ਸੇਵਾਮੁਕਤ ਬਿਜਲੀ ਕਾਮਿਆਂ ਵੱਲੋਂ ਸੰਘਰਸ਼ ਕਰਨ ਦਾ ਫ਼ੈਸਲਾ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 7 ਅਕਤੂਬਰ
ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ/ ਟਰਾਂਸਕੋ ਦੇ ਮੈਂਬਰਾਂ ਦੀ ਇਕੱਤਰਤਾ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦੋਰਾਹਾ ਡਿਵੀਜ਼ਨ ਅਧੀਨ ਪੈਂਦੀਆਂ ਸਬ-ਡਿਵੀਜ਼ਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਹਰਬੰਸ ਸਿੰਘ ਦੋਬੁਰਜੀ ਅਤੇ ਕ੍ਰਿਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਅਤੇ ਸਰਕਾਰ ਸੇਵਾਮੁਕਤ ਕਾਮਿਆਂ ਦੀਆਂ ਮੰਗਾਂ ਹੱਲ ਕਰਨ ਲਈ ਲਾਰਾ ਲਾਊ ਨੀਤੀ ਅਪਣਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਅਦਾਰਿਆਂ ਵਿੱਚ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਠੇਕੇਦਾਰੀ ਪ੍ਰਣਾਲੀ ਰੱਦ ਕਰਕੇ ਬਿਨਾਂ ਸ਼ਰਤ ਪੱਕੀ ਭਰਤੀ ਕੀਤੀ ਜਾਵੇ, ਠੇਕਾ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਬੇਰੁਜ਼ਗਾਰ ਲਾਈਨਮੈਨਾਂ ਨੂੰ ਭਰਤੀ ਕੀਤਾ ਜਾਵੇ, ਬਿਜਲੀ ਯੂਨਿਟਾਂ ਵਿਚ ਰਿਆਇਤ ਦਿੱਤੀ ਜਾਵੇ, ਮੈਡੀਕਲ ਅਲਾਊਂਸ 2 ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ, ਦਫ਼ਤਰਾਂ ਵਿੱਚ ਰੁਲਦੇ ਮੈਡੀਕਲ ਬਿੱਲ ਪਾਸ ਕੀਤੇ ਜਾਣ, ਦਸੰਬਰ 2015 ਤੋਂ ਪਹਿਲਾਂ ਸੇਵਾਮੁਕਤ ਕਾਮਿਆਂ ਦੀ ਪੈਨਸ਼ਨ 2.59 ਪ੍ਰਤੀਸ਼ਤ ਨਾਲ ਫ਼ਿਕਸ ਕਰਕੇ ਬਣਾ ਬਕਾਇਆ ਦਿੱਤਾ ਜਾਵੇ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 22 ਅਕਤੂਬਰ ਨੂੰ ਮੁਹਾਲੀ ਵਿੱਚ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਪੈਨਸ਼ਨਰ ਵਧ-ਚੜ੍ਹ ਕੇ ਸ਼ਾਮਲ ਹੋਣਗੇ।