਅਨੇ-ਮਿਹਣੇ ਸੁਣ ਕੇ ਲਾਲ-ਪੀਲਾ ਹੋ ਗਿਆ। ਉਹ ਬੋਲਿਆ, ‘‘ਮੇਰਾ ਮਾਲਕ ਭੋਲਾ ਹੈ। ਉਹ ਮੈਨੂੰ ਜਿਵੇਂ ਕਹੇਗਾ, ਮੈਂ ਉਵੇਂ ਹੀ ਕਰਾਂਗਾ। ਤੁਸੀਂ ਜਿਹੜਾ ਤਾਣ ਲਗਾਉਣਾ ਏ, ਲਗਾ ਲਵੋ।’’
ਚੀਚੀ ਫਿਰ ਬੋਲੀ, ‘‘ਤੇਰਾ ਮਾਲਕ ਭੋਲਾ ਚੰਗਾ ਬੰਦਾ ਨਹੀਂ। ਉਸ ਦੇ ਆਖੇ ਲੱਗ ਕੇ ਤੂੰ ਬੱਜਰ ਪਾਪ ਕਮਾਇਆ ਏ। ਤੂੰ ਸਾਡਾ ਮੁਖੀ ਸੈਂ। ਅਸੀਂ ਸਾਰੀਆਂ ਤੇਰੀ ਕਦਰ ਕਰਦੀਆਂ ਸਾਂ। ਤੂੰ ਜਦੋਂ ਸਹੀ ਕਾਗ਼ਜ਼ਾਂ ਉੱਪਰ ਲੱਗਦਾ ਸੈਂ ਤਾਂ ਸਾਨੂੰ ਤੇਰੇ ’ਤੇ ਮਾਣ ਹੁੰਦਾ ਸੀ ਕਿ ਤੂੰ ਸੱਚ ਵਾਲੇ ਪਾਸੇ ਖੜ੍ਹਾ ਏਂ, ਪਰ ਆਹ ਤੂੰ ਕੀ ਕੀਤਾ?’’
ਅੰਗੂਠੇ ਨਾਲ ਲੱਗਦੀ ਉਂਗਲ ਇਕਦਮ ਬੋਲੀ, ‘‘ਤੈਨੂੰ ਪਤੈ? ਭੋਲੇ ਨੇ ਗ਼ਲਤ ਹਲਫ਼ੀਆ ਬਿਆਨ ਦਿੱਤਾ ਸੀ। ਤੂੰ ਜਦੋਂ ਬਿਆਨ ਉੱਪਰ ਲੱਗ ਰਿਹਾ ਸੈਂ ਤਾਂ ਅਸੀਂ ਸ਼ਰਮ ਨਾਲ ਅੰਦਰ ਵੱਲ ਮੁੜ ਗਈਆਂ ਸਾਂ ਤੇ ਆਪੋ ਆਪਣੇ ਮੂੰਹ ਛੁਪਾ ਲਏ ਸਨ। ਉਸ ਬੇਈਮਾਨ ਬੰਦੇ ਦੀ ਗ਼ਲਤ ਗਵਾਹੀ ਦਿੰਦੇ ਹੋਏ ਤੈਨੂੰ ਸ਼ਰਮ ਨਾ ਆਈ?’’
ਅੰਗੂਠਾ ਬੋਲਿਆ, ‘‘ਬੜੀ ਸਪੱਸ਼ਟ ਜਿਹੀ ਗੱਲ ਏ। ਆਪਣੇ ਮਾਲਕ ਨੇ ਵੱਢੀ ਲੈ ਕੇ ਇਹ ਕੰਮ ਕੀਤਾ ਏ। ਮੈਨੂੰ ਕੀ ਇਤਰਾਜ਼ ਏ? ਉਹ ਮੇਰਾ ਮਾਲਕ ਏ।’’
‘‘ਤੂੰ ਵੱਢੀ ਲੈ ਕੇ ਗ਼ਲਤ ਕੰਮ ਕਰਨ ਵਾਲਿਆਂ ਦੇ ਹੱਕ ਵਿੱਚ ਭੁਗਤਿਆ ਏਂ। ਹੁਣ ਦੁਨੀਆ ਨੂੰ ਕੀ ਮੂੰਹ ਦਿਖਾਵੇਂਗਾ?’’ ਵਿਚਕਾਰਲੀ ਉਂਗਲ ਦੇ ਤੇਵਰ ਚੜ੍ਹੇ ਹੋਏ ਸਨ। ਅੰਗੂਠੇ ’ਤੇ ਉਂਗਲਾਂ ਦੀ ਲੜਾਈ ਦਿਨ-ਬ-ਦਿਨ ਹੋਰ ਵਧਦੀ ਜਾ ਰਹੀ ਸੀ।
ਗੁਰੀ ਦੇ ਪਿਤਾ ਦਾ ਨਾਂ ਛੱਜੂ ਸੀ। ਉਹ ਕਾਫ਼ੀ ਗ਼ਰੀਬ ਸੀ। ਉਸ ਕੋਲ ਅੱਠ ਬੱਕਰੀਆਂ ਤੇ ਪੰਜ ਭੇਡਾਂ ਸਨ। ਉਹ ਆਪਣੇ ਇਸ ਛੋਟੇ ਜਿਹੇ ਇੱਜੜ ਨਾਲ ਨਿਰਬਾਹ ਕਰ ਰਿਹਾ ਸੀ। ਗੱਜੂ ਉਨ੍ਹਾਂ ਦੇ ਹੀ ਗੁਆਂਢ ਵਿੱਚ ਰਹਿੰਦਾ ਸੀ। ਉਹ ਲੜਾਕਾ ਸੀ ਤੇ ਗੁੱਸੈਲ ਵੀ। ਉਸ ਨੇ ਛੱਜੂ ਕੋਲੋਂ ਇੱਕ ਬੱਕਰੀ ਖ਼ਰੀਦੀ ਸੀ। ਉਸ ਨੇ ਇੱਕ ਹਫ਼ਤੇ ਵਿੱਚ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਬੱਕਰੀ ਉਸ ਨੇ ਪਤਾ ਨਹੀਂ ਕਿੱਥੇ ਖਪਾ ਦਿੱਤੀ ਸੀ? ਹੁਣ ਉਹ ਛੱਜੂ ਦੇ ਪੈਸੇ ਦੇਣ ਵਿੱਚ ਨਹੀਂ ਸੀ ਆ ਰਿਹਾ। ਉਸ ਨੇ ਥਾਣੇ ਜਾ ਕੇ ਗੱਜੂ ਦੀ ਸ਼ਿਕਾਇਤ ਕਰ ਦਿੱਤੀ।
ਗੱਜੂ ਨੇ ਭੋਲੇ ਨੂੰ ਗੱਠ ਲਿਆ। ਭੋਲੇ ਨੇ ਬਿਆਨ ਦਿੱਤਾ, ‘‘ਮੈਂ ਭੋਲਾ ਪੁੱਤਰ ਗੋਲਾ ਪਿੰਡ ਰੌਲਾ ਘਚੋਲਾ ਹੋਸ਼-ਓ-ਹਵਾਸ ਨਾਲ ਬਿਆਨ ਦਿੰਦਾ ਹਾਂ ਕਿ ਗੱਜੂ ਨੇ ਛੱਜੂ ਨੂੰ ਬੱਕਰੀ ਦੇ ਰੁਪਏ ਮੇਰੇ ਸਾਹਮਣੇ ਦਿੱਤੇ ਸਨ।’’ ਫਿਰ ਉਸ ਨੇ ਆਪਣੇ ਸੱਜੇ ਹੱਥ ਦਾ ਅੰਗੂਠਾ ਬਿਆਨ ਵਾਲੇ ਕਾਗ਼ਜ਼ ’ਤੇ ਲਗਾ ਦਿੱਤਾ। ਇਹ ਸਾਰਾ ਕੁਝ ਦੇਖ ਕੇ ਛੱਜੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਸਬਰ ਦਾ ਘੁੱਟ ਭਰ ਲਿਆ।
ਸ਼ਾਮ ਨੂੰ ਅੰਗੂਠੇ ਨੇ ਮਹਿਸੂਸ ਕੀਤਾ ਕਿ ਚਾਰੇ ਉਂਗਲਾਂ ਨੇ ਉਸ ਤੋਂ ਮੂੰਹ ਫੇਰੇ ਹੋਏ ਹਨ। ਅੰਗੂਠੇ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਹ ਉਸ ਨਾਲ ਕਿਉਂ ਨਾਰਾਜ਼ ਹਨ? ਇੱਕ ਦੋ ਦਿਨਾਂ ਬਾਅਦ ਭੋਲਾ ਚਾਹ ਦੀ ਦੁਕਾਨ ’ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ।
ਚੀਚੀ ਉਂਗਲ ਨੇ ਅੰਗੂਠੇ ਨੂੰ ਮਿਹਣਾ ਮਾਰਿਆ, ‘‘ਇਹ ਪੜ੍ਹ ਅਖ਼ਬਾਰ ਵਿੱਚ। ਇੱਕ ਕਵੀ ਇਕਵਿੰਦਰ ਢੱਟ ਨੇ ਤੇਰੇ ਬਾਰੇ ਕਵਿਤਾ ਵੀ ਬਣਾ ਦਿੱਤੀ ਏ। ਪੜ੍ਹ ਕੀ ਲਿਖਿਆ ਏ ਤੇਰੇ ਕਾਰਨਾਮੇ ਬਾਰੇ...।’’
ਹੰਕਾਰੇ ਹੋਏ ਅੰਗੂਠੇ ਨੇ ਧਿਆਨ ਨਾਲ ਦੋ ਪੰਕਤੀਆਂ ਪੜ੍ਹੀਆਂ। ਲਿਖਿਆ ਸੀ;
ਉਂਗਲੀਆਂ ਰੁੱਸ ਗਈਆਂ ਨੇ ਅੰਗੂਠੇ ਨਾਲ।
ਕਹਿੰਦੀਆਂ ਨੇ, ਨਹੀਂ ਰਹਿਣਾ ਏ ਇਸ ਝੂਠੇ ਨਾਲ।
ਹੰਕਾਰ ਵਿੱਚ ਆਇਆ ਅੰਗੂਠਾ ਕੋਈ ਪਰਵਾਹ ਨਹੀਂ ਸੀ ਕਰ ਰਿਹਾ। ਕਈ ਦਿਨਾਂ ਬਾਅਦ ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉਸ ਨੂੰ ਨੀਂਦ ਨਾ ਆ ਰਹੀ ਹੋਵੇ। ਉਸ ਨੇ ਇੱਕ ਗ਼ਰੀਬ ਆਦਮੀ ਦੇ ਖ਼ਿਲਾਫ਼ ਝੂਠੇ ਬਿਆਨ ਨੂੰ ਸਹੀ ਦੱਸ ਕੇ ਚੰਗਾ ਨਹੀਂ ਕੀਤਾ। ਉਸ ਨੇ ਉਸ ਦੀ ਆਤਮਾ ਨੂੰ ਦੁਖਾਇਆ ਹੈ। ਉਸ ਦੀ ਇਸੇ ਬੇਈਮਾਨੀ ਕਰਕੇ ਉਸ ਦਾ ਪਰਿਵਾਰ ਵੀ ਉਸ ਨਾਲ ਰੁੱਸ ਗਿਆ ਹੈ। ਉਸ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ।
ਇੱਕ ਦਿਨ ਗੱਜੂ ਫਿਰ ਭੋਲੇ ਕੋਲ ਆਇਆ। ਕਹਿਣ ਲੱਗਾ, ‘‘ਆਪਾਂ ਜੈਲੇ ਦੇ ਮੁੰਡੇ ਕੋਲੋਂ ਦਸ ਹਜ਼ਾਰ ਰੁਪਏ ਵਿੱਚ ਮੋਬਾਈਲ ਖ਼ਰੀਦਿਆ ਏ। ਅਜੇ ਹਜ਼ਾਰ ਰੁਪਿਆ ਈ ਦਿੱਤਾ ਏ। ਬਾਕੀ ਦੇ ਪੈਸੇ ਆਪਾਂ ਉਹਨੂੰ ਦੇਣੇ ਨਹੀਂ। ਬਸ, ਆਪਾਂ ਪਹਿਲਾਂ ਵਾਲਾ ਕੰਮ ਕਰਨਾ ਏ। ਸਮਝ ਗਿਆ ਏਂ ਨਾ...? ਉਹ ਥਾਣੇ ਜਾਵੇਗਾ। ਤੂੰ ਪਹਿਲਾਂ ਵਾਂਗ ਬਿਆਨ ਦੇਣਾ ਏ ਕਿ ਉਸ ਨੂੰ ਮੈਂ ਸਾਰੇ ਪੈਸੇ ਤੇਰੇ ਸਾਹਮਣੇ ਦੇ ਚੁੱਕਾ ਹਾਂ। ਬਾਕੀ ਤੇਰਾ ਅੰਗੂਠਾ ਜ਼ਿੰਦਾਬਾਦ...।’’
ਗੱਲ ਵਧਦੀ ਵਧਦੀ ਥਾਣੇ ਪੁੱਜ ਗਈ। ਭੋਲਾ ਫਿਰ ਝੂਠੇ ਬਿਆਨ ’ਤੇ ਅੰਗੂਠਾ ਲਗਾਉਣ ਲੱਗਾ ਤਾਂ ਉਸ ਨੂੰ ਮਹਿਸੂਸ ਹੋਇਆ, ਜਿਵੇਂ ਉਸ ਨੂੰ ਝਟਕਾ ਵੱਜਿਆ ਹੋਵੇ। ਉਸ ਨੇ ਅੰਗੂਠੇ ਵੱਲ ਵੇਖਿਆ, ਉਹ ਭੋਲੇ ਨੂੰ ਅੱਖਾਂ ਦਿਖਾ ਰਿਹਾ ਸੀ। ਕਹਿ ਰਿਹਾ ਸੀ, ‘‘ਸ਼ਰਮ ਕਰ ਸ਼ਰਮ। ਮੈਂ ਤਾਂ ਪਹਿਲਾਂ ਹੀ ਤੇਰੀ ਚੁੱਕ ਵਿੱਚ ਆ ਕੇ ਬੇਈਮਾਨ ਤੇ ਝੂਠਾ ਹੋਣ ਦਾ ਕਲੰਕ ਲਗਵਾ ਚੁੱਕਾ ਹਾਂ। ਆਪਣੀਆਂ ਭੈਣਾਂ ਤੋਂ ਲਾਹਨਤਾਂ ਪੁਆ ਬੈਠਾ ਹਾਂ। ਮੈਂ ਤੇਰੇ ਝੂਠੇ ਬਿਆਨ ਦੀ ਗਵਾਹੀ ਨਹੀਂ ਦੇਵਾਂਗਾ, ਭਾਵੇਂ ਮੈਨੂੰ ਆਪਣੇ ਸਰੀਰ ਨਾਲੋਂ ਕੱਟ ਕੇ ਵੱਖ ਕਰ ਦੇ।’’
ਭੋਲਾ ਕੋਸ਼ਿਸ਼ ਕਰਦਾ ਰਿਹਾ, ਪਰ ਅੰਗੂਠਾ ਟੱਸ ਤੋਂ ਮੱਸ ਨਾ ਹੋਇਆ। ਆਖ਼ਿਰ ਭੋਲੇ ਨੂੰ ਵੀ ਸਮਝ ਆ ਗਈ। ਉਸ ਨੇ ਗੱਜੂ ਨੂੰ ਕੋਰੀ ਨਾਂਹ ਕਰ ਦਿੱਤੀ ਤੇ ਥਾਣੇ ਤੋਂ ਬਾਹਰ ਆ ਗਿਆ। ਥਾਣੇ ਵਿੱਚ ਗੱਜੂ ਦੀ ਕਾਫ਼ੀ ਲਾਹ ਪਾਹ ਹੋਈ। ਉਸ ਨੂੰ ਪੈਸੇ ਦੇ ਕੇ ਹੀ ਖਹਿੜਾ ਛੁਡਾਉਣਾ ਪਿਆ। ਜਦੋਂ ਭੋਲਾ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਚਾਰੇ ਉਂਗਲਾਂ ਨੇ ਅੰਗੂਠੇ ਨੂੰ ਗਲਵਕੜੀ ਪਾ ਲਈ ਤੇ ਬੋਲੀਆਂ, ‘‘ਸਾਡੇ ਵੀਰੇ ਦੀਆਂ ਅੱਖਾਂ ਖੁੱਲ੍ਹ ਗਈਆਂ ਨੇ ਤੇ ਉਹ ਹੁਣ ਸਾਡੇ ਘਰ ਵਾਪਸ ਪਰਤ ਆਇਆ ਏ।’’
ਸੱਜਾ ਹੱਥ ਹੁਣ ਖ਼ੁਸ਼ ਸੀ।
ਸੰਪਰਕ: 98144-23703

Advertisement

Advertisement
Author Image

joginder kumar

View all posts

Advertisement