For the best experience, open
https://m.punjabitribuneonline.com
on your mobile browser.
Advertisement

ਦੋ ਸਾਬਕਾ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫ਼ੇ

09:43 AM May 02, 2024 IST
ਦੋ ਸਾਬਕਾ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫ਼ੇ
ਨਸੀਬ ਸਿੰਘ, ਨੀਰਜ ਬਸੋਆ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਮਈ
ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਦੋ ਦਿਨ ਬਾਅਦ ਸਾਬਕਾ ਵਿਧਾਇਕ ਨਸੀਬ ਸਿੰਘ ਅਤੇ ਨੀਰਜ ਬਸੋਆ ਦੇ ਅਸਤੀਫਿਆਂ ਨੇ ਪਾਰਟੀ ਦੀ ਸੂਬਾ ਇਕਾਈ ਨੂੰ ਝਟਕਾ ਦਿੱਤਾ ਹੈ। ਉਹ ਪਿਛਲੇ ਸਮੇਂ ਵਿੱਚ ਵਿਸ਼ਵਾਸ ਨਗਰ ਅਤੇ ਕਸਤੂਰਬਾ ਨਗਰ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਆਪਣੇ ਅਸਤੀਫੇ ਸੌਂਪੇ ਹਨ। ਕੌਮੀ ਰਾਜਧਾਨੀ ਵਿੱਚ ਪਾਰਟੀ ਦੇ ਸੰਗਠਨ ਨੂੰ ਕਾਬੂ ਵਿੱਚ ਰੱਖਣ ਲਈ ਦੇਵੇਂਦਰ ਯਾਦਵ ਨੂੰ ਕਾਂਗਰਸ ਦੀ ਦਿੱਲੀ ਇਕਾਈ ਦਾ ਅੰਤਰਿਮ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹੀ ਇਹ ਅਸਤੀਫੇ ਸਾਹਮਣੇ ਆਏ ਹਨ। ਯਾਦਵ ਪੰਜਾਬ ਦੇ ਕਾਂਗਰਸ ਇੰਚਾਰਜ ਵੀ ਹਨ, ਜਿੱਥੇ ਦਿੱਲੀ ਵਾਂਗ ‘ਆਪ’ ਅਤੇ ਕਾਂਗਰਸ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਇਆ ਹੈ। ਨਸੀਬ ਸਿੰਘ ਉੱਤਰ ਪੱਛਮੀ ਦਿੱਲੀ ਲੋਕ ਸਭਾ ਸੀਟ ਲਈ ਅਬਜ਼ਰਵਰ ਨਿਯੁਕਤ ਸਨ ਤੇ ਬਸੋਆ ਪੱਛਮੀ ਦਿੱਲੀ ਲੋਕ ਸਭਾ ਸੀਟ ਲਈ ਨਿਗਰਾਨ ਹਨ।
ਪਿਛਲੇ ਹਫ਼ਤੇ ਦਿੱਲੀ ਦੇ ਸਾਬਕਾ ਮੰਤਰੀ ਰਾਜਕੁਮਾਰ ਚੌਹਾਨ ਨੇ ਵੀ ਇਹੀ ਰਸਤਾ ਅਪਣਾਇਆ ਸੀ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਹੋਰ ਅਸਤੀਫ਼ੇ ਆਉਣ ਵਾਲੇ ਹਨ। ਹਾਲਾਂਕਿ ਕਾਂਗਰਸ ਤੋਂ ਬਾਹਰ ਨਿਕਲਣ ਵਾਲੇ ਅਜੇ ਤੱਕ ਭਾਜਪਾ ਜਾਂ ਕਿਸੇ ਹੋਰ ਵਿਰੋਧੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਹਨ। ਕਾਂਗਰਸ ਦੇ ਸੂਤਰਾਂ ਦਾ ਦਾਅਵਾ ਹੈ ਕਿ ਉਹ ਜਾਂ ਤਾਂ ਇਸ ਹਫਤੇ ਖਤਮ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਤੋਂ ਬਾਅਦ ਅਜਿਹਾ ਕਰ ਸਕਦੇ ਹਨ ਜਾਂ ਉਹ ‘‘ਭ੍ਰਿਸ਼ਟਾਚਾਰ ਵਿਰੋਧੀ ਸੰਗਠਨ’’ ਬਣਾ ਸਕਦੇ ਹਨ। ਅਸਤੀਫ਼ੇ ਦੇ ਪੱਤਰ ਵਿੱਚ ਬਸੋਆ ਨੇ ਕਿਹਾ ਕਿ ਉਹ ਏਆਈਸੀਸੀ ਮੈਂਬਰ ਅਤੇ ਏਆਈਸੀਸੀ ਦੇ ਅਬਜ਼ਰਵਰ ਅਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹੈ ਅਤੇ ਉਹ ਦਿੱਲੀ ਵਿੱਚ ‘ਆਪ’ ਦੇ ਨਾਲ ਪਾਰਟੀ ਦੇ ਗੱਠਜੋੜ ਤੋਂ ਦੁਖੀ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨਾਲ ਗੱਠਜੋੜ ਬੇਹੱਦ ਅਪਮਾਨਜਨਕ ਹੈ ਕਿਉਂਕਿ ‘ਆਪ’ ਪਿਛਲੇ 7 ਸਾਲਾਂ ’ਚ ਕਈ ਘੁਟਾਲਿਆਂ ਨਾਲ ਜੁੜੀ ਹੋਈ ਹੈ। ‘ਆਪ’ ਦੇ ਚੋਟੀ ਦੇ 3 ਨੇਤਾ ਅਰਵਿੰਦ ਕੇਜਰੀਵਾਲ, ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਪਹਿਲਾਂ ਹੀ ਜੇਲ੍ਹ ਵਿੱਚ ਹਨ। ‘ਆਪ’ ’ਤੇ ਦਿੱਲੀ ਸ਼ਰਾਬ ਘੁਟਾਲਾ ਅਤੇ ਦਿੱਲੀ ਜਲ ਬੋਰਡ ਘੁਟਾਲੇ ਵਰਗੇ ਵੱਖ-ਵੱਖ ਮੁੱਦਿਆਂ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ‘ਆਪ’ ਨੇ ਆਪਣੀ ਹੋਂਦ ਦੇ ਦੌਰਾਨ ਸਾਡੀ ਪਾਰਟੀ ਅਤੇ ਚੋਟੀ ਦੀ ਲੀਡਰਸ਼ਿਪ ’ਤੇ ਲਗਾਤਾਰ ਗੰਭੀਰ ਦੋਸ਼ ਲਗਾਏ ਸਨ।

Advertisement

Advertisement
Author Image

joginder kumar

View all posts

Advertisement
Advertisement
×