ਪਰਚੂਨ ਮਹਿੰਗਾਈ ਦਰ ਜੂਨ ’ਚ ਵਧ ਕੇ 4.81 ਫ਼ੀਸਦ ’ਤੇ
ਨਵੀਂ ਦਿੱਲੀ, 12 ਜੁਲਾਈ
ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਜੂਨ ’ਚ ਪਰਚੂਨ ਮਹਿੰਗਾਈ ਦਰ ਵਧ ਕੇ ਤਿੰਨ ਮਹੀਨਿਆਂ ਦੇ ਉਪਰਲੇ ਪੱਧਰ 4.81 ਫ਼ੀਸਦ ’ਤੇ ਪਹੁੰਚ ਗਈ ਹੈ। ਸਰਕਾਰ ਨੇ ਬੁੱਧਵਾਰ ਨੂੰ ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ’ਤੇ ਆਧਾਰਿਤ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ। ਮਈ ’ਚ ਪਰਚੂਨ ਮਹਿੰਗਾਈ ਦਰ 4.31 ਫ਼ੀਸਦ ਰਹੀ ਸੀ ਜਦਕਿ ਇਕ ਸਾਲ ਪਹਿਲਾਂ ਜੂਨ, 2022 ’ਚ ਇਹ ਸੱਤ ਫ਼ੀਸਦ ਸੀ। ਸਰਕਾਰੀ ਅੰਕੜਿਆਂ ਮੁਤਾਬਕ ਜੂਨ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 4.49 ਫ਼ੀਸਦ ਰਹੀ ਜਦਕਿ ਮਈ ’ਚ ਇਹ 2.96 ਫ਼ੀਸਦ ਸੀ। ਜੂਨ ’ਚ ਪਰਚੂਨ ਮਹਿੰਗਾਈ ਦਰ ਵਧਣ ਦੇ ਬਾਵਜੂਦ ਇਹ ਭਾਰਤੀ ਰਿਜ਼ਰਵ ਬੈਂਕ ਦੇ ਛੇ ਫ਼ੀਸਦ ਦੇ ਤਸੱਲੀਬਖ਼ਸ਼ ਪੱਧਰ ਤੋਂ ਹੇਠਾਂ ਹੈ। ਪਹਿਲਾਂ ਮਾਰਚ ’ਚ ਸੀਪੀਆਈ 5.66 ਫ਼ੀਸਦ ਦਰਜ ਹੋਈ ਸੀ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਪਰਚੂਨ ਮਹਿੰਗਾਈ ਦਰ ਦੋ ਫ਼ੀਸਦ ਦੇ ਘੱਟ-ਵਧ ਨਾਲ ਚਾਰ ਫ਼ੀਸਦ ਤੱਕ ਸੀਮਤ ਰੱਖਣ ਦਾ ਜ਼ਿੰਮਾ ਸੌਂਪਿਆ ਹੋਇਆ ਹੈ। ਆਰਬੀਆਈ ਮਹਿੰਗਾਈ ਦਰ ਦੇ ਅੰਕੜਿਆਂ ਨੂੰ ਧਿਆਨ ’ਚ ਰੱਖਦਿਆਂ ਮੁਦਰਾ ਨੀਤੀਗਤ ਸਮੀਖਿਆ ਕਰਦਾ ਹੈ। ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਸਮੀਖਿਆ ਦੌਰਾਨ ਰੈਪੋ ਦਰ 6.5 ਫ਼ੀਸਦ ’ਤੇ ਕਾਇਮ ਰੱਖੀ ਸੀ। ਇਸ ਦੇ ਨਾਲ ਹੀ ਉਸ ਨੇ ਅਪਰੈਲ-ਜੂਨ ਤਿਮਾਹੀ ’ਚ ਪਰਚੂਨ ਮਹਿੰਗਾਈ ਦਰ ਦੇ 4.6 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਸੀ। -ਪੀਟੀਆਈ