ਰੇਲਵੇ ਲਾਈਨ ’ਤੇ ਫਾਟਕ ਬੰਦ ਕਰਨ ਤੋਂ ਭੜਕੇ ਕੋਟਲਾ ਗੁੱਜਰਾਂ ਦੇ ਵਾਸੀ
ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 2 ਦਸੰਬਰ
ਬਲਾਕ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਦੇ ਵਾਸੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਇੰਚਾਰਜ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਭਾਈ ਕੋਟਲਾ ਨੇ ਦੱਸਿਆ ਕਿ ਸਾਡੇ ਪਿੰਡ ਦਾ ਜੋ ਰੇਲਵੇ ਫਾਟਕ ਹੈ ਉਹ ਵਿਭਾਗ ਵੱਲੋਂ ਵੱਡੇ ਵੱਡੇ ਪੱਥਰ ਲਾ ਕੇ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਪੁਲ ਦੇ ਥੱਲੇ ਪਾਣੀ ਸਾਰਾ ਇਕੱਠਾ ਹੋ ਜਾਂਦਾ ਹੈ। ਜੇ ਕਿਧਰੇ ਕਿਸੇ ਨੂੰ ਲੰਘਣਾ ਪਵੇ ਤਾਂ ਉੱਥੋਂ ਗੱਡੀਆਂ ਨਹੀਂ ਲੰਘਦੀਆਂ। ਉਹ ਇਸ ਸਬੰਧੀ ਕਈ ਵਾਰ ਸਰਕਾਰੀ ਅਧਿਕਾਰੀਆਂ ਦੇ ਧਿਆਨ ’ਚ ਲਿਆ ਚੁੱਕੇ ਹਨ ਪਰ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਸਾਡੇ ਪਿੰਡ ਕੋਟਲਾ ਗੁੱਜਰਾਂ ਵਾਲਾ ਫਾਟਕ ਚਾਲੂ ਕੀਤਾ ਜਾਵੇ ਅਤੇ ਪਿੰਡ ਵਾਲੇ ਸਟੇਸ਼ਨ ਉੱਤੇ ਰੇਲ ਨਹੀਂ ਰੁਕ ਰਹੀ, ਉਸ ਸਟੇਸ਼ਨ ਨੂੰ ਚਾਲੂ ਕਰ ਕੇ ਰੇਲ ਨੂੰ ਰੁਕਣ ਦੇ ਹੁਕਮ ਜਾਰੀ ਕੀਤੇ ਜਾਣ। ਇਸ ਮੌਕੇ ਇੰਦਰਜੀਤ ਸਿੰਘ ਭੁੱਲਰ, ਸੁਖਵੰਤ ਸਿੰਘ ਭੁੱਲਰ, ਕੇਵਲ ਸਿੰਘ ਭੁੱਲਰ, ਮਨਜੀਤ ਸਿੰਘ, ਹਰਪਾਲ ਸਿੰਘ ਰੰਗਰੇਟਾ, ਪ੍ਰਭਜੀਤ ਸਿੰਘ ਭੁੱਲਰ, ਗਗਨਦੀਪ ਸਿੰਘ ਰੰਗਰੇਟਾ, ਅਮਰਜੀਤ ਸਿੰਘ ਫੌਜੀ, ਰੰਗਰੇਟਾ, ਪੰਚਾਇਤ ਮੈਂਬਰ ਵੀਰ ਸਿੰਘ ਅਤੇ ਗੱਬਰ ਸਿੰਘ ਆਦਿ ਹਾਜ਼ਰ ਸਨ।