ਤਿੰਨ ਪਿੰਡਾਂ ਦੇ ਵਾਸੀ ਇਲਾਜ ਲਈ ਤੈਅ ਕਰਦੇ ਨੇ ਪੰਜਾਹ ਕਿੱਲੋਮੀਟਰ ਦਾ ਪੈਂਡਾ
ਸਰਬਜੀਤ ਗਿੱਲ
ਫਿਲੌਰ, 8 ਅਗਸਤ
ਸਤਲੁਜ ਦਰਿਆ ਦੇ ਜਲੰਧਰ ਵਾਲੇ ਪਾਸੇ ਲੁਧਿਆਣਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਲੋਕਾਂ ਨੂੰ ਇਲਾਜ ਲਈ ਹਸਪਤਾਲ ਜਾਣ ਵਾਸਤੇ ਪੰਜਾਹ ਕਿੱਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਨਵਾਂ ਖਹਿਰਾ ਬੇਟ, ਆਲੋਵਾਲ ਤੇ ਭੋਲੇਵਾਲ ਤਿੰਨ ਪਿੰਡ ਅਜਿਹੇ ਹਨ, ਜਿਨ੍ਹਾਂ ਦੀ ਭੂਗੋਲਿਕ ਤੌਰ ’ਤੇ ਜਲੰਧਰ ਨਾਲ ਸਾਂਝ ਹੈ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਜਾਣ ਲਈ ਦਰਿਆ ਪਾਰ ਕਰਨ ਲਈ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ। ਆਲੋਵਾਲ ਤੇ ਭੋਲੇਵਾਲ ਨੂੰ ਫਿਲੌਰ ਪਾਰ ਕਰਕੇ ਡਿਸਪੈਂਸਰੀ ਲਾਡੂਵਾਲ ਦੀ ਲਗਦੀ ਹੈ। ਜਦੋਂ ਕਿ ਨਵਾਂ ਖਹਿਰਾ ਬੇਟ ਨੂੰ ਦਰਿਆ ਪਾਰ ਕਰਕੇ ਪਿੰਡ ਖਹਿਰਾ ਬੇਟ ਦੀ ਡਿਸਪੈਂਸਰੀ ਲਗਦੀ ਹੈ। ਇਨ੍ਹਾਂ ਪਿੰਡਾਂ ਨੂੰ ਪੀਐੱਚਸੀ ਕੂਮ ਕਲਾਂ ਲਗਦੀ ਹੈ। ਕੂਮ ਕਲਾਂ, ਨਵਾਂ ਖਹਿਰਾ ਬੇਟ ਤੋਂ ਵਾਇਆ ਫਿਲੌਰ 52 ਕਿੱਲੋਮੀਟਰ ਪੈਂਦਾ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਇਨ੍ਹਾਂ ਨੂੰ ਥਾਣਾ ਫਿਲੌਰ (ਜਲੰਧਰ) ਲੱਗਦਾ ਹੈ ਪਰ ਬਾਕੀ ਸਾਰੇ ਕੰਮਾਂ ਨੂੰ ਲੁਧਿਆਣਾ ਨਾਲ ਜੋੜਿਆ ਹੋਇਆ ਹੈ।
ਇਸ ਵਾਰ ਆਏ ਹੜ੍ਹਾਂ ਦੌਰਾਨ ਫਸੇ ਲੋਕਾਂ ਨੂੰ ਜਲੰਧਰ ਦੀ ਟੀਮ ਨੇ ਸੁਰੱਖਿਅਤ ਕੱਢਿਆ ਪਰ ਬਾਕੀ ਸਹੂਲਤਾਂ ਲਈ ਸਥਾਨਕ ਅਧਿਕਾਰੀਆਂ ਨੇ ਲੁਧਿਆਣਾ ਨਾਲ ਸੰਪਰਕ ਕਰਨ ਨੂੰ ਕਹਿ ਦਿੱਤਾ।
ਪਿੰਡ ਨਵਾਂ ਖਹਿਰਾ ਬੇਟ (ਵਿਧਾਨ ਸਭਾ ਹਲਕਾ ਗਿੱਲ) ਦੀ ਇੱਕੋਂ ਇੱਕ ਸਰਕਾਰੀ ਸੰਸਥਾ ਆਂਗਨਵਾੜੀ ਕੇਂਦਰ ਦੀ ਵਰਕਰ ਨੇ ਦੱਸਿਆ ਕਿ ਹੜ੍ਹ ਆਉਣ ਉਪਰੰਤ ਬੱਚਿਆਂ ਦਾ ਟੀਕਾਕਰਨ ਖਹਿਰਾ ਬੇਟ ਤੋਂ ਸਟਾਫ਼ ਬੇੜੀ ਰਾਹੀ ਆ ਕੇ ਕਰਦਾ ਰਿਹਾ ਪਰ ਜੇ ਕਿਸੇ ਡਾਕਟਰ ਨੇ ਆਉਣਾ ਹੋਵੇ ਤਾਂ ਉਹ ਜ਼ਿਲ੍ਹਾ ਜਲੰਧਰ ਵੱਲ ਦੀ ਹੀ ਆਉਂਦਾ ਹੈ। ਪਿੰਡ ਦੇ ਲੋਕ ਆਮ ਦਵਾਈ ਬੂਟੀ ਲਈ ਜਲੰਧਰ ਜ਼ਿਲ੍ਹੇ ਦੇ ਪਿੰਡ ਮਾਓ ਸਾਹਿਬ ਨੂੰ ਹੀ ਆਸਰਾ ਬਣਾਉਂਦੇ ਹਨ। ਜ਼ਮੀਨੀ ਰਿਕਾਰਡ ਲੁਧਿਆਣਾ ਨਾਲ ਸਬੰਧਤ ਹੋਣ ਕਾਰਨ ਆਮ ਲੋਕ ਵਿੱਚ ਵਿਚਾਲੇ ਫਸੇ ਹੋਏ ਹਨ।