ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੰਕਲਪ ਰੈਲੀ
ਨਿੱਜੀ ਪੱਤਰ ਪ੍ਰੇਰਕ
ਮੋਗਾ, 23 ਨਵੰਬਰ
ਇੱਥੋਂ ਨੇੜਲੇ ਪਿੰਡ ਖੋਸਾ ਰਣਧੀਰ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੰਕਲਪ ਰੈਲੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਤੇ ਬੀਬੀਆਂ ਨੇ ਬੱਚਿਆਂ ਨਾਲ ਸ਼ਿਰਕਤ ਕੀਤੀ। ਰੈਲੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਤੇ ਬਠਿੰਡਾ ਵਿੱਚ ਕਿਸਾਨਾਂ ’ਤੇ ਕੀਤੇ ਜਬਰ ਦੀ ਨਿਖੇਧੀ ਵੀ ਕੀਤੀ ਗਈ। ਇਸ ਮੌਕੇ ਜਥੇਬੰਦੀ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਸੂਬਾ ਆਗੂ ਸਤਨਾਮ ਸਿੰਘ ਪੰਨੂ ਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਾਹਵਾਲਾ ਨੇ ਕਿਹਾ ਕਿ ਸ਼ੰਭੂ, ਖਨੌਰੀ ਤੇ ਰਤਨਪੁਰਾ (ਰਾਜਸਥਾਨ) ਵਿੱਚ ਲੱਗਾ ਮੋਰਚਾ ਅੱਜ 287ਵੇਂ ਦਿਨ ਵਿੱਚ ਪਹੁੰਚ ਗਿਆ ਹੈ, ਪਰ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ।
ਉਨ੍ਹਾਂ ਕਿਸਾਨ ਮਜ਼ਦੂਰ ਮੋਰਚਾ ਤੇ ਐੱਸਕੇਐੱਮ (ਗੈਰ-ਰਾਜਨੀਤਕ) ਵੱਲੋਂ 6 ਦਸੰਬਰ ਨੂੰ ਸ਼ੰਭੂ ਮੋਰਚੇ ਤੋਂ ਸ਼ਹੀਦੀ ਜਥੇ ਭੇਜਣ ਦਾ ਐਲਾਨ ਕਰਦਿਆਂ ਕਿਹਾ ਕਿ ਮੋਗਾ ਦੇ ਹਰ ਪਿੰਡ ਵਿੱਚੋਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਤੇ ਬੱਚਿਆਂ ਦੇ ਵੱਡੀ ਗਿਣਤੀ ਵਿੱਚ ਜਥੇ ਜਾਣਗੇ ਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿਣਗੇ। ਆਗੂਆਂ ਨੇ ਦੋਸ਼ ਲਾਇਆ ਕਿ ਭਾਰਤ ਮਾਲਾ ਪ੍ਰਾਜੈਕਟ ਦੇ ਨਾਂ ਹੇਠ ਪੰਜਾਬ ਦੀ ਲੱਖਾਂ ਏਕੜ ਵਾਹੀਯੋਗ ਜ਼ਮੀਨ ਕਿਸਾਨਾਂ ਤੋਂ ਖੋਹ ਕੇ ਪੂੰਜੀਪਤੀਆਂ ਦੇ ਹਵਾਲੇ ਕਰ ਕੇ ਕਿਸਾਨ ਭੂਮੀ ਗ੍ਰਹਿ ਐਕਟ 2013 ਮੁਤਾਬਕ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਥੇਬੰਦੀ ਪੀੜਤ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਕਿਸੇ ਵੀ ਕੀਮਤ ਤੇ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਕਾਰਪੋਰੇਟਾਂ ਦੇ ਹੱਥਾਂ ਵਿੱਚ ਨਹੀਂ ਜਾਣ ਦੇਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ 23 ਫਸਲਾਂ ਤੇ ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ’ਤੇ ਲੀਕ ਮਾਰਨ, ਬੁਢਾਪਾ ਪੈਨਸ਼ਨ 10 ਹਜ਼ਾਰ ਰੁਪਏ ਕਰਨ ਸਮੇਤ 12 ਮੰਗਾਂ ਨੂੰ ਹੱਲ ਨਹੀਂ ਕਰਵਾ ਲਿਆ ਜਾਂਦਾ, ਓਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਮੇਲ ਸਿੰਘ ਲੋਹਗੜ੍ਹ, ਹਰਮੰਦਰ ਸਿੰਘ ਡੇਮਰੂ, ਨਛੱਤਰ ਸਿੰਘ ਹੇਰਾਂ, ਕੁਲਵੰਤ ਸਿੰਘ ਫ਼ੌਜੀ, ਹਰਬੰਸ ਸਿੰਘ ਸਾਹ ਵਾਲਾ, ਗੁਰਮੇਲ ਸਿੰਘ ਤਲਵੰਡੀ ਮੱਲੀਆਂ, ਇੰਦਰਮੋਹਨ ਸਿੰਘ ਪੱਤੋਂ, ਸੋਹਣ ਸਿੰਘ ਰਾਮੂਵਾਲਾ, ਬੀਬੀ ਮਨਪ੍ਰੀਤ ਕੌਰ, ਅਮਰਜੀਤ ਕੌਰ, ਬੀਬੀ ਮਨਜੀਤ ਕੌਰ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਅਤੇ ਨੌਜਵਾਨਾਂ ਨੇ ਰੈਲੀ ਵਿੱਚ ਸ਼ਮੂਲੀਅਤ ਕੀਤੀ।