ਦਰ-ਦਰ ਧੱਕੇ ਖਾਣ ਲਈ ਮਜਬੂਰ ਧੱਕਾ ਬਸਤੀ ਦੇ ਵਸਨੀਕ
ਅਕਾਂਕਸ਼ਾ ਐਨ ਭਾਰਦਵਾਜ
ਜਲੰਧਰ, 20 ਅਗਸਤ
ਹੜ੍ਹਾਂ ਕਾਰਨ ਪੰਜਾਬ ਖਾਸ ਕਰ ਕੇ ਜਲੰਧਰ ਨੇੜਲੇ ਖੇਤਰਾਂ ਵਿਚ ਰਹਿੰਦੇ ਲੋਕਾਂ ਨੂੰ ਦੁਸ਼ਵਾਰੀਆਂ ਨੇ ਘੇਰ ਲਿਆ ਹੈ। ਉਨ੍ਹਾਂ ਦੀ ਜ਼ਿੰਦਗੀ ਡਰਾਉਣੇ ਸੁਫ਼ਨੇ ਵਾਂਗ ਹੋ ਗਈ ਹੈ। ਧੱਕਾ ਬਸਤੀ ਦੀ ਰਹਿਣ ਵਾਲੀ ਭੁਪਿੰਦਰ ਕੌਰ ਦਾ ਸਾਢੇ ਪੰਜ ਸਾਲਾ ਲੜਕਾ ਬਲਵੰਤ ਸਿੰਘ ਪੇਚਸ਼ ਦੀ ਮਾਰ ਹੇਠ ਆਉਣ ਕਾਰਨ ਕਈ ਦਿਨ ਹਸਪਤਾਲ ਵਿਚ ਜ਼ੇਰੇ ਇਲਾਜ ਰਿਹਾ। ਉਸ ਨੂੰ ਹੁਣ ਹਸਪਤਾਲੋਂ ਛੁੱਟੀ ਹੋ ਗਈ ਹੈ ਪਰ ਉਹ ਪਿਛਲੇ 41 ਦਿਨਾਂ ਤੋਂ ਲੋਹੀਆਂ ਦੀ ਨਹਿਲ ਮੰਡੀ ਵਿਚ ਟੈਂਟ ਵਿਚ ਕਹਿਰ ਦੀ ਗਰਮੀ ਵਿਚ ਪਰਿਵਾਰ ਸਣੇ ਰਹਿ ਰਿਹਾ ਹੈ। ਇਥੇ ਹੁੰਮਸ ਕਾਰਨ ਉਸ ਤੇ ਉਸ ਦੇ ਪਰਿਵਾਰ ਨੂੰ ਕਈ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਉਹ ਭਾਵੇਂ ਠੀਕ ਹੋ ਗਿਆ ਹੈ ਪਰ ਉਹ ਹਾਲੇ ਵੀ ਸਕੂਲ ਨਹੀਂ ਜਾ ਰਿਹਾ। ਉਨ੍ਹਾਂ ਦਾ ਧੱਕਾ ਬਸਤੀ ਵਿਚ ਇਕ ਕਮਰੇ ਦਾ ਮਕਾਨ ਸੀ ਜੋ ਹੜ੍ਹਾਂ ਕਾਰਨ ਨੁਕਸਾਨਿਆ ਗਿਆ ਹੈ। ਭੁਪਿੰਦਰ ਕੌਰ ਵੀ ਬਿਮਾਰ ਹੋਣ ਕਾਰਨ ਹਸਪਤਾਲ ਦਾਖ਼ਲ ਸੀ ਪਰ ਉਹ ਹੁਣ ਕਾਫੀ ਕਮਜ਼ੋਰ ਹੋ ਗਈ ਹੈ। ਉਸ ਨਾਲ ਜਦੋਂ ਗੱਲ ਕੀਤੀ ਤਾਂ ਉਸ ਨੇ ਬਹੁਤ ਮੱਧਮ ਆਵਾਜ਼ ਵਿਚ ਕਿਹਾ,‘ਹਿੱਲਿਆ ਵੀ ਨਹੀਂ ਜਾਂਦਾ, ਜ਼ਿੰਦਗੀ ਮੁਸ਼ਕਲ ਹੋ ਗਈ ਹੈ।’
ਉਨ੍ਹਾਂ ਦੇ ਟੈਂਟ ਦੇ ਨਾਲ ਹੀ ਰਹਿੰਦੀ ਪ੍ਰਕਾਸ਼ ਕੌਰ ਦੀ 13 ਸਾਲਾ ਲੜਕੀ ਮਹਾਵਾਰੀ ਦੀ ਸਮੱਸਿਆ ਤੋਂ ਪੀੜਤ ਹੈ। ਉਹ ਨੇੜਲੇ ਖੇਤਾਂ ਵਿੱਚ ਸ਼ਾਮ ਵੇਲੇ ਪਖਾਨੇ ਲਈ ਜਾਂਦੀ ਹੈ। 10 ਜੁਲਾਈ ਨੂੰ ਪਏ ਭਾਰੀ ਮੀਂਹ ਤੋਂ ਬਾਅਦ ਉਨ੍ਹਾਂ ਨੂੰ ਦੁਸ਼ਵਾਰੀਆਂ ਨੇ ਘੇਰ ਲਿਆ ਹੈ। ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਅੱਠ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਹੁਣ ਖੇਤਾਂ ਵਿਚ ਮਜ਼ਦੂਰੀ ਕਰਦੀ ਹੈ। ਉਸ ਨੇ ਕਿਹਾ ਕਿ ਮੰਡੀ ਵਿਚ ਕਈ ਪਖਾਨੇ ਹਨ ਪਰ ਇਥੇ ਕਈ ਪਰਿਵਾਰ ਰਹਿਣ ਕਾਰਨ ਇਨ੍ਹਾਂ ਪਖਾਨਿਆਂ ਦੀ ਹਾਲਤ ਖਸਤਾ ਹੈ ਤੇ ਇਥੇ ਸਾਫ ਸਫਾਈ ਵੀ ਨਹੀਂ ਹੈ ਜਿਸ ਕਰ ਕੇ ਇਥੇ ਜਾਣਾ ਠੀਕ ਨਹੀਂ ਹੈ। ਇਸ ਕਰ ਕੇ ਉਹ ਆਪਣੀ ਜਵਾਨ ਲੜਕੀ ਨਾਲ ਸ਼ਾਮ ਵੇਲੇ ਖੇਤਾਂ ਵਿਚ ਹੀ ਜਾਣਾ ਮੁਨਾਸਬਿ ਸਮਝਦੀ ਹੈ ਕਿਉਂਕਿ ਉਸ ਵੇਲੇ ਉੁਥੇ ਕੋਈ ਵੀ ਨਹੀਂ ਹੁੰਦਾ ਪਰ ਇਸ ਹਾਲਤ ਵਿਚ ਆਪਣੀ ਜਵਾਨ ਲੜਕੀ ਨਾਲ ਇਥੇ ਰਹਿਣਾ ਬਹੁਤ ਔਖਾ ਹੈ ਜੋ ਔਰਤਾਂ ਸਬੰਧੀ ਸਮੱਸਿਆ ਨਾਲ ਜੂਝ ਰਹੀ ਹੈ।
ਬਲਵੰਤ ਸਿੰਘ ਦਾ ਪਿਤਾ ਸੁਰਜੀਤ ਸਿੰਘ ਦਿਹਾੜੀਦਾਰ ਹੈ। ਉਸ ਨੇ ਦੱਸਿਆ, ‘ਜੁਲਾਈ ਤੋਂ ਬਾਅਦ ਅਸੀਂ ਸਾਰੇ ਸਮੱਸਿਆਵਾਂ ਨਾਲ ਲਗਾਤਾਰ ਦੋ ਚਾਰ ਹੋ ਰਹੇ ਹਾਂ। ਇਥੇ ਲੋਕ ਨਿੱਤ ਬਿਮਾਰ ਪੈ ਰਹੇ ਹਨ, ਇਹ ਬਹੁਤ ਔਖਾ ਸਮਾਂ ਹੈ। ਸਾਨੂੰ ਸਾਰਿਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਸਾਰੇ ਪੱਕੇ ਮਕਾਨ ਵਿਚ ਕਦੋਂ ਰਹਿਣਾ ਸ਼ੁਰੂ ਕਰਾਂਗੇ। ਇਸ ਵੇਲੇ ਛੋਟੇ ਬੱਚਿਆਂ ਨੂੰ ਜ਼ਿਆਦਾ ਸਮੱਸਿਆ ਆ ਰਹੀ ਹੈ।’ ਜ਼ਿਕਰਯੋਗ ਹੈ ਕਿ ਨਹਿਲ ਮੰਡੀ ਵਿਚ ਸਾਫ ਸਫਾਈ ਦੀ ਘਾਟ ਹੈ ਤੇ ਹੁੰਮਸ ਭਰੇ ਮੌਸਮ ਵਿਚ ਟੈਂਟਾਂ ਵਿਚ ਰਹਿਣਾ ਬਹੁਤ ਔਖਾ ਹੈ।