ਗਲੀ ’ਚ ਖੜ੍ਹਦੇ ਗੰਦੇ ਪਾਣੀ ਤੋਂ ਮਲਕਪੁਰ ਵਾਸੀ ਪ੍ਰੇਸ਼ਾਨ
ਪੱਤਰ ਪ੍ਰੇਰਕ
ਪਾਇਲ, 9 ਸਤੰਬਰ
ਪਿੰਡ ਮਲਕਪੁਰ ਵਾਸੀ ਕਈ ਮਹੀਨੇ ਤੋਂ ਗਲੀ ’ਚ ਖੜ੍ਹਦੇ ਗੰਦੇ ਪਾਣੀ ਕਾਰਨ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਸਾਬਕਾ ਬਲਾਕ ਅਫਸਰ ਬਲਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਬਰਸਾਤ ਪੈਣ ਕਾਰਨ ਟੋਭੇ ਦੇ ਓਵਰਫਲੋਅ ਹੋ ਜਾਣ ਕਾਰਨ ਗਲੀ ’ਚ ਖੜ੍ਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਲੰਘਣਾ ਮੁਸ਼ਕਲ ਹੋਇਆ ਪਿਆ ਹੈ, ਉੱਥੇ ਭਿਆਨਕ ਇਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚੋਂ ਬੱਸ ਸਟੈਂਡ ਨੂੰ ਆਉਣ ਵਾਲੀ ਮੇਨ ਗਲੀ ’ਚ ਖੜ੍ਹੇ ਗੰਦੇ ਪਾਣੀ ’ਚੋਂ ਆਉਂਦੀ ਬਦਬੂ ਕਾਰਨ ਪਿੰਡ ਵਾਸੀ ਬਹੁਤ ਔਖੇ ਹਨ ਅਤੇ ਖਾਸਕਰ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਬੱਸ ਸਟੈਂਡ ਦੇ ਨੇੜੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਵੀ ਪ੍ਰੇਸ਼ਾਨੀ ਆਉਂਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਭੰਗ ਹੋਣ ਕਾਰਨ ਸੱਤਾਧਾਰੀ ਧਿਰ ਨਾਲ ਸਬੰਧਤ ਪਿੰਡਾਂ ਦੇ ਕੁੱਝ ਆਗੂ ਹੀ ਅੱਗੇ ਹੋ ਕੇ ਕੰਮ ਕਰਵਾ ਰਹੇ ਹਨ, ਪਰ ਸਿਆਸੀ ਰੰਜਿਸ਼ ਕਾਰਨ ਇਸਦਾ ਹੱਲ ਨਹੀਂ ਕੀਤਾ ਜਾ ਰਿਹਾ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਵੀ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਇਸ ਮੌਕੇ ਗੁਰਪ੍ਰੀਤ ਸਿੰਘ ਰਿੰਕਾ, ਮਨਪ੍ਰੀਤ ਸਿੰਘ, ਦਲਵੀਰ ਸਿੰਘ, ਦਰਸਨ ਸਿੰਘ ਜੰਗੀ, ਗੁਰਮੀਤ ਸਿੰਘ ਗੱਗੂ ਤੇ ਜਗਦੀਪ ਸਿੰਘ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਪੱਕਾ ਹੱਲ ਕੀਤਾ ਜਾਵੇ।