For the best experience, open
https://m.punjabitribuneonline.com
on your mobile browser.
Advertisement

ਟੀਡੀਪੀ ਦੀ ਵਾਪਸੀ

05:47 AM Jun 06, 2024 IST
ਟੀਡੀਪੀ ਦੀ ਵਾਪਸੀ
Advertisement

ਘਟਨਾਵਾਂ ਦਾ ਹੇਰ-ਫੇਰ ਕੁਝ ਇਸ ਤਰ੍ਹਾਂ ਹੋਇਆ ਕਿ 2024 ਦੀਆਂ ਚੋਣਾਂ ਤੋਂ ਬਾਅਦ ਐੱਨ ਚੰਦਰਬਾਬੂ ਨਾਇਡੂ ਲੰਮਾ ਅਰਸਾ ਸਿਆਸੀ ਗੁਮਨਾਮੀ ’ਚੋਂ ਉਠ ਕੇ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਜਿਹੇ ਆਗੂਆਂ ਸਮੇਤ ‘ਕਿੰਗਮੇਕਰ’ ਦੀ ਭੂਮਿਕਾ ਵਿੱਚ ਆ ਗਏ ਹਨ। ਇਹ ਉਲਟ ਮੋੜਾ ਨਾ ਕੇਵਲ ਉਨ੍ਹਾਂ ਦੀ ਸਿਆਸੀ ਸੂਝ-ਬੂਝ ਦੀ ਨਿਸ਼ਾਨਦੇਹੀ ਕਰਦਾ ਹੈ ਸਗੋਂ ਸਾਡੇ ਦੇਸ਼ ਦੇ ਲੋਕਤੰਤਰ ਦੇ ਤਰਲ ਗਤੀਮਾਨਾਂ ਨੂੰ ਵੀ ਉਜਾਗਰ ਕਰਦਾ ਹੈ। ਟੀਡੀਪੀ ਨੇ ਜ਼ਬਰਦਸਤ ਕਾਰਗੁਜ਼ਾਰੀ ਦਿਖਾਉਂਦੇ ਹੋਏ ਆਂਧਰਾ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ 16 ਸੀਟਾਂ ਜਿੱਤੀਆਂ ਹਨ ਅਤੇ ਇਸ ਦੇ ਨਾਲ ਹੀ ਪਾਰਲੀਮੈਂਟ ਵਿੱਚ ਬਹੁਮਤ ਹਾਸਿਲ ਕਰਨ ਵਿੱਚ ਭਾਜਪਾ ਦੀ ਨਾਕਾਮੀ ਕਰ ਕੇ ਇਸ ਦੇ ਆਗੂ ਨਾਇਡੂ ਕੇਂਦਰੀ ਪੁਜ਼ੀਸ਼ਨ ਵਿੱਚ ਆ ਗਏ ਹਨ। ਭਾਜਪਾ ਅਤੇ ਜਨ ਸੈਨਾ ਪਾਰਟੀ ਨਾਲ ਉਨ੍ਹਾਂ ਦੇ ਗੱਠਜੋੜ ਨੇ ਨਾ ਕੇਵਲ ਰਣਨੀਤਕ ਉਭਾਰ ਪੈਦਾ ਕੀਤਾ ਹੈ ਸਗੋਂ ਵੋਟਰਾਂ ਲਈ ਦੇਰਪਾ ਖਿੱਚ ਦਾ ਮਰਕਜ਼ ਬਣ ਗਿਆ ਹੈ। ਐੱਨਡੀਏ ਨੇ ਆਂਧਰਾ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ 21 ਸੀਟਾਂ ਅਤੇ ਵਿਧਾਨ ਸਭਾ ਦੀਆਂ 164 ਸੀਟਾਂ ਜਿੱਤੀਆਂ ਹਨ।
ਇਸ ਮੁੜ ਉਭਾਰ ਸਦਕਾ ਉਹ ਇੱਕ ਵਾਰ ਫਿਰ ਸੂਬੇ ਦੀ ਸੱਤਾ ਦੇ ਕੇਂਦਰ ਬਣ ਗਏ ਹਨ। ਇਸ ਤੋਂ ਪਹਿਲਾਂ 1995 ਤੋਂ 2004 ਤੱਕ ਉਹ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਜਿਸ ਨੂੰ ਆਰਥਿਕ ਸੁਧਾਰਾਂ ਅਤੇ ਉਨ੍ਹਾਂ ਦੇ ‘ਤਕਨੀਕ ਮੁਖੀ ਸੰਕਲਪ’ ਦੇ ਕਾਲ ਵਜੋਂ ਯਾਦ ਕੀਤਾ ਜਾਂਦਾ ਰਿਹਾ ਹੈ ਅਤੇ ਨਾਇਡੂ ਨੂੰ ‘ਸੂਬੇ ਦੇ ਸੀਈਓ’ ਦੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਸੀ। ਅਗਲੇ ਇਕ ਦਹਾਕੇ ਤੱਕ ਵਿਰੋਧੀ ਧਿਰ ਵਿੱਚ ਰਹਿਣ ਤੋਂ ਬਾਅਦ ਨਾਇਡੂ ਨੇ 2014 ਵਿਚ ਸ਼ਾਨਦਾਰ ਵਾਪਸੀ ਕੀਤੀ ਸੀ ਪਰ ਉਨ੍ਹਾਂ ਲਈ ਸਿਆਸੀ ਧਰਾਤਲ ਕਾਫ਼ੀ ਚੁਣੌਤੀਪੂਰਨ ਸਾਬਿਤ ਹੋਇਆ। ਭਾਜਪਾ ਨਾਲ ਉਨ੍ਹਾਂ ਦਾ ਗੱਠਜੋੜ ਬਹੁਤੀ ਦੇਰ ਨਾ ਟਿਕ ਸਕਿਆ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਟੀਡੀਪੀ ਨੂੰ ਜ਼ਬਰਦਸਤ ਸ਼ਿਕਸਤ ਦਾ ਮੂੰਹ ਦੇਖਣਾ ਪਿਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਉਨ੍ਹਾਂ ਨੂੰ ਹੁਨਰ ਵਿਕਾਸ ਘੁਟਾਲੇ ਵਿਚ ਇੱਕ ਸਾਲ ਦੀ ਕੈਦ ਵੀ ਕੱਟਣੀ ਪਈ ਸੀ ਜਿਸ ਤੋਂ ਬਾਅਦ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਅੰਤ ਹੋ ਗਿਆ ਹੈ।
ਅੱਜ ਜਦੋਂ ਕੇਂਦਰ ਵਿੱਚ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਆਇਆ ਤਾਂ ਸਰਕਾਰ ਬਣਾਉਣ ਲਈ ਐੱਨਡੀਏ ਅਤੇ ਇੰਡੀਆ ਗੱਠਜੋੜ ਵਿਚਕਾਰ ਜ਼ੋਰ ਅਜ਼ਮਾਈ ਸ਼ੁਰੂ ਹੋ ਗਈ ਹੈ ਅਤੇ ਦੋਵੇਂ ਧਿਰਾਂ ਵਲੋਂ ਨਾਇਡੂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ। ਉਂਝ, ਉਨ੍ਹਾਂ ਨੇ ਐੱਨਡੀਏ ਨਾਲ ਆਪਣੀ ਸਾਂਝ ਕਾਇਮ ਰੱਖਣ ਦੀ ਗੱਲ ਆਖੀ ਹੈ। ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਵਕਤ ਨਾਇਡੂ ’ਤੇ ਲੱਗੀਆਂ ਹੋਈਆਂ ਹਨ ਕਿ ਉਹ ਸੱਤਾ ਲਈ ਕਿਹੋ ਜਿਹੇ ਦਾਅ ਖੇਡਣਗੇ। ਬਿਨਾਂ ਸ਼ੱਕ, ਦੇਸ਼ ਦੀ ਸਿਆਸੀ ਦਿਸ਼ਾ ਤੈਅ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੇਗੀ। ਦਸ ਸਾਲਾਂ ਬਾਅਦ ਦੇਸ਼ ਅੰਦਰ ਹਕੀਕੀ ਕੁਲੀਸ਼ਨ ਸਰਕਾਰਾਂ ਦਾ ਦੌਰ ਮੁੜ ਸ਼ੁਰੂ ਹੋ ਰਿਹਾ ਹੈ। ਪਿਛਲੇ ਸਮੇਂ ਦੌਰਾਨ ਮੁਲਕ ਅੰਦਰ ਜਮਹੂਰੀਅਤ ਨੂੰ ਖੋਰਾ ਲੱਗਣ ਬਾਰੇ ਚਰਚਾ ਚੱਲਦੀ ਰਹੀ ਹੈ। ਅਸਲ ਵਿਚ, ਕੇਂਦਰ ਵਿੱਚ ਸੱਤਾਧਾਰੀ ਭਾਜਪਾ ਨੇ ਵਿਰੋਧੀ ਧਿਰ ਨੂੰ ਗੌਲਣਾ ਬੰਦ ਕਰ ਦਿੱਤਾ ਸੀ। ਹੋਰ ਤਾਂ ਹੋਰ, ਇਸ ਨੇ ਆਪਣੇ ਭਾਈਵਾਲਾਂ ਨੂੰ ਵੀ ਇਕ ਤਰ੍ਹਾਂ ਨਾਲ ਦਰਕਿਨਾਰ ਹੀ ਕਰ ਛੱਡਿਆ ਸੀ। ਹੁਣ ਆਸ ਕਰਨੀ ਚਾਹੀਦੀ ਹੈ ਕਿ ਇਹ ਪਾਰਟੀ ਹੁਣ ਆਪਣੇ ਭਾਈਵਾਲਾਂ ਅਤੇ ਵਿਰੋਧੀ ਧਿਰ ਨੂੰ ਨਾਲ ਲੈ ਕੇ ਚੱਲੇਗੀ।

Advertisement

Advertisement
Author Image

joginder kumar

View all posts

Advertisement
Advertisement
×