ਬਠਿੰਡਾ ’ਚ ‘ਨਸ਼ੇ ਹਟਾਓ, ਰੁੱਖ ਲਗਾਓ, ਜ਼ਿੰਦਗੀਆਂ ਬਚਾਓ’ ਮੁਹਿੰਮ ਦਾ ਆਗਾਜ਼
ਸ਼ਗਨ ਕਟਾਰੀਆ
ਬਠਿੰਡਾ, 14 ਜੁਲਾਈ
‘ਨਸ਼ੇ ਹਟਾਓ, ਰੁੱਖ ਲਗਾਓ, ਜ਼ਿੰਦਗੀਆਂ ਬਚਾਓ’ ਮੁਹਿੰਮ ਤਹਿਤ ਇੱਕ ਲੱਖ ਰੁੱਖ ਇੱਕ ਘੰਟੇ ਅੰਦਰ ਲਾਉਣ ਦੇ ਟੀਚੇ ਦੀ ਇਲਾਕੇ ਵਿੱਚ ਰਸਮੀ ਸ਼ੁਰੂਆਤ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਅੱਜ ਇੱਥੇ ਠੰਢੀ ਸੜਕ ’ਤੇ ਪੋਖਰ ਮੱਲ ਦੀ ਕੰਟੀਨ ਨਜ਼ਦੀਕ ਪੌਦੇ ਲਾ ਕੇ ਕੀਤੀ। ਸ੍ਰੀ ਗਿੱਲ ਨੇ ਕਿਹਾ ਕਿ ਰੁੱਖ ਵਾਤਾਵਰਨ ਦਾ ਸਮਤੋਲ ਬਣਾ ਕੇ ਰੱਖਦੇ ਹਨ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਧਿਆਨ ’ਚ ਰੱਖਦਿਆਂ ਲੋਕਾਈ ਨੂੰ ਕੁਦਰਤ ਦੇ ਹਿਤ ਵਿੱਚ ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਮੱਦੇਨਜ਼ਰ ਭਵਿੱਖ ਦੀਆਂ ਪੀੜ੍ਹੀਆਂ ਲਈ ਸਭਨਾਂ ਦੀ ਜ਼ਿੰਮੇਵਾਰੀ ਵੱਧ ਤੋਂ ਵੱਧ ਰੁੱਖ ਲਾ ਕੇ, ਉਨ੍ਹਾਂ ਦੀ ਸੰਭਾਲ ਕਰਨਾ ਹਰ ਇੱਕ ਦਾ ਫਰਜ਼ ਹੈ ਅਤੇ ਇਸ ਕੰਮ ਲਈ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੰਗੇ ਨਾਗਰਿਕ ਹੋਣ ਦੇ ਨਾਤੇ ਲੋਕਾਂ ਨੂੰ ਪਲਾਸਟਿਕ ਦੇ ਸਾਮਾਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਇਸ ਦੇ ਹੋਰ ਬਦਲ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਧਰਤੀ ਦੇ ਸਰੋਤਾਂ ਦੀ ਜਿੰਨੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਾਂ, ਓਨੀ ਹੀ ਸਾਨੂੰ ਧਰਤੀ ਨੂੰ ਵਾਪਿਸ ਮੋੜ ਕੇ ਸੰਤੁਲਨ ਬਣਾਇਆ ਜਾਣਾ ਸਮੇਂ ਦੀ ਲੋੜ ਹੈ। ਇਸ ਮੌਕੇ ਐਸਐਸਪੀ ਬਠਿੰਡਾ ਦੀਪਕ ਪਾਰੀਕ, ਪੰਜਾਬ ਕਿ੍ਰਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਸਮੇਤ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਅਤੇ ਆਮ ਲੋਕ ਹਾਜ਼ਰ ਸਨ।
ਗੁਰਪ੍ਰੀਤ ਮਲੂਕਾ ਨੇ ਮਾਡਲ ਟਾਊਨ ਵਿੱਚ ਲਾਏ ਬੂਟੇ
ਬਠਿੰਡਾ (ਮਨੋਜ ਸ਼ਰਮਾ): ਸਿਟੀਜ਼ਨ ਅਵੇਰਨੈੱਸ ਐਂਡ ਵੈਲਫ਼ੇਅਰ ਸੰਸਥਾ ਵੱਲੋਂ ਵਾਤਾਵਰਨ ਸੰਭਾਲ ਲਈ ਅੱਜ ਬਠਿੰਡਾ ’ਚ ਪੌਦੇ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਗੁਰਪ੍ਰੀਤ ਸਿੰਘ ਮਲੂਕਾ ਨੇ ਮਾਡਲ ਟਾਊਨ ਫੇਜ਼-3 ਦਾਦੀ ਪੋਤੀ ਪਾਰਕ ਵਿਚ ਇਸ ਮੁਹਿੰਮ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੁੰਦੇ ਹੋਏ। ਉਨ੍ਹਾਂ ਪੌਦੇ ਲਗਾਉਣ ਦੀ ਸੁਰੂਆਤ ਕਰਦਿਆਂ ਵੱਧ ਤੋਂ ਵੱਧ ਬੂਟੇ ਲਾਉਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਤਰੱਕੀ ਤੇ ਵਿਕਾਸ ਦੇ ਨਾਂ ’ਤੇ ਕੁਦਰਤੀ ਸੋਮਿਆਂ ਅਤੇ ਵਾਤਾਵਰਨ ਨਾਲ ਖਿਲਵਾੜ ਕੀਤਾ। ਉਨ੍ਹਾਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਗੁਰਪ੍ਰੀਤ ਮਲੂਕਾ ਨੇ ਨਿੱਜੀ ਤੌਰ ’ਤੇ ਫੇਜ਼ ਤਿੰਨ ’ਚ ਮੁੱਖ ਸੜਕਾਂ ’ਤੇ ਵੀ ਬੂਟੇ ਲਾਏ। ਇਸ ਮੌਕੇ ਐਡਵੋਕੇਟ ਗੁਰਸੇਵਕ ਸਿੰਘ ਸਿੱਧੂ, ਨਵਲ ਗੋਇਲ, ਗੁਰਪਾਲ ਸਿੰਘ, ਰਤਨ ਸ਼ਰਮਾ ਹਾਜ਼ਰ ਸਨ।