ਰਵਿਦਾਸਪੁਰਾ ਟਿੱਬੀ ਦੇ ਵਸਨੀਕਾਂ ਵੱਲੋਂ ਪੱਕਾ ਧਰਨਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੂਨ
ਸੁਨਾਮ ਊਧਮ ਸਿੰਘ ਵਾਲਾ ਦੀ ਰਵਿਦਾਸਪੁਰਾ ਟਿੱਬੀ ਬਸਤੀ ਵਿੱਚ ਵਕਫ਼ ਬੋਰਡ ਦੀ ਜ਼ਮੀਨ ‘ਤੇ ਨਾਜਾਇਜ਼ ਉਸਾਰੀ ਦੇ ਮਾਮਲਾ ਸਬੰਧੀ ਰਵਿਦਾਸਪੁਰਾ ਟਿੱਬੀ ਦੇ ਲੋਕਾਂ ਨੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਸ਼ਹਿਰ ਦੇ ਅਗਰਵਾਲ ਚੌਕ ਵਿਚ ਥਾਣਾ ਸਿਟੀ ਸੁਨਾਮ ਦੇ ਐੱਸਐੱਚਓ ਅਤੇ ਡੀਐਸਪੀ ਸੁਨਾਮ ਦਾ ਪੁਤਲਾ ਫ਼ੂਕਦਿਆਂ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਧਰਨਾਕਾਰੀ ਪੁਲੀਸ ਵੱਲੋਂ ਦਰਜ ਕੀਤਾ ਕੇਸ ਰੱਦ ਕਰਨ, ਗ੍ਰਿਫ਼ਤਾਰ ਵਿਅਕਤੀਆਂ ਨੂੰ ਰਿਹਾਅ ਕਰਨ ਅਤੇ ਆਪਣੇ ਮਕਾਨਾਂ ‘ਤੇ ਕਾਬਜ਼ ਵਸਨੀਕਾਂ ਨੂੰ ਮਾਲਕੀ ਦੇ ਹੱਕ ਦੇਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਸੂਬਾ ਮੀਤ ਪ੍ਰਧਾਨ ਕਾਮਰੇਡ ਵਿਜੈ ਕੁਮਾਰ ਭੀਖੀ, ਪ੍ਰਗਤੀਸ਼ੀਲ ਇਸਤਰੀ ਸਭਾ ਪੰਜਾਬ ਦੀ ਆਗੂ ਜਸਵੀਰ ਕੌਰ ਨੱਤ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਰਵਿਦਾਸਪੁਰਾ ਟਿੱਬੀ ਦੇ ਪੱਕੇ ਵਸਨੀਕ ਮਜ਼ਦੂਰਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ, ਪੰਚਾਇਤੀ ਜ਼ਮੀਨ ਅਤੇ ਵਕਫ ਬੋਰਡ ਦੀ ਜ਼ਮੀਨ ਖਾਲੀ ਕਰਵਾਉਣ ਦੀ ਆੜ ਹੇਠ ਮਜ਼ਦੂਰਾਂ ਦਾ ਉਜਾੜਾ ਬੰਦ ਕਰਨ, ਮੰਤਰੀ ਦੀ ਸ਼ਹਿ ‘ਤੇ ਤਿੰਨ ਮਜ਼ਦੂਰਾਂ ਖ਼ਿਲਾਫ਼ ਦਰਜ ਕੀਤੇ ਝੂਠੇ ਕੇਸ ਰੱਦ ਕਰਨ ਅਤੇ ਗ੍ਰਿਫ਼ਤਾਰ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ। ਛਾਜਲੀ ਨੇ ਦੱਸਿਆ ਕਿ ਸਥਾਨਕ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਨਾਲ ਮੀਟਿੰਗ ਹੋਈ ਪਰ ਇਹ ਬੇਸਿੱਟਾ ਰਹੀ। ਉਨ੍ਹਾਂ ਕਿਹਾ ਕਿ ਰਵਿਦਾਸਪੁਰਾ ਟਿੱਬੀ ਦੇ ਲੋਕਾਂ ਖ਼ਿਲਾਫ਼ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਆਲ ਇੰਡੀਆ ਸਟੂਡੈਂਟਸ ਯੂਨੀਅਨ ਪੰਜਾਬ ਦੀਆਂ ਆਗੂ ਸੁਖਪ੍ਰੀਤ ਕੌਰ, ਰੀਤੂ ਰਾਣੀ, ਭਰਾਤਰੀ ਜਥੇਬੰਦੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕਾਲਾ ਸਿੰਘ ਸੁਨਾਮ, ਮਜਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਖਡਿਆਲੀ, ਜ਼ਿਲ੍ਹਾ ਸਕੱਤਰ ਮਨਜੀਤ ਕੌਰ ਆਲੋਅਰਖ, ਬਿੱਟੂ ਸਿੰਘ ਖੋਖਰ ਨੇ ਵੀ ਸੰਬੋਧਨ ਕੀਤਾ।