For the best experience, open
https://m.punjabitribuneonline.com
on your mobile browser.
Advertisement

ਨਤੀਜੇ ਦਾ ਦਿਨ ਅਤੇ ਫੁੱਲਾਂ ਵਾਲੇ ਲਿਫ਼ਾਫ਼ੇ

10:58 AM Mar 31, 2024 IST
ਨਤੀਜੇ ਦਾ ਦਿਨ ਅਤੇ ਫੁੱਲਾਂ ਵਾਲੇ ਲਿਫ਼ਾਫ਼ੇ
Advertisement

ਸਤਵਿੰਦਰ ਸਿੰਘ ਮੜੌਲਵੀ

ਬਚਪਨ ਵਿੱਚ ਬੱਚੇ ਵਧੇਰੇ ਕਰਕੇ ਖੇਡਾਂ ਜਾਂ ਪੜ੍ਹਾਈ ਨਾਲ ਹੀ ਜੁੜੇ ਹੁੰਦੇ ਹਨ। ਦੁਨੀਆਦਾਰੀ ਦੇ ਹੋਰ ਝੰਜਟਾਂ ਤੋਂ ਮੁਕਤ ਉਨ੍ਹਾਂ ਦੀ ਆਪਣੀ ਹੀ ਇੱਕ ਰੰਗੀਨ ਦੁਨੀਆ ਹੁੰਦੀ ਹੈ। ਬਚਪਨ ਦੀਆਂ ਬਹਾਰਾਂ ਦੇ ਰੰਗ ਸੱਚਮੁੱਚ ਬੜੇ ਹੀ ਪਿਆਰੇ ਅਤੇ ਨਿਆਰੇ ਹੁੰਦੇ ਹਨ। ਕਿੰਨੀ ਕਮਾਲ ਦੀ ਗੱਲ ਹੈ ਕਿ ਹਰ ਇੱਕ ਵਿਅਕਤੀ ਨੂੰ ਆਪਣਾ ਬਚਪਨ ਹਮੇਸ਼ਾ ਯਾਦ ਰਹਿੰਦਾ ਹੈ।
ਬਚਪਨ ਦੀਆਂ ਕਿੰਨੀਆਂ ਹੀ ਘਟਨਾਵਾਂ ਸਾਡੇ ਚੇਤੇ ਵਿੱਚ ਜਿਉਂ ਦੀਆਂ ਤਿਉਂ ਵਸੀਆਂ ਰਹਿੰਦੀਆਂ ਹਨ। ਬਚਪਨ ਦੀਆਂ ਯਾਦਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਕਿਸੇ ਨੇ ਕੋਰੀ ਸਲੇਟ ਉੱਤੇ ਬਹੁਤ ਗੂੜ੍ਹੇ ਅੱਖਰ ਉਲੀਕ ਦਿੱਤੇ ਹੋਣ।
ਜਦੋਂ ਅਸੀਂ ਸਕੂਲ ਪੜ੍ਹਦੇ ਸੀ ਤਾਂ ਸਾਨੂੰ ਇਕੱਤੀ ਮਾਰਚ ਦੇ ਦਿਨ ਦਾ ਵਿੱਤੀ ਪ੍ਰਣਾਲੀ ਨਾਲ ਜੁੜੇ ਹੋਣ ਬਾਰੇ ਤਾਂ ਬਹੁਤਾ ਨਹੀਂ ਸੀ ਪਤਾ ਪਰ ਇੱਕ ਗੱਲ ਬੜੀ ਅਹਿਮੀਅਤ ਰੱਖਦੀ ਸੀ ਕਿ ਇਸ ਦਿਨ ਸਾਡੀ ਜਮਾਤ ਦਾ ਨਤੀਜਾ ਆਉਣਾ ਹੈ। ਇਹ ਭਾਗਾਂ ਵਾਲਾ ਦਿਨ ਬਹੁਤ ਹੀ ਚਾਵਾਂ ਅਤੇ ਖ਼ੁਸ਼ੀਆਂ ਨਾਲ ਭਰਿਆ ਹੁੰਦਾ ਸੀ।
ਸਾਡੇ ਸਮੇਂ ਨਿੱਜੀ ਸਕੂਲਾਂ ਦੀ ਬਜਾਏ ਸਰਕਾਰੀ ਸਕੂਲ ਹੀ ਵਧੇਰੇ ਹੁੰਦੇ ਸਨ। ਬੱਚੇ ਇਨ੍ਹਾਂ ਵਿੱਚ ਹੀ ਪੜ੍ਹਦੇ ਸਨ। ਨਤੀਜਾ ਹਮੇਸ਼ਾ ਇਕੱਤੀ ਮਾਰਚ ਨੂੰ ਹੀ ਕੱਢਿਆ ਜਾਂਦਾ ਸੀ। ਅੱਜ ਵਾਂਗ ਹੀ ਅਸੀਂ ਵੀ ਸਾਰਾ ਸਾਲ ਪੜ੍ਹਦੇ ਲਿਖਦੇ ਰਹਿੰਦੇ ਤੇ ਮਾਰਚ ਦੇ ਮਹੀਨੇ ਪ੍ਰੀਖਿਆ ਵਿੱਚ ਬੈਠ ਜਾਂਦੇ।
ਮੈਨੂੰ ਯਾਦ ਹੈ ਕਿ ਜਦੋਂ ਮੇਰੇ ਇਮਤਿਹਾਨ ਸ਼ੁਰੂ ਹੁੰਦੇ ਤਾਂ ਮੇਰੀ ਮਾਂ ਹਰ ਰੋਜ਼ ਦਹੀਂ ਦੇ ਕੌਲੇ ਵਿੱਚ ਖੰਡ ਰਲ਼ਾ ਕੇ ਹਰ ਵਾਰ ਖਾਣ ਲਈ ਦਿੰਦੀ ਸੀ। ਅਥਾਹ ਮਮਤਾ ਤੇ ਪਿਆਰ ਨਾਲ ਭਿੱਜੀ ਇਸ ਸੋਚ ਪਿੱਛੇ ਸਫ਼ਲਤਾ ਦਾ ਕੀ ਰਾਜ਼ ਸੀ, ਮੈਨੂੰ ਅੱਜ ਤੱਕ ਵੀ ਪਤਾ ਨਹੀਂ ਲੱਗ ਸਕਿਆ।
ਇਮਤਿਹਾਨਾਂ ਦੇ ਦਿਨ ਬੜੇ ਤਣਾਅਪੂਰਨ ਲੰਘਦੇ। ਜਦੋਂ ਇੱਕ ਪੇਪਰ ਹੋ ਜਾਂਦਾ ਤਾਂ ਮਨ ਕੁਝ ਹੌਲ਼ਾ ਜਿਹਾ ਹੋ ਜਾਂਦਾ। ਇੰਜ ਲੱਗਦਾ ਜਿਵੇਂ ਕਿਸੇ ਔਖੀ ਘਾਟੀ ਨੂੰ ਪਾਰ ਕਰਕੇ ਅੱਗੇ ਵਧ ਗਏ ਹੋਈਏ। ਕਈ ਕਈ ਦਿਨ ਪੇਪਰ ਚੱਲਦੇ ਰਹਿੰਦੇ। ਘਰਦਿਆਂ ਨੇ ਵਾਰ ਵਾਰ ਕਹੀ ਜਾਣਾ, ‘‘ਪੜ੍ਹ ਲਓ ਮਰ ਜਾਣਿਓ, ਸਾਰੇ ਸਾਲ ਦੀ ਕਮਾਈ ਹੈ।’’
ਫੇਲ੍ਹ ਹੋ ਜਾਣ ਦੇ ਡਰ ਕਾਰਨ ਦੇਰ ਰਾਤ ਤੱਕ ਪੜ੍ਹਦੇ ਤੇ ਸਵੇਰੇ ਫੇਰ ਸਾਝਰੇ ਹੀ ਉੱਠ ਕੇ ਪੜ੍ਹਨ ਬੈਠ ਜਾਂਦੇ। ਪਾਸ ਹੋਣ ਦੀ ਸੁੱਖਣਾ ਸੁਖਦੇ।
ਇਮਤਿਹਾਨ ਦੇਣ ਤੋਂ ਬਾਅਦ ਖੇਡਣ ਲਈ ਘਰੇ ਖੁੱਲ੍ਹਾ ਸਮਾਂ ਹੁੰਦਾ ਜਾਂ ਫਿਰ ਕਈ ਵਾਰ ਨਾਨਕੇ ਜਾਂ ਭੂਆ ਕੋਲ ਚਲੇ ਜਾਂਦੇ। ਹਫ਼ਤਾ ਦਸ ਦਿਨ ਦਾ ਇਹ ਸਮਾਂ ਬੜਾ ਪਿਆਰਾ, ਬੋਝ ਰਹਿਤ ਤੇ ਮਸਤੀ ਭਰਿਆ ਹੁੰਦਾ। ਜਿਉਂ ਜਿਉਂ ਨਤੀਜੇ ਦਾ ਦਿਨ ਨੇੜੇ ਆਉਣ ਲੱਗਦਾ ਸਾਨੂੰ ਪ੍ਰਾਹੁਣਚਾਰੀ ਗਿਆਂ ਨੂੰ ਘਰ ਦੇ ਲੈਣ ਪਹੁੰਚ ਜਾਂਦੇ।
ਇਕੱਤੀ ਮਾਰਚ ਤੋਂ ਪਹਿਲਾਂ ਘਰ ਨੂੰ ਚਾਲੇ ਪਾ ਦਿੰਦੇ। ਨਤੀਜਾ ਨਿਕਲਣ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਦਿਲ ਨੂੰ ਧੁੜਕੂ ਜਿਹਾ ਲੱਗ ਜਾਂਦਾ ਕਿ ਪਤਾ ਨਹੀਂ ਕੀ ਬਣੇਗਾ। ਪੜ੍ਹਨ ਵਾਲੇ ਹੁਸ਼ਿਆਰ ਵਿਦਿਆਰਥੀਆਂ ਨੂੰ ਤਾਂ ਜਮਾਤ ਵਿੱਚ ਆਪਣੇ ਆਉਣ ਵਾਲੇ ਸਥਾਨ ਦਾ ਫ਼ਿਕਰ ਹੁੰਦਾ ਅਤੇ ਬਾਕੀਆਂ ਨੂੰ ਪਾਸ ਹੋਣ ਦੀ ਚਿੰਤਾ। ਪਾਸ ਹੋਣ ਦੇ ਨਾਲ ਨਾਲ ਨਵੀਂ ਕਲਾਸ ਵਿੱਚ ਚੜ੍ਹਨ ਅਤੇ ਨਵੀਆਂ ਕਾਪੀਆਂ ਕਿਤਾਬਾਂ ਲੈਣ ਦੀ ਵੀ ਵੱਖਰੀ ਹੀ ਖ਼ੁਸ਼ੀ ਹੁੰਦੀ ਸੀ।
ਸਭ ਤੋਂ ਅਹਿਮ ਗੱਲ ਇਹ ਹੁੰਦੀ ਕਿ ਅਸੀਂ ਇਕੱਤੀ ਮਾਰਚ ਵਾਲੇ ਦਿਨ ਸਵੇਰੇ ਛੇਤੀ ਹੀ ਉੱਠ ਜਾਂਦੇ ਅਤੇ ਹੱਥਾਂ ਵਿੱਚ ਖਾਲੀ ਲਿਫ਼ਾਫ਼ੇ ਫੜ ਕੇ ਆਸ-ਪਾਸ ਦੇ ਬਾਗ਼ ਬਗੀਚਿਆਂ ਜਾਂ ਸੜਕਾਂ ਦੇ ਆਲੇ-ਦੁਆਲੇ ਲੱਗੇ ਗੁਲਾਬ, ਗੇਂਦਾ ਜਾਂ ਬੋਗਨਵਿਲੀਆ ਆਦਿ ਫੁੱਲ ਤੋੜ ਤੋੜ ਕੇ ਉਨ੍ਹਾਂ ਨਾਲ ਲਿਫ਼ਾਫ਼ੇ ਭਰ ਲੈਂਦੇ। ਉਦੋਂ ਨਤੀਜੇ ਵਾਲੇ ਦਿਨ ਤਾਜ਼ੇ ਤਾਜ਼ੇ ਰੰਗ-ਬਿਰੰਗੇ ਫੁੱਲਾਂ ਨੂੰ ਤੋੜਨਾ ਬਹੁਤ ਚੰਗਾ ਲੱਗਦਾ ਸੀ। ਬੱਚੇ ਆਮ ਤੌਰ ’ਤੇ ਕਹਿੰਦੇ ਫਿਰਦੇ, ‘ਅੱਜ ਇੱਕ ਤਮਾਸ਼ਾ ਹੋਊਗਾ ਕੋਈ ਹੱਸੂਗਾ ਕੋਈ ਰੋਊਗਾ।’
ਇਸ ਤਰ੍ਹਾਂ ਨਤੀਜੇ ਦਾ ਇਹ ਦਿਨ ਬਹੁਤ ਖ਼ਾਸ ਹੋ ਜਾਂਦਾ। ਬੱਚਿਆਂ ਬਿਨਾਂ ਕਈ ਦਿਨਾਂ ਤੋਂ ਸੁੰਨੇ ਸੁੰਨੇ ਜਾਪਦੇ ਸਕੂਲ ਵਿੱਚ ਨਤੀਜੇ ਵਾਲੇ ਦਿਨ ਰੌਣਕਾਂ ਲੱਗ ਜਾਂਦੀਆਂ। ਅਧਿਆਪਕਾਂ ਨੇ ਨਤੀਜਾ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਹੁੰਦਾ।
ਨਤੀਜਾ ਸੁਣਨ ਆਏ ਬੱਚਿਆਂ ਵਿੱਚ ਜਿਵੇਂ ਬੇਸਬਰੀ ਬਣੀ ਰਹਿੰਦੀ। ਉਹ ਵਾਰ ਵਾਰ, ਝਿਜਕਦੇ ਝਿਜਕਦੇ ਆਪਣੇ ਅਧਿਆਪਕਾਂ ਕੋਲੋਂ ਪੁੱਛਦੇ ਰਹਿੰਦੇ ਕਿ ਨਤੀਜਾ ਕਦੋਂ ਨਿਕਲੇਗਾ ਜੀ। ਅਧਿਆਪਕਾਂ ਨੇ ਕਹਿ ਦੇਣਾ ਥੋੜ੍ਹੀ ਦੇਰ ਰੁਕ ਜਾਓ; ਕੱਢਦੇ ਹਾਂ।
ਫੁੱਲਾਂ ਵਾਲੇ ਲਿਫ਼ਾਫ਼ੇ ਹੱਥਾਂ ਵਿੱਚ ਫੜ ਕੇ ਅਸੀਂ ਨਤੀਜਾ ਨਿਕਲਣ ਦੀ ਉਡੀਕ ਕਰਨ ਲੱਗਦੇ। ਜਦੋਂ ਅਧਿਆਪਕ ਨਤੀਜਾ ਬੋਲਣ ਸਮੇਂ ਹਾਜ਼ਰ ਬੱਚਿਆਂ ਨੂੰ ਇਕੱਠੇ ਕਰਦੇ ਤਾਂ ਮਨ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਜਾਂਦੀ ਪਰ ਦਿਲ ਦੀਆਂ ਧੜਕਣਾਂ ਤੇਜ਼ ਹੋਣ ਲੱਗਦੀਆਂ। ਨਤੀਜਾ ਬੋਲਣ ਸਮੇਂ ਦੀਆਂ ਘੜੀਆਂ ਦੌਰਾਨ ਜਿਵੇਂ ਚੁੱਪ ਜਿਹੀ ਛਾ ਜਾਂਦੀ। ਸਾਰੇ ਜਣੇ ਸਾਹ ਰੋਕ ਕੇ ਬੈਠ ਜਾਂਦੇ।
ਪਹਿਲੀਆਂ ਪੁਜੀਸ਼ਨਾਂ ਕੱਢ ਕੇ ਜਦੋਂ ਅਧਿਆਪਕ ਫੇਲ੍ਹ ਹੋਏ ਦੋ ਚਾਰ ਵਿਦਿਆਰਥੀਆਂ ਦੇ ਨਾਮ ਬੋਲ ਕੇ ਇਹ ਆਖਦੇ ਕਿ ‘ਬਾਕੀ ਸਾਰੇ ਪਾਸ’ ਤਾਂ ਪਾਸ ਹੋਏ ਬੱਚੇ ਖ਼ੁਸ਼ੀ ਵਿੱਚ ਤਾੜੀਆਂ ਮਾਰਨ ਲੱਗ ਜਾਂਦੇ ਅਤੇ ਉਨ੍ਹਾਂ ਦੇ ਚਿਹਰੇ ਫੁੱਲਾਂ ਵਾਂਗ ਹੀ ਖਿੜ ਜਾਂਦੇ।
ਸਕੂਲ ਦਾ ਮੁੱਖ ਅਧਿਆਪਕ ਪਿਛਲੀ ਜਮਾਤ ਵਿੱਚ ਹੀ ਰਹਿ ਗਏ ਇੱਕਾ-ਦੁੱਕਾ ਬੱਚਿਆਂ ਨੂੰ ਇਹ ਕਹਿੰਦਿਆਂ ਹੌਸਲਾ ਦਿੰਦਾ, ‘‘ਫ਼ਿਕਰ ਨਾ ਕਰਨਾ, ਫੇਲ੍ਹ ਹੋ ਜਾਣ ਦੀ ਚਿੰਤਾ ਆਪਣੇ ਮਨ ’ਤੇ ਨਾ ਲੈ ਲੈਣਾ। ਅਗਲੀ ਵਾਰ ਤੁਸੀਂ ਹਿੰਮਤ ਕਰੋ ਅਤੇ ਪੜ੍ਹਾਈ ਵਿੱਚ ਡਟ ਕੇ ਮਿਹਨਤ ਕਰੋ ਤਾਂ ਜ਼ਰੂਰ ਪਾਸ ਹੋ ਜਾਓਗੇ।’’
ਪਹਿਲੇ, ਦੂਜੇ ਤੇ ਤੀਜੇ ਨੰਬਰ ’ਤੇ ਆਏ ਅਤੇ ਬਾਕੀ ਸਾਰੇ ਪਾਸ ਹੋ ਗਏ ਵਿਦਿਆਰਥੀਆਂ ਨੂੰ ਹਾਜ਼ਰ ਅਧਿਆਪਕ ਇੱਕ ਵਾਰ ਫਿਰ ਦੁਬਾਰਾ ਤਾੜੀਆਂ ਦੀ ਭਰਵੀ ਗੂੰਜ ਵਿੱਚ ਵਧਾਈ ਦਿੰਦੇ। ਫੇਲ੍ਹ ਹੋਏ ਵਿਦਿਆਰਥੀਆਂ ਦੇ ਚਿਹਰੇ ਮੁਰਝਾ ਜਾਂਦੇ ਅਤੇ ਉਹ ਆਪਣਾ ਮਸੋਸਿਆ ਜਿਹਾ ਮੂੰਹ ਲੈ ਕੇ ਘਰ ਨੂੰ ਮੁੜ ਜਾਂਦੇ। ਕੁਝ ਵਿਦਿਆਰਥੀ ਤਾਂ ਆਪਣੇ ਨਾਲ ਲਿਆਏ ਫੁੱਲਾਂ ਦੇ ਲਿਫ਼ਾਫ਼ੇ ਅਧਿਆਪਕਾਂ ਨੂੰ ਤੋਹਫ਼ੇ ਦੀ ਤਰ੍ਹਾਂ ਹੱਥਾਂ ਵਿੱਚ ਫੜਾ ਦਿੰਦੇ ਤੇ ਕੁਝ ਮੁੱਠੀਆਂ ਭਰ ਭਰ ਕੇ ਫੁੱਲਾਂ ਦੀ ਵਰਖਾ ਹੀ ਆਪਣੇ ਅਧਿਆਪਕਾਂ ’ਤੇ ਕਰ ਦਿੰਦੇ। ਖ਼ੂਬ ਤਾੜੀਆਂ ਵੱਜ ਜਾਂਦੀਆਂ ਅਤੇ ਅਧਿਆਪਕ ਵੀ ਖ਼ੁਸ਼ੀ ਵਿੱਚ ਆ ਕੇ ਸਾਹਮਣੇ ਬੈਠੇ ਵਿਦਿਆਰਥੀਆਂ ’ਤੇ ਫੁੱਲ ਬਰਸਾ ਦਿੰਦੇ। ਇਸ ਤਰ੍ਹਾਂ ਭਾਂਤ-ਸੁਭਾਂਤੇ ਫੁੱਲਾਂ ਦੀ ਮਹਿਕ ਸਾਰੇ ਪਾਸੇ ਫੈਲ ਜਾਂਦੀ। ਨਵੀਆਂ ਕਲਾਸਾਂ ਵਿੱਚ ਚੜ੍ਹ ਗਏ ਸਾਰੇ ਬੱਚਿਆਂ ਦੇ ਚਿਹਰੇ ਫੁੱਲਾਂ ਵਾਂਗ ਹੀ ਟਹਿਕ ਮਹਿਕ ਜਾਂਦੇ। ਨਤੀਜਾ ਸੁਣ ਕੇ ਸਾਰੇ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਵੱਲ ਨੂੰ ਦੌੜ ਪੈਂਦੇ।

Advertisement

ਸੰਪਰਕ: 94634-92426

Advertisement
Author Image

sukhwinder singh

View all posts

Advertisement
Advertisement
×