ਧਨਖੜ ਖ਼ਿਲਾਫ਼ ਮਹਾਦੋਸ਼ ਦਾ ਮਤਾ
ਵਿਰੋਧੀ ਧਿਰ ਦੀਆਂ ਪਾਰਟੀਆਂ ਵੱਲੋਂ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਮਤਾ ਲਿਆਉਣ ਲਈ ਨੋਟਿਸ ਦਾਖ਼ਲ ਕਰਵਾ ਦਿੱਤਾ ਹੈ ਜਿਸ ਤੋਂ ਸਾਡੀ ਪਾਰਲੀਮਾਨੀ ਸਿਆਸਤ ਵਿੱਚ ਆਇਆ ਖਿਚਾਅ ਰੇਖਾਂਕਿਤ ਹੁੰਦਾ ਹੈ। ਸੰਸਦ ਦੇ ਸਰਦ ਰੁੱਤ ਦੇ ਇਜਲਾਸ ਵਿੱਚ ਹੁਣ ਤੱਕ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਸੰਵਾਦ ਦੀ ਸੁਰ ਬਹੁਤ ਤਿੱਖੀ ਹੋ ਰਹੀ ਹੈ। ਸੰਸਦ ਦਾ ਚਲੰਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੱਤੇ ਜ਼ਾਹਿਰ ਕਰ ਦਿੱਤੇ ਸਨ ਕਿ ਵਿਰੋਧੀ ਧਿਰ ਨੂੰ ਕੁਸਕਣ ਨਹੀਂ ਦਿੱਤਾ ਜਾਵੇਗਾ। ਸ਼ੁਰੂ ਵਿੱਚ ਇਹ ਲੱਗਿਆ ਸੀ ਕਿ ਜਿਸ ਤਰ੍ਹਾਂ ਵਿਰੋਧੀ ਧਿਰ, ਖ਼ਾਸਕਰ ਕਾਂਗਰਸ ਪਾਰਟੀ ਸੰਸਦ ਵਿੱਚ ਅਡਾਨੀ ਸਮੂਹ ਖ਼ਿਲਾਫ਼ ਅਮਰੀਕਾ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਸਰਕਾਰ ਨੂੰ ਰਾਸ ਨਹੀਂ ਆਵੇਗਾ। ਇਸ ਕਰ ਕੇ ਕੁਝ ਦਿਨ ਦੇ ਹੰਗਾਮੇ ਤੋਂ ਬਾਅਦ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਕਾਰ ਸਹਿਮਤੀ ਬਣਨ ਨਾਲ ਅਗਾਂਹ ਤੋਂ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲਣ ਦੇ ਆਸਾਰ ਬਣ ਗਏ ਸਨ ਪਰ ਉਸ ਤੋਂ ਬਾਅਦ ਵੀ ਜਿਵੇਂ ਵਿਰੋਧੀ ਧਿਰ ਨੂੰ ਮੁੱਦੇ ਚੁੱਕਣ ਤੋਂ ਰੋਕਿਆ ਅਤੇ ਡੱਕਿਆ ਜਾਂਦਾ ਰਿਹਾ ਹੈ, ਉਸ ਦੇ ਮੱਦੇਨਜ਼ਰ ਵਿਰੋਧੀ ਧਿਰ ਨੂੰ ਇਹ ਤਿੱਖਾ ਕਦਮ ਚੁੱਕਣਾ ਪਿਆ ਹੈ।
ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਰਾਜ ਸਭਾ ਦੇ ਚੇਅਰਮੈਨ ਵਜੋਂ ਵਿਹਾਰ ਪੱਖਪਾਤੀ ਰਿਹਾ ਹੈ। ਰਾਜ ਸਭਾ ਦੇ ਚੇਅਰਮੈਨ ਖ਼ਿਲਾਫ਼ ਇਸ ਤਰ੍ਹਾਂ ਦਾ ਮਤਾ ਪਹਿਲੀ ਵਾਰ ਲਿਆਂਦਾ ਜਾ ਰਿਹਾ ਹੈ। ਇਸ ਮਤੇ ਉੱਪਰ ਕਾਂਗਰਸ, ਆਰਜੇਡੀ, ਤ੍ਰਿਣਮੂਲ ਕਾਂਗਰਸ, ਸੀਪੀਆਈ, ਸੀਪੀਐੱਮ, ਜੇਐੱਮਐੱਮ, ਆਮ ਆਦਮੀ ਪਾਰਟੀ, ਡੀਐੱਮਕੇ, ਸਮਾਜਵਾਦੀ ਪਾਰਟੀ ਦੇ 60 ਮੈਂਬਰਾਂ ਨੇ ਦਸਤਖ਼ਤ ਕੀਤੇ ਹਨ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਆਪਣੀ ਇੱਕ ਪੋਸਟ ਵਿੱਚ ਦੱਸਿਆ ਕਿ “ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੂੰ ਇਹ ਬਹੁਤ ਹੀ ਤਕਲੀਫ਼ਦੇਹ ਫ਼ੈਸਲਾ ਕਰਨਾ ਪਿਆ ਹੈ ਪਰ ਲੋਕਰਾਜ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਨੂੰ ਇਹ ਕਦਮ ਪੁੱਟਣਾ ਪਿਆ ਹੈ।” ਭਾਜਪਾ ਨੇਤਾ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਇਸ ਮਾਮਲੇ ’ਤੇ ਕਾਂਗਰਸ ਅਤੇ ਬਾਕੀ ਧਿਰਾਂ ਦੀ ਆਲੋਚਨਾ ਕੀਤੀ ਹੈ। ਭਾਜਪਾ ਤੇ ਸਰਕਾਰ ਦੇ ਤਰਜਮਾਨ ਵਜੋਂ ਰਿਜਿਜੂ ਨੇ ਵਿਰੋਧੀ ਧਿਰ ’ਤੇ ਦੋਸ਼ ਲਾਇਆ ਹੈ ਕਿ ਅਜਿਹਾ ਮਤਾ ਲਿਆ ਕੇ ਉਹ ‘ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਹਨ।’ ਭਾਜਪਾ ਨੇਤਾ ਨੇ ਕਿਹਾ ਕਿ ਵਿਰੋਧੀ ਧਿਰ ਕਈ ਵਾਰ ਦੋਵਾਂ ਸਦਨਾਂ ਵਿੱਚ ਸਪੀਕਰ ਦਾ ਨਿਰਾਦਰ ਕਰ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐੱਨਡੀਏ ਕੋਲ ਉੱਪਰਲੇ ਸਦਨ ਵਿੱਚ ਬਹੁਮਤ ਹੈ ਤੇ ਉਨ੍ਹਾਂ ਸਾਰਿਆਂ ਨੂੰ ਚੇਅਰਮੈਨ ’ਚ ਪੂਰਾ ਭਰੋਸਾ ਹੈ।
ਸੰਸਦ ਦੇਸ਼ ਦੇ ਲੋਕਾਂ ਦੇ ਹਿੱਤ ਨਾਲ ਜੁੜੇ ਮੁੱਦਿਆਂ ਉੱਪਰ ਵਿਚਾਰ ਚਰਚਾ ਕਰਨ ਦਾ ਸਭ ਤੋਂ ਵੱਡਾ ਲੋਕਰਾਜੀ ਮੰਚ ਹੈ। ਇਸ ਨੂੰ ਇੱਕ ਦੂਜੇ ਉੱਪਰ ਦਲਗਤ ਹਮਲੇ ਕਰਨ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਸੱਤਾ ਅਤੇ ਵਿਰੋਧੀ ਧਿਰ ਦੋਵਾਂ ਨੂੰ ਇਸ ਮੰਚ ਦੀ ਵਿਰਾਸਤ ਅਤੇ ਮਾਣ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਪਿਛਲੇ ਕੁਝ ਸਾਲਾਂ ਤੋਂ ਦੋਵਾਂ ਧਿਰਾਂ ਵਿਚਕਾਰ ਆਪਸੀ ਸੂਝ ਬੂਝ ਅਤੇ ਸੰਵਾਦਹੀਣਤਾ ਦਾ ਖਲਾਅ ਵਧ ਰਿਹਾ ਹੈ ਜੋ ਸਾਡੇ ਲੋਕਰਾਜ ਲਈ ਸ਼ੁਭ ਲੱਛਣ ਨਹੀਂ ਹੈ।