ਸਰਕਾਰ ਨੇ ਟੈਲੀਕਾਮ ਸਾਈਬਰ ਸੁਰੱਖਿਆ ਨੇਮ ਨੋਟੀਫਾਈ ਕੀਤੇ
ਨਵੀਂ ਦਿੱਲੀ: ਸਰਕਾਰ ਨੇ ਟੈਲੀਕਾਮ ਸਾਈਬਰ ਸੁਰੱਖਿਆ ਨੇਮ ਨੋਟੀਫਾਈ ਕੀਤੇ ਹਨ, ਜਿਨ੍ਹਾਂ ਦਾ ਮਨੋਰਥ ਟੈਲੀਕਾਮ ਕੰਪਨੀਆਂ ਲਈ ਸੁਰੱਖਿਆ ’ਚ ਕੋਤਾਹੀ ਸਬੰਧੀ ਘਟਨਾਵਾਂ ਦੀ ਜਾਣਕਾਰੀ ਦੇਣ ਤੇ ਖੁਲਾਸਾ ਕਰਨ ਦੀ ਸਮਾਂਹੱਦ ਤੈਅ ਕਰਨ ਸਣੇ ਕਈ ਕਦਮਾਂ ਰਾਹੀਂ ਭਾਰਤ ਦੀ ਸੰਚਾਰ ਪ੍ਰਣਾਲੀ ਤੇ ਸੇਵਾਵਾਂ ਨੂੰ ਸੁਰੱਖਿਅਤ ਬਣਾਉਣਾ ਹੈ। ਇਹ ਨੇਮ ਕੇਂਦਰ ਸਰਕਾਰ/ਉਸ ਦੀ ਅਧਿਕਾਰਤ ਏਜੰਸੀ ਨੂੰ ਸਾਈਬਰ ਸੁਰੱਖਿਆ ਯਕੀਨੀ ਬਣਾਉਣ ਦੇ ਮਕਸਦ ਨਾਲ ਕਿਸੇ ਦੂਰਸੰਚਾਰ ਯੂਨਿਟ ਤੋਂ ਮੈਸੇਜ ਸਮੱਗਰੀ ਤੋਂ ਇਲਾਵਾ ਕੋਈ ਹੋਰ ਡਾਟਾ ਮੰਗਣ ਦਾ ਅਧਿਕਾਰ ਦਿੰਦੇ ਹਨ। ਇਨ੍ਹਾਂ ਨੇਮਾਂ ਤਹਿਤ ਦੂਰਸੰਚਾਰ ਕੰਪਨੀਆਂ ਨੂੰ ਟੈਲੀਕਾਮ ਸਾਈਬਰ ਸੁਰੱਖਿਆ ਨੀਤੀ ਵੀ ਅਪਣਾਉਣੀ ਪਵੇਗੀ ਜਿਸ ਵਿੱਚ ਸੁਰੱਖਿਆ ਉਪਾਅ, ਜ਼ੋਖਮ ਪ੍ਰਬੰਧਨ ਨਜ਼ਰੀਆ, ਕਾਰਵਾਈ, ਟਰੇਨਿੰਗ, ਨੈੱਟਵਰਕ ਜਾਂਚ ਤੇ ਜ਼ੋਖਮ ਮੁਲਾਂਕਣ ਸ਼ਾਮਲ ਹੋਵੇਗਾ। ਨੇਮਾਂ ’ਚ ਟੈਲੀਕਾਮ ਸਾਈਬਰ ਸੁਰੱਖਿਆ ਫਰਜ਼ਾਂ ਨੂੰ ਵੀ ਸਪੱਸ਼ਟ ਉਭਾਰਿਆ ਗਿਆ ਹੈ। -ਪੀਟੀਆਈ
ਘਟਨਾ ਬਾਰੇ ਕੇਂਦਰ ਨੂੰ ਛੇ ਘੰਟਿਆਂ ’ਚ ਦੇਣੀ ਪਵੇਗੀ ਜਾਣਕਾਰੀ
ਟੈਲੀਕਾਮ ਸਾਈਬਰ ਸੁਰੱਖਿਆ ਨੇਮਾਂ ਤਹਿਤ ਟੈਲੀਕਾਮ ਕੰਪਨੀਆਂ ਇਕ ਮੁੱਖ ਟੈਲੀਕਾਮ ਸੁਰੱਖਿਆ ਅਧਿਕਾਰੀ ਨਿਯੁਕਤ ਕਰਨਾ ਪਵੇਗਾ ਅਤੇ ਸੁੁਰੱਖਿਆ ਸਬੰਧੀ ਘਟਨਾਵਾਂ ਦੀ ਵੇਰਵਿਆਂ ਸਣੇ ਜਾਣਕਾਰੀ ਛੇ ਘੰਟਿਆਂ ਦੇ ਅੰਦਰ ਕੇਂਦਰ ਨੂੰ ਦੇਣੀ ਹੋਵੇਗੀ। ਸੁਰੱਖਿਆ ਘਟਨਾਵਾਂ ਸਬੰਧੀ ਮਿਲਣ ਦੇ 24 ਘੰਟਿਆਂ ਅੰਦਰ ਕੰਪਨੀਆਂ ਨੂੰ ਪ੍ਰਭਾਵਿਤ ਯੂਜਰਸ ਦੀ ਗਿਣਤੀ, ਸਮਾਂ, ਭੂਗੋਲਿਕ ਖੇਤਰ, ਪ੍ਰਣਾਲੀ ਜਾਂ ਸੇਵਾਵਾਂ ’ਤੇ ਪੈਣ ਵਾਲੇ ਅਸਰ ਤੇ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦੇਣੀ ਪਵੇਗੀ।