ਤਸੱਲੀ ਭਰੀ ਨੀਂਦ
ਸਲੀਮ ਮੁਹੰਮਦ ਮਲਿਕ
ਅੱਜ ਦੋ ਹਿੰਦੂ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰ ਕੇ ਮੇਰੀ ਆਤਮਾ ਬਹੁਤ ਸੰਤੁਸ਼ਟ ਹੈ। ਉਹ ਆਪਣੀ ਦਿੱਖ ਤੋਂ ਗ਼ਰੀਬ ਲੋੜਵੰਦ ਜਾਪਦੇ ਸਨ ਅਤੇ ਕੰਮ ਦੀ ਭਾਲ ਵਿੱਚ ਖਰੜ ਆਏ ਸਨ, ਪਰ ਕੋਈ ਮਜ਼ਦੂਰੀ ਨਹੀਂ ਮਿਲੀ। ਤਕਰੀਬਨ ਚਾਰ ਰਾਤਾਂ ਗੁਰਦੁਆਰੇ ਵਿੱਚ ਸੌਂਦੇ ਰਹੇ। ਆਖ਼ਰਕਾਰ ਜਦੋਂ ਪੈਸੇ ਮੁੱਕ ਗਏ ਤਾਂ ਉਨ੍ਹਾਂ ਨੇ ਵਾਪਸ ਜਾਣ ਦਾ ਫ਼ੈਸਲਾ ਕੀਤਾ।
ਉਹ ਸਾਡੀ ਬੁੜੈਲ ਮਸਜਿਦ ਵਿੱਚ ਆਰਥਿਕ ਮਦਦ ਲੈਣ ਲਈ ਆਏ ਸਨ, ਪਰ ਅੰਦਰ ਆਉਣ ਤੋਂ ਝਿਜਕ ਰਹੇ ਸਨ।
ਮੈਂ ਸ਼ਾਮ ਦੀ ਨਮਾਜ਼ ਅਦਾ ਕਰ ਕੇ ਬਾਹਰ ਨਿਕਲਿਆ ਤਾਂ ਇੱਕ ਨੇ ਮੇਰਾ ਹੱਥ ਫੜ ਕੇ ਆਪਣੀ ਕਹਾਣੀ ਦੱਸੀ। ਉਹ ਕਾਫ਼ੀ ਪਰੇਸ਼ਾਨ ਜਾਪਦੇ ਸਨ। ਮੈਂ ਉਨ੍ਹਾਂ ਨੂੰ ਤਸੱਲੀ ਦੇ ਕੇ ਅੰਦਰ ਮਸਜਿਦ ਦੀ ਕਮੇਟੀ ਕੋਲ ਲੈ ਗਿਆ।
ਉਹ ਨਾਗਪੁਰ ਨੇੜੇ ਆਪਣੀ ਬਸਤੀ ਵਿੱਚ ਵਾਪਸ ਜਾਣਾ ਚਾਹੁੰਦੇ ਸਨ। ਮੈਂ ਮਸਜਿਦ ਕਮੇਟੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਮਦਦ ਲਈ ਕੁਝ ਫੰਡ ਇਕੱਠਾ ਕਰਨ ਦੀ ਬੇਨਤੀ ਕੀਤੀ। ਇਸ ਲਈ ਉਨ੍ਹਾਂ ਦੀ ਮਦਦ ਲਈ ਨਮਾਜ਼ ਤੋਂ ਬਾਅਦ ਮਸਜਿਦ ਵਿੱਚ ਐਲਾਨ ਕੀਤਾ ਗਿਆ। ਅੰਤ ਵਿੱਚ ਕੁਝ ਰਕਮ ਇਕੱਠੀ ਹੋਈ ਜੋ ਉਨ੍ਹਾਂ ਦੀ ਯਾਤਰਾ ਦੇ ਖਰਚਿਆਂ ਲਈ ਲੋੜੀਂਦੇ ਖਰਚੇ ਨਾਲੋਂ ਲਗਭਗ ਅੱਧੀ ਸੀ। ਇੱਕ ਸ਼ਾਕਾਹਾਰੀ ਹੋਟਲ ਤੋਂ ਉਨ੍ਹਾਂ ਲੋੜਵੰਦਾਂ ਦੇ ਖਾਣੇ ਦੇ ਪ੍ਰਬੰਧ ਅਤੇ ਬਾਕੀ ਰਕਮ ਦੀ ਲੋੜ ਨੂੰ ਪੂਰਾ ਕਰਨ ਦੀ ਡਿਊਟੀ ਮੇਰੀ ਅਤੇ ਮੇਰੇ ਦੋ ਦੋਸਤਾਂ ਦੀ ਲੱਗੀ।
ਉਨ੍ਹਾਂ ਲਈ ਹਰ ਚੀਜ਼ ਦਾ ਪ੍ਰਬੰਧ ਹੋ ਗਿਆ। ਮੈਂ ਉਨ੍ਹਾਂ ਵਿੱਚੋਂ ਇੱਕ ਨਾਲ ਹੱਥ ਮਿਲਾਇਆ ਤਾਂ ਉਹ ਸੱਚਮੁੱਚ ਰੋ ਰਿਹਾ ਸੀ। ਉਸ ਨੇ ਮੈਨੂੰ ਕਿਹਾ, ”ਚਾਚਾ, ਕਿਰਪਾ ਕਰਕੇ ਮੈਨੂੰ ਆਪਣਾ ਨੰਬਰ ਦਿਓ ਤਾਂ ਜੋ ਮੈਂ ਨਾਗਪੁਰ ਪਹੁੰਚ ਕੇ ਤੁਹਾਨੂੰ ਕਾਲ ਕਰ ਸਕਾਂ।” ਮੈਂ ਕਿਹਾ, ”ਇਸ ਦੀ ਕੋਈ ਲੋੜ ਨਹੀਂ। ਹਾਂ, ਸਰਬਸ਼ਕਤੀਮਾਨ ਅੱਲ੍ਹਾ ਦਾ ਧੰਨਵਾਦ ਜਿਸ ਨੇ ਇਹ ਸਭ ਕਰਵਾਇਆ।” ਮੈਨੂੰ ਉਨ੍ਹਾਂ ਦੇ ਬੱਚਿਆਂ ਅਤੇ ਔਰਤਾਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਅਤੇ ਚਮਕ ਸਾਫ਼ ਦਿਖਾਈ ਦਿੱਤੀ। ਇਸ ਤਸੱਲੀ ਸਦਕਾ ਮੈਂ ਰਾਤ ਨੂੰ ਗੂੜ੍ਹੀ ਨੀਂਦ ਸੁੱਤਾ।
ਸੰਪਰਕ: 98147-10358