ਪੰਜ ਪਿੰਡਾਂ ਦੇ ਵਸਨੀਕਾਂ ਨੇ ਨਹਿਰੀ ਪਾਣੀ ਲਈ ਸੰਘਰਸ਼ ਵਿੱਢਿਆ
ਪੱਤਰ ਪ੍ਰੇਰਕ
ਏਲਨਾਬਾਦ, 2 ਜੁਲਾਈ
ਰਾਜਸਥਾਨ ਦੀ ਹੱਦ ਨਾਲ ਲੱਗਦੇ ਏਲਨਾਬਾਦ ਦੇ ਪਿੰਡਾਂ ਕਰਮਸ਼ਾਨਾ, ਮਿਠੁਨਪੁਰਾ, ਢਾਣੀ ਸ਼ੇਰਾ, ਕਿਸ਼ਨਪੁਰਾ, ਢਾਣੀ ਸਿੱਧੂ ਅਤੇ ਅਨੇਕ ਢਾਣੀਆਂ ਦੇ ਲੋਕਾਂ ਨੇ ਨਹਿਰੀ ਪਾਣੀ ਦੀ ਮੰਗ ਲਈ ਅੱਜ ਮਿਠੁਨਪੁਰਾ ਨਹਿਰ ਦੇ ਪੁਲ ’ਤੇ ਖਾਲੀ ਘਡ਼ਾ ਰੱਖ ਕੇ ਧਰਨਾ ਸ਼ੁਰੂ ਕੀਤਾ। ਲੋਕਾਂ ਨੇ ਦੱਸਿਆ ਕਿ ਹਰ ਸਾਲ ਮਈ ਤੋਂ ਅਗਸਤ ਤੱਕ ਇਨ੍ਹਾਂ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਅਤੇ ਸਿੰਜਾਈ ਦੇ ਪਾਣੀ ਲਈ ਮਿਠੁਨਪੁਰਾ ਨਹਿਰ ਦੇ ਪੁਲ ’ਤੇ ਧਰਨੇ ’ਤੇ ਬੈਠਣ ਲਈ ਮਜਬੂਰ ਹੁੰਦੇ ਹਨ। ਆਜ਼ਾਦੀ ਤੋਂ ਬਾਅਦ ਸੂਬੇ ਦੀ ਕੋਈ ਵੀ ਸਰਕਾਰ ਇਨ੍ਹਾਂ ਪਿੰਡਾਂ ਵਿੱਚ ਉੱਚਿਤ ਮਾਤਰਾ ਵਿੱਚ ਪਾਣੀ ਮੁਹੱਈਆ ਨਹੀਂ ਕਰਵਾ ਸਕੀ ਹੈ।
ਮੇਘਾ ਰਾਮ ਸੋਲੰਕੀ ਅਤੇ ਨੌਜਵਾਨ ਕਿਸਾਨ ਕੁਲਦੀਪ ਮੁੰਦਲੀਆ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬੀਤੀ 20 ਜੂਨ ਨੂੰ ਢਾਣੀ ਸ਼ੇਰਾ ਭਾਖੜਾ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ ਜੋ ਕਿ 10 ਤੋਂ 12 ਘੰਟਿਆਂ ਵਿੱਚ ਪਾਣੀ ਟੇਲ ਤੱਕ ਪਹੁੰਚਦਾ ਹੈ ਪਰ ਅੱਜ 12 ਦਿਨ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪਿੰਡਾਂ ਤੱਕ ਪਾਣੀ ਨਹੀ ਪਹੁੰਚਿਆਂ ਹੈ। ਜਿਸ ਕਾਰਨ ਵਾਟਰ ਵਰਕਸ ਵਿੱਚ ਬਣੀਆਂ ਡਿੱਗੀਆਂ ਖਾਲੀ ਪਈਆਂ ਹਨ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਘੱਗਰ ਬਰਾਂਚ ਢਾਣੀ ਸ਼ੇਰਾ ਫਲੱਡੀ ਨਹਿਰ ਵਿੱਚ ਸਰ੍ਹੋਂ ਦੀ ਕਟਾਈ ਤੋਂ ਬਾਅਦ ਹੁਣ ਤੱਕ ਸਿੰਜਾਈ ਲਈ ਪਾਣੀ ਨਹੀਂ ਛੱਡਿਆ ਗਿਆ, ਜਿਸ ਕਾਰਨ ਕਿਸਾਨਾਂ ਦੀ ਨਰਮੇ ਦੀ ਫ਼ਸਲ ਬਰਬਾਦ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਭਾਖੜਾ ਵਿੱਚ ਪਾਣੀ ਦੇ ਨਾਲ-ਨਾਲ ਸਿੰਜਾਈ ਲਈ ਪਾਣੀ ਵੀ ਛੱਡਿਆ ਜਾਵੇ।
ਇਸ ਦੌਰਾਨ ਧਰਨੇ ’ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਦੋਵਾਂ ਨਹਿਰਾਂ ਵਿੱਚ ਪਾਣੀ ਨਾ ਛੱਡਿਆ ਗਿਆ ਤਾਂ ਕਿਸਾਨ ਅਗਲੀ ਰਣਨੀਤੀ ਬਣਾਉਣਗੇ।