ਲਹਿਰਾਗਾਗਾ ਵਾਸੀ ਲਾਵਾਰਿਸ ਪਸ਼ੂਆਂ ਕਾਰਨ ਪ੍ਰੇਸ਼ਾਨ
ਪੱਤਰ ਪ੍ਰੇਰਕ
ਲਹਿਰਾਗਾਗਾ, 4 ਸਤੰਬਰ
ਲਹਿਰਾਗਾਗਾ ਵਿੱਚ ਵੱਡੀ ਗਊਸ਼ਾਲਾ ਹੋਣ ਦੇ ਬਾਵਜੂਦ ਸਥਾਨਕ ਸ਼ਹਿਰ ’ਚ ਲਾਵਾਰਿਸ ਪਸ਼ੂਆਂ ਕਾਰਨ ਲੋਕ ਪ੍ਰੇਸ਼ਾਨ ਹਨ। ਇੱਥੇ ਰਾਤ ਵੇਲੇ ਪਸ਼ੂਆਂ ਕਾਰਨ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇੱਕ ਆਵਾਰਾ ਪਸ਼ੂ ਨੇ ਸ਼ਹਿਰ ਦੇ ਪਿੰਡ ਵਾਲੇ ਪਾਸੇ ਇੱਕ ਬਿਰਧ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਉਸ ਦੀ ਮੌਤ ਹੋ ਗਈ। ਕੁੱਝ ਸਮਾਂ ਪਹਿਲਾਂ ਸਰਕਾਰ ਵੱਲੋਂ ਸੰਗਰੂਰ ਨੇੜੇ ਖੋਲ੍ਹੀ ਵੱਡੀ ਗਊਸ਼ਾਲਾ ਵਿੱਚ ਆਵਾਰਾ ਪਸ਼ੂਆਂ ਨੂੰ ਭੇਜਿਆ ਜਾਂਦਾ ਸੀ ਪਰ ਇਹ ਯੋਜਨਾ ਠੱਪ ਹੋ ਗਈ ਹੈ ਜਿਸ ਕਰਕੇ ਮੁੱਖ ਅਤੇ ਲਿੰਕ ਸੜਕਾਂ ’ਤੇ ਲਾਵਾਰਿਸ ਪਸ਼ੂਆਂ ਕਰ ਕੇ ਹਾਦਸੇ ਵਾਪਰਦੇ ਹਨ। ਉਧਰ ਗਊਸ਼ਾਲਾ ਕਮੇਟੀ ਦਾ ਕਹਿਣਾ ਹੈ ਕਿ ਉਹ ਫੀਡ, ਤੂੜੀ ਦੀ ਘਾਟ ਦੇ ਬਾਵਜੂਦ 1700-1800 ਗਊਆਂ ਨੂੰ ਸੰਭਾਲ ਰਹੇ ਹਨ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਲਾਲ ਸਿੰਘ, ਸਾਬਕਾ ਕੌਂਸਲਰ ਦਵਿੰਦਰ ਨੀਟੂ ਆਦਿ ਦਾ ਕਹਿਣਾ ਹੈ ਕਿ ਹੁਣ ਵੀ ਗਊਸ਼ਾਲਾ ਕਮੇਟੀ ਅਤੇ ਪ੍ਰਸ਼ਾਸਨ ਉਡੀਕ ਵਿੱਚ ਹੈ ਕਿ ਕਦੇ ਕੋਈ ਵੱਡਾ ਹਾਦਸਾ ਹੋਵੇ ਕਿਉਂਕਿ ਸ਼ਾਮ ਸਮੇਂ ਇਹ ਪਸ਼ੂ ਸੜਕਾਂ ’ਤੇ ਰਾਹ ਵਿੱਚ ਹੀ ਬੈਠ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।