ਮੰਤਰੀ ਨਾਲ ਖਿੱਚੋਤਾਣ ਕਾਰਨ ਸਿੱਖਿਆ ਬੋਰਡ ਦੀ ਚੇਅਰਪਰਸਨ ਵੱਲੋਂ ਅਸਤੀਫ਼ਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 6 ਅਗਸਤ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਿਬੀਰ ਬੇਦੀ ਨੇ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਦੀ ‘ਆਪ’ ਸਰਕਾਰ ਨੇ ਉਨ੍ਹਾਂ ਨੂੰ 17 ਫਰਵਰੀ 2023 ਨੂੰ ਬੋਰਡ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਸੀ ਅਤੇ ਡਾ. ਬੇਦੀ ਨੇ 20 ਫਰਵਰੀ ਨੂੰ ਚਾਰਜ ਸੰਭਾਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਡਾ. ਸਤਿਬੀਰ ਬੇਦੀ ਨੇ ਬੀਤੀ ਸ਼ਾਮ ਆਪਣਾ ਅਸਤੀਫ਼ਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਭੇਜਿਆ ਸੀ। ਭਾਵੇਂ ਉਨ੍ਹਾਂ ਵੱਲੋਂ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇਣ ਦੀ ਗੱਲ ਆਖੀ ਗਈ ਹੈ ਪਰ ਬੋਰਡ ਸੂਤਰਾਂ ਅਨੁਸਾਰ ਉਨ੍ਹਾਂ ਦੀ ਸਿੱਖਿਆ ਮੰਤਰੀ ਨਾਲ ਕੁਝ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਇਸ ਕਾਰਨ ਉਨ੍ਹਾਂ ਨੇ ਅਸਤੀਫ਼ਾ ਦੇਣਾ ਹੀ ਠੀਕ ਸਮਝਿਆ। ਉਂਜ ਉਹ ਪਿਛਲੇ ਇੱਕ ਮਹੀਨੇ ਤੋਂ ਮੈਡੀਕਲ ਲੀਵ ’ਤੇ ਚੱਲ ਰਹੇ ਸਨ। ਉਹ ਘਰ ਵਿੱਚ ਪੈਰ ਤਿਲਕਣ ਕਾਰਨ ਡਿੱਗ ਗਏ ਸਨ ਅਤੇ ਉਨ੍ਹਾਂ ਦੇ ਗੋਡੇ ’ਤੇ ਸੱਟ ਵੱਜੀ ਸੀ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਨੇ ਡਾ. ਬੇਦੀ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਸਕੂਲ ਬੋਰਡ ਦਾ ਦਫ਼ਤਰੀ ਕੰਮ-ਕਾਜ ਚਲਾਉਣ ਲਈ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਨਾਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੂੰ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਡਾ. ਸਤਿਬੀਰ ਬੇਦੀ 1986 ਬੈਚ ਦੇ ਆਈਏਐਸ ਸਨ, ਜੋ ਹੁਣ ਸੇਵਾਮੁਕਤ ਸਨ। ਉਨ੍ਹਾਂ ਦੀ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ (ਅਮੈਡਮੈਂਟ) ਐਕਟ 2017, ਪ੍ਰਿੰਸੀਪਲ ਐਕਟ (1969) ਦੇ ਸੈਕਸ਼ਨ 4 (2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੀ ਨਿਯੁਕਤੀ ਸਬੰਧੀ ਇਹ ਅਧਿਸੂਚਨਾ ਜਾਰੀ ਹੋਣ ਤੋਂ 66 ਸਾਲ ਦੀ ਉਮਰ ਤੱਕ ਜਾਂ ਤਿੰਨ ਸਾਲ ਦੇ ਸਮੇਂ ਲਈ (ਜਿਹੜਾ ਪਹਿਲਾਂ ਹੋਵੇ) ਤੱਕ ਕੀਤੀ ਗਈ ਸੀ, ਪ੍ਰੰਤੂ ਉਹ ਬੜੀ ਮੁਸ਼ਕਲ ਨਾਲ ਕਰੀਬ ਡੇਢ ਸਾਲ ਹੀ ਨੌਕਰੀ ਕਰ ਸਕੇ। ਜ਼ਿਕਰਯੋਗ ਹੈ ਕਿ 2023 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਅਚਾਨਕ ਅਸਤੀਫ਼ਾ ਦੇਣ ਕਾਰਨ ਇਹ ਅਸਾਮੀ ਖਾਲੀ ਹੋਈ ਸੀ। ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ਹਿਰ ਦੇ ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਯੋਗਰਾਜ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਯੋਗਰਾਜ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਸਮੇਂ ਵੀ ਚੇਅਰਮੈਨ ਬਣੇ ਰਹੇ ਅਤੇ ਲਗਪਗ ਸਾਲ ਭਰ ‘ਆਪ’ ਸਰਕਾਰ ਦੌਰਾਨ ਉਨ੍ਹਾਂ ਨੇ ਸੇਵਾਵਾਂ ਨਿਭਾਈਆਂ।