ਭੁੱਖਣ-ਭਾਣੇ ਪਸ਼ੂਆਂ ਨਾਲ ਐੱਸਡੀਐੱਮ ਦਫ਼ਤਰ ਪੁੱਜੇ ਸ਼ਾਦੀਹਰੀ ਵਾਸੀ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 9 ਜੂਨ
ਪਿੰਡ ਸ਼ਾਦੀਹਰੀ ਵਿੱਚ ਦਲਿਤਾਂ ਦੀ ਨਜ਼ੂਲ ਜ਼ਮੀਨ ਵਿੱਚੋਂ ਮੋਟਰ ਦਾ ਕੁਨੈਕਸ਼ਨ ਕੱਟੇ ਜਾਣ ਕਾਰਨ ਨੁਕਸਾਨੇ ਗਈ ਹਰੇ ਚਾਰੇ ਦੀ ਫ਼ਸਲ ਕਾਰਨ ਸੈਂਕੜੇ ਪਰਿਵਾਰਾਂ ਨੇ ਅੱਜ ਐੱਸਡੀਐੱਮ ਦਫ਼ਤਰ ਦਿੜ੍ਹੁਬਾ ਵਿੱਚ ਆਪਣੇ ਭੁੱਖੇ ਪਸ਼ੂਆਂ ਨਾਲ ਰੋਸ ਧਰਨਾ ਦਿੱਤਾ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਵਿੰਦਰ ਸਿੰਘ, ਮੱਖਣ ਸਿੰਘ ਸ਼ਾਦੀਹਰੀ ਅਤੇ ਲਹਿਰਾਗਾਗਾ ਬਲਾਕ ਦੇ ਪ੍ਰਧਾਨ ਗੁਰਦਾਸ ਸਿੰਘ ਝਲੂਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੰਮੇ ਸਮੇਂ ਤੋਂ ਪਿੰਡ ਸ਼ਾਦੀਹਰੀ ਦੇ ਜ਼ਮੀਨੀ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਵਾਰ-ਵਾਰ ਲਾਰੇ-ਲੱਪੇ ਲਾਉਣ ਸਣੇ ਲੋਕਾਂ ਨੂੰ ਡੰਡੇ ਦੇ ਜ਼ੋਰ ‘ਤੇ ਦਬਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੇ ਪਿੰਡ ਸ਼ਾਦੀਹਰੀ ਦੇ ਦਲਿਤਾਂ ਦੀ ਨਜ਼ੂਲ ਜ਼ਮੀਨ ਵਿੱਚੋਂ ਮੋਟਰ ਦਾ ਕੁਨੈਕਸ਼ਨ ਕੱਟ ਦਿੱਤਾ ਸੀ, ਜਿਸ ਨਾਲ 300 ਪਰਿਵਾਰਾਂ ਦਾ ਹਰਾ ਚਾਰਾ ਸੁੱਕ ਰਿਹਾ ਹੈ ਅਤੇ ਪਸ਼ੂਆਂ ਲਈ ਪਾਣੀ ਪੀਣ ਲਈ ਨਹੀਂ ਹੈ। ਇਸ ਖ਼ਿਲਾਫ਼ ਰੋਸ ਜਤਾਉਣ ਲਈ ਅੱਜ ਪਿੰਡ ਦੇ ਲੋਕ ਆਪਣੇ ਭੁੱਖੇ ਪਸ਼ੂਆਂ ਨੂੰ ਨਾਲ ਲੈ ਕੇ ਐੱਸਡੀਐੱਮ ਦਫ਼ਤਰ ਪੁੱਜੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਜ਼ਮੀਨ ਵਿਹੂਣੇ ਕਰਕੇ ਲੋਕਾਂ ਦੇ ਪਸ਼ੂ ਭੁੱਖੇ ਮਾਰਨ ਦੀ ਮਨਸ਼ਾ ਨੂੰ ਜਥੇਬੰਦੀ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਦਿੜ੍ਹਬਾ ਦੇ ਤਹਿਸੀਲਦਾਰ ਅਤੇ ਡੀਐੱਸਪੀ ਪ੍ਰਿਥਵੀ ਸਿੰਘ ਚਹਿਲ ਨੇ ਮੌਕੇ ‘ਤੇ ਪੁੱਜ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮਸਲੇ ਦੇ ਹੱਲ ਲਈ ਸੋਮਵਾਰ ਨੂੰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ।