ਮੋਦੀ, ਜੈਸ਼ੰਕਰ ਅਤੇ ਡੋਵਾਲ ਨਾਲ ਸਬੰਧਤ ਰਿਪੋਰਟ ਗਲਤ: ਕੈਨੇਡਾ
ਓਟਵਾ, 22 ਨਵੰਬਰ
ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਸਮੇਤ ਕੈਨੇਡਾ ’ਚ ਅਪਰਾਧਿਕ ਸਰਗਰਮੀਆਂ ਨਾਲ ਜੋੜਨ ਵਾਲੀ ਮੀਡੀਆ ਰਿਪੋਰਟ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਇਹ ‘ਕਿਆਸਾਂ ’ਤੇ ਆਧਾਰਿਤ’ ਅਤੇ ਗਲਤ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਅਤੇ ਖ਼ੁਫ਼ੀਆ ਸਲਾਹਕਾਰ ਨਥਾਲੀ ਜੀ. ਡਰੌਈਨ ਨੇ ਵੀਰਵਾਰ ਨੂੰ ਰਿਪੋਰਟ ਨੂੰ ਨਕਾਰਿਆ। ਇਸ ਤੋਂ ਇਕ ਦਿਨ ਪਹਿਲਾਂ ਭਾਰਤ ਨੇ ਕੈਨੇਡਿਆਈ ਮੀਡੀਆ ਦੀ ਇਸ ਰਿਪੋਰਟ ਨੂੰ ਬਦਨਾਮ ਕਰਨ ਵਾਲੀ ਮੁਹਿੰਮ ਕਰਾਰ ਦਿੰਦਿਆਂ ਉਸ ਦੀ ਸਖ਼ਤ ਆਲੋਚਨਾ ਕੀਤੀ ਸੀ। ‘ਦਿ ਗਲੋਬ ਐਂਡ ਮੇਲ’ ਅਖ਼ਬਾਰ ਨੇ ਇਕ ਬੇਨਾਮ ਸੀਨੀਅਰ ਕੌਮੀ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਮੰਗਲਵਾਰ ਨੂੰ ਕਿਹਾ ਸੀ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ, ਨਿੱਝਰ ਦੀ ਹੱਤਿਆ ਅਤੇ ਹੋਰ ਹਿੰਸਕ ਸਾਜ਼ਿਸ਼ਾਂ ਬਾਰੇ ਜਾਣਦੇ ਸਨ। ਅਖ਼ਬਾਰ ਮੁਤਾਬਕ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਹੱਤਿਆਵਾਂ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਡੋਵਾਲ ਤੇ ਜੈਸ਼ੰਕਰ ਵੀ ਇਸ ਤੋਂ ਜਾਣੂ ਸਨ।
ਡਰੌਈਨ ਨੇ ‘ਪ੍ਰਿਵੀ ਕਾਊਂਸਿਲ’ ਦਫ਼ਤਰ ਵੱਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ, ‘‘14 ਅਕਤੂਬਰ ਨੂੰ ਜਨਤਕ ਸੁਰੱਖਿਆ ਲਈ ਵੱਡੇ ਖ਼ਤਰੇ ਕਾਰਨ ਆਰਸੀਐੱਮਪੀ ਅਤੇ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡਾ ’ਚ ਕੀਤੀ ਗਈ ਗੰਭੀਰ ਅਪਰਾਧਿਕ ਗਤੀਵਿਧੀਆਂ ਬਾਰੇ ਜਨਤਕ ਤੌਰ ’ਤੇ ਦੋਸ਼ ਲਗਾਉਣ ਦਾ ਕਦਮ ਚੁੱਕਿਆ। ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ, ਮੰਤਰੀ ਜੈਸ਼ੰਕਰ ਜਾਂ ਐੱਨਐੱਸਏ ਡੋਵਾਲ ਨੂੰ ਮੁਲਕ ਅੰਦਰ ਗੰਭੀਰ ਅਪਰਾਧਿਕ ਗਤੀਵਿਧੀ ਨਾਲ ਜੋੜਨ ਵਾਲੇ ਸਬੂਤਾਂ ਬਾਰੇ ਕੁਝ ਨਹੀਂ ਕਿਹਾ ਹੈ ਅਤੇ ਨਾ ਹੀ ਉਸ ਨੂੰ ਇਸ ਦੀ ਜਾਣਕਾਰੀ ਹੈ। ਇਸ ਦੇ ਉਲਟ ਕੀਤੀ ਜਾ ਰਹੀ ਹਰ ਗੱਲ ਕਿਆਸਅਰਾਈ ’ਤੇ ਆਧਾਰਿਤ ਅਤੇ ਗਲਤ ਹੈ।’’ -ਪੀਟੀਆਈ
ਕੈਨੇਡਾ ਵੱਲੋਂ ਭਾਰਤ ਜਾਣ ਵਾਲੇ ਯਾਤਰੀਆਂ ਦੀ ਵਿਸ਼ੇਸ਼ ਜਾਂਚ ਬੰਦ
ਵੈਨਕੂਵਰ (ਪੱਤਰ ਪ੍ਰੇਰਕ): ਕੈਨੇਡਾ ਤੋਂ ਦਿੱਲੀ ਲਈ ਉਡਾਣਾਂ ਦੇ ਯਾਤਰੀਆਂ ਦੀ ਵਿਸ਼ੇਸ਼ ਜਾਂਚ ਦੇ ਹੁਕਮ ਅੱਜ ਵਾਪਸ ਲੈ ਲਏ ਗਏ ਹਨ। ਕੈਨੇਡਾ ਦੇ ਸਰਕਾਰੀ ਮੀਡੀਆ ਅਦਾਰੇ ਕੈਨੇਡਾ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਨੇ ਟਰਾਂਸਪੋਰਟ ਮੰਤਰੀ ਦਫਤਰ ਦੇ ਹਵਾਲੇ ਨਾਲ ਦੱਸਿਆ ਕਿ ਸੋਮਵਾਰ ਤੋਂ ਸ਼ੁਰੂ ਹੋਈ ਜਾਂਚ ਅੱਜ ਵਾਪਸ ਲੈ ਲਈ ਗਈ ਹੈ ਤੇ ਹੁਣ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਵਿਸ਼ੇਸ਼ ਜਾਂਚ ਪ੍ਰਕਿਰਿਆ ’ਚੋਂ ਨਹੀਂ ਲੰਘਣਾ ਪਏਗਾ। ਵੱਖ ਵੱਖ ਮੀਡੀਆ ਅਦਾਰਿਆਂ ਵੱਲੋਂ ਸੋਮਵਾਰ ਨੂੰ ਹੋਏ ਵਿਸ਼ੇਸ਼ ਜਾਂਚ ਦੇ ਹੁਕਮਾਂ ਉੱਤੇ ਵੱਖ ਵੱਖ ਵਿਚਾਰ ਪੇਸ਼ ਕਰਕੇ ਉਸ ਦੇ ਕਾਰਨ ਗਿਣਾਏ ਜਾ ਰਹੇ ਸਨ। ਸਰਕਾਰੀ ਮੀਡੀਆ ਅਦਾਰੇ ਵੱਲੋਂ ਪਹਿਲੇ ਹੁਕਮ ਰੱਦ ਕੀਤੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।
ਭਾਰਤ ਦੋਸ਼ਾਂ ਨੂੰ ਪਹਿਲਾਂ ਹੀ ਕਰ ਚੁੱਕਾ ਹੈ ਖਾਰਜ
ਨਵੀਂ ਦਿੱਲੀ ’ਚ ਬੁੱਧਵਾਰ ਨੂੰ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ‘ਦਿ ਗਲੋਬ ਐਂਡ ਮੇਲ’ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਅਜਿਹੇ ਹਾਸੋ-ਹੀਣੇ ਬਿਆਨਾਂ ਨੂੰ ਉਸੇ ਤਰ੍ਹਾਂ ਖਾਰਜ ਕੀਤਾ ਜਾਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਕਿਹਾ ਸੀ ਕਿ ਅਜਿਹੀਆਂ ਬਦਨਾਮ ਕਰਨ ਵਾਲੀਆਂ ਚਾਲਾਂ ਪਹਿਲਾਂ ਤੋਂ ਤਣਾਅਪੂਰਨ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੀਆਂ ਹਨ। -ਪੀਟੀਆਈ