ਕਾਕੋਰੀ ਕਾਂਡ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ
ਡਾ. ਚਰਨਜੀਤ ਸਿੰਘ ਗੁਮਟਾਲਾ
ਭਾਰਤ ਦੇ ਆਜ਼ਾਦੀ ਦੇ ਇਤਿਹਾਸ ਵਿਚ ਕਾਕੋਰੀ ਕਾਂਡ ਦਾ ਵਿਸ਼ੇਸ਼ ਸਥਾਨ ਹੈ। ਕਾਕੋਰੀ ਗੱਡੀ ਲੁੱਟਣ ਦੀ ਘਟਨਾ ਜੋ 9 ਅਗਸਤ 1925 ਨੂੰ ਘਟੀ, ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਕ੍ਰਾਂਤੀਕਾਰੀਆਂ ਦੁਆਰਾ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਪੈਸੇ ਦੀ ਲੋੜ ਪੂਰੀ ਕਰਨ ਲਈ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਹਥਿਆਰ ਖਰੀਦਣ ਦਾ ਉਪਰਾਲਾ ਸੀ। ਇਸ ਡਕੈਤੀ ਵਿਚ ਜਰਮਨ ਦੇ ਬਣੇ ਚਾਰ ਮਾਊਜ਼ਰ ਵਰਤੇ ਗਏ। ਇਨ੍ਹਾਂ ਪਿਸਤੌਲਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਨ੍ਹਾਂ ਦੇ ਪਿੱਛੇ ਲੱਕੜ ਦਾ ਇੱਕ ਹੋਰ ਕੁੰਡਾ ਲਾ ਕੇ ਇਨ੍ਹਾਂ ਦੀ ਵਰਤੋਂ ਰਾਈਫਲ ਵਾਂਗ ਕੀਤੀ ਜਾ ਸਕਦੀ ਸੀ। ਇਸ ਕਾਰਵਾਈ ਵਿਚ ਐਸੋਸੀਏਸ਼ਨ ਦੇ ਦਸ ਮੈਂਬਰਾਂ ਨੇ ਭਾਗ ਲਿਆ ਸੀ।
ਰੇਲ ਗੱਡੀ ਲਖਨਊ ਜ਼ਿਲ੍ਹੇ ਦੇ ਕੋਕਰੀ ਰੇਲਵੇ ਸਟੇਸ਼ਨ ਤੋਂ ਚੱਲੀ ਅੱਠ ਡਾਊਨ ਸਹਾਰਨਪੁਰ ਲਖਨਊ ਪਸੈਂਜਰ ਟਰੇਨ ਸੀ। ਇਸ ਵਿਚ ਰਾਮ ਪ੍ਰਸਾਦਿ ਬਿਸਮਿਲ, ਅਸ਼ਫ਼ਾਕ ਉੱਲਾ ਖ਼ਾਨ, ਕੇਸ਼ਵ ਚੱਕਰਵਰਤੀ, ਮੁਰਾਰੀ ਸ਼ਰਮਾ, ਚੰਦਰ ਸ਼ੇਖਰ ਆਜ਼ਾਦ, ਸਚਿੰਦਰ ਬਖਸ਼ੀ, ਮੁਕੰਦ ਲਾਲ, ਮਨਮਥਨਾਥ ਗੁਪਤਾ ਅਤੇ ਬਨਵਾਰੀ ਲਾਲ ਸ਼ਾਮਲ ਸਨ। ਤਿੰਨ ਕ੍ਰਾਂਤੀਕਾਰੀ ਸਚਿੰਦਰ ਨਾਥ ਬਖ਼ਸ਼ੀ, ਅਸ਼ਫਾਕ ਉੱਲਾ ਖਾਂ ਤੇ ਰਜਿੰਦਰ ਨਾਥ ਲਾਹਿਰੀ ਦੂਜੇ ਦਰਜੇ ਵਿਚ ਸਨ ਤੇ ਬਾਕੀ ਦੇ ਇਨਕਲਾਬੀ ਤੀਜੇ ਦਰਜੇ ਦੇ ਡੱਬੇ ਵਿਚ ਸਫ਼ਰ ਕਰ ਰਹੇ ਸਨ। ਕਾਕੋਰੀ ਰੇਲਵੇ ਸਟੇਸ਼ਨ ਤੋਂ ਕੁਝ ਦੂਰ ਚੱਲਣ ਪਿੱਛੋਂ ਦੂਜੇ ਦਰਜੇ ਵਾਲਿਆਂ ਗੱਡੀ ਦੀ ਜ਼ੰਜੀਰ ਖਿੱਚ ਦਿੱਤੀ। ਗੱਡੀ ਖਲੋਣ ਪਿੱਛੋਂ ਰਾਮ ਪ੍ਰਸਾਦਿ ਬਿਸਮਲ ਦੀ ਅਗਵਾਈ ਵਿਚ ਕ੍ਰਾਂਤੀਕਾਰੀ ਗਾਰਡ ਦੇ ਡੱਬੇ ਵਿਚ ਗਏ ਤੇ ਖਜ਼ਾਨੇ ਵਾਲਾ ਟਰੰਕ ਥੱਲੇ ਸੁੱਟ ਲਿਆ। ਮੁਸਾਫਿਰਾਂ ਨੂੰ ਕਿਹਾ ਗਿਆ ਕਿ ਉਹ ਕੇਵਲ ਖਜ਼ਾਨਾ ਲੁਟਣ ਆਏ ਹਨ, ਕਿਸੇ ਨੂੰ ਵੀ ਮਾਰਨਾ ਉਨ੍ਹਾਂ ਦਾ ਮਕਸਦ ਨਹੀਂ। ਉਸ ਗੱਡੀ ਵਿਚ 14 ਮੁਸਾਫਿਰਾਂ ਪਾਸ ਰਾਈਫਲਾਂ ਸਨ ਤੇ ਦੋ ਅੰਗਰੇਜ਼ ਫੌਜੀ ਅਸਲ੍ਹੇ ਸਮੇਤ ਬੈਠੇ ਸਨ।
ਘਟਨਾ ਪਿੱਛੋਂ ਅੰਗਰੇਜ਼ ਹਕੂਮਤ ਨੇ ਐਸੋਸੀਏਸ਼ਨ ਦੇ 40 ਕ੍ਰਾਂਤੀਕਾਰੀਆਂ ’ਤੇ ਸਮਰਾਟ ਵਿਰੁੱਧ ਹਥਿਆਰਬੰਦ ਯੁੱਧ ਛੇੜਨ, ਸਰਕਾਰੀ ਖ਼ਜ਼ਾਨਾ ਲੁੱਟਣ ਤੇ ਯਾਤਰੀਆਂ ਦੀ ਹੱਤਿਆ ਕਰਨ ਦਾ ਯਤਨ ਕਰਨ ਦੇ ਦੋਸ਼ ਅਧੀਨ ਮੁਕੱਦਮਾ ਚਲਾਇਆ ਜਿਸ ਵਿਚ ਰਾਜੇਂਦਰ ਨਾਥ ਲਾਹਿਰੀ, ਰਾਮ ਪ੍ਰਸਾਦਿ ਬਿਸਮਿਲ, ਅਸ਼ਫਾਕ ਉੱਲਾ ਖ਼ਾਨ ਤੇ ਠਾਕੁਰ ਰੋਸ਼ਨ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਨੂੰ 19 ਦਸੰਬਰ 1927 ਨੂੰ ਫਾਂਸੀ ਦੇ ਦਿੱਤੀ ਗਈ। 16 ਕ੍ਰਾਂਤੀਕਾਰੀਆਂ ਨੂੰ ਘੱਟੋ-ਘੱਟ 4 ਸਾਲ ਦੀ ਸਜ਼ਾ ਤੋਂ ਲੈ ਕੇ ਵੱਧ ਤੋਂ ਵੱਧ ਕਾਲੇ ਪਾਣੀ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦੋ ਜਣੇ ਵਾਅਦਾ ਮੁਆਫ਼ ਬਣ ਗਏ।
ਐਸੋਸੀਏਸ਼ਨ ਦੇ ਇਸ਼ਤਿਹਾਰ ਅਤੇ ਸੰਵਿਧਾਨ ਨੂੰ ਲੈ ਕੇ ਬੰਗਾਲ ਪਹੁੰਚੇ ਸਚਿੰਦਰਨਾਥ ਸਾਨਿਆਲ ਬਾਂਕੁਰਾ ਵਿਚ ਉਦੋਂ ਗ੍ਰਿਫਤਾਰ ਕਰ ਲਏ ਗਏ ਜਦ ਉਹ ਇਸ਼ਤਿਹਾਰ ਆਪਣੇ ਕਿਸੇ ਸਾਥੀ ਨੂੰ ਡਾਕ ਵਿਚ ਪਾਉਣ ਜਾ ਰਹੇ ਸਨ। ਇਸੇ ਤਰ੍ਹਾਂ ਯੋਗੇਸ਼ ਚੰਦਰ ਚੈਟਰਜੀ ਕਾਨਪੁਰ ਤੋਂ ਪਾਰਟੀ ਮੀਟਿੰਗ ਕਰ ਕੇ ਜਿਵੇਂ ਹੀ ਹਾਵੜਾ ਸਟੇਸ਼ਨ ’ਤੇ ਉਤਰੇ ਕਿ ਐਸੋਸੀਏਸ਼ਨ ਦੇ ਸੰਵਿਧਾਨ ਦੀਆਂ ਕਾਪੀਆਂ ਸਮੇਤ ਗ੍ਰਿਫਤਾਰ ਕਰ ਲਏ ਗਏ ਅਤੇ ਹਜ਼ਾਰੀ ਬਾਗ ਜੇਲ੍ਹ ਵਿਚ ਬੰਦ ਕਰ ਦਿੱਤਾ।
ਸਰਕਾਰੀ ਖਜ਼ਾਨਾ ਲੁੱਟਣ ਦਾ ਫੈਸਲਾ ਇਨ੍ਹਾਂ ਨੇਤਾਵਾਂ ਦੇ ਗ੍ਰਿਫਤਾਰ ਹੋਣ ਨਾਲ ਰਾਮ ਪ੍ਰਸਾਦਿ ਬਿਸਮਿਲ ਦੇ ਮੋਢਿਆਂ ’ਤੇ ਆ ਪਿਆ। ਪਾਰਟੀ ਦੇ ਕੰਮ ਲਈ ਧਨ ਦੀ ਬਹੁਤ ਲੋੜ ਸੀ। ਕਿਸੇ ਤੋਂ ਵੀ ਧਨ ਪ੍ਰਾਪਤ ਹੁੰਦਾ ਨਾ ਦੇਖ ਕੇ ਉਨ੍ਹਾਂ 8 ਮਾਰਚ 1925 ਨੂੰ ਬਿਚਪੁਰੀ ਤੇ 24 ਮਈ 1925 ਨੂੰ ਦਵਾਰਕਾਪੁਰ ਵਿਚ ਦੋ ਡਕੈਤੀਆਂ ਕੀਤੀਆਂ ਪਰ ਇਨ੍ਹਾਂ ਡਾਕਿਆਂ ਵਿਚ ਕੋਈ ਖਾਸ ਧਨ ਨਾ ਪ੍ਰਾਪਤ ਹੋਇਆ। ਇਨ੍ਹਾਂ ਡਕੈਤੀਆਂ ਵਿਚ ਇੱਕ ਇੱਕ ਬੰਦਾ ਮਾਰਿਆ ਗਿਆ। ਇਸ ਨਾਲ ਬਿਸਮਿਲ ਨੂੰ ਬਹੁਤ ਕਸ਼ਟ ਹੋਇਆ। ਅਖ਼ੀਰ ਉਨ੍ਹਾਂ ਫੈਸਲਾ ਕੀਤਾ ਕਿ ਉਹ ਕੇਵਲ ਸਰਕਾਰੀ ਖਜ਼ਾਨਾ ਲੁੱਟਣਗੇ। 8 ਅਗਸਤ 1925 ਨੂੰ ਬਿਸਮਿਲ ਦੇ ਘਰ ਹੰਗਾਮੀ ਮੀਟਿੰਗ ਵਿਚ ਫੈਸਲਾ ਕੀਤਾ ਕਿ ਡਕੈਤੀ ਅਗਲੇ ਹੀ ਦਿਨ 9 ਅਗਸਤ ਨੂੰ ਕੀਤੀ ਜਾਵੇਗੀ।
ਸਰਕਾਰ ਨੇ ਇਸ ਡਕੈਤੀ ਨੂੰ ਗੰਭੀਰਤਾ ਨਾਲ ਲਿਆ। ਡਕੈਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੁਰਸਕਾਰ ਦੇਣ ਦਾ ਐਲਾਨ ਕਰ ਦਿੱਤਾ। ਪੈਸਿਆਂ ਵਾਲੀ ਜਿਹੜੀ ਚਾਦਰ ਘਟਨਾ ਸਥਾਨ ’ਤੇ ਰਹਿ ਗਈ, ਉਸ ’ਤੇ ਧੋਬੀ ਦੇ ਨਿਸ਼ਾਨ ਤੋਂ ਪੁਲੀਸ ਨੂੰ ਪਤਾ ਲੱਗ ਗਿਆ ਕਿ ਇਹ ਚਾਦਰ ਸ਼ਾਹਜਹਾਂਪੁਰ ਦੇ ਕਿਸੇ ਧੋਬੀ ਦੀ ਹੈ। ਉੱਥੋਂ ਪਤਾ ਲੱਗਿਆ ਕਿ ਇਹ ਬਨਾਰਸੀ ਲਾਲ ਦੀ ਹੈ। ਬਿਸਮਿਲ ਦੇ ਭਾਈਵਾਲ ਬਨਾਰਸੀ ਲਾਲ ਨੂੰ ਮਿਲ ਕੇ ਪੁਲੀਸ ਨੇ ਡਕੈਤੀ ਦਾ ਸਾਰਾ ਭੇਤ ਲੈ ਲਿਆ। 26 ਸਤੰਬਰ 1925 ਦੀ ਰਾਤ ਨੂੰ ਬਿਸਮਿਲ ਦੇ ਨਾਲ ਨਾਲ 40 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਕਾਕੋਰੀ ਕਾਂਡ ਵਿਚ ਸ਼ਾਮਲ ਕੇਵਲ 10 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਇਨ੍ਹਾਂ 10 ਵਿਚੋਂ ਪੰਜ ਸਨ ਚੰਦਰ ਸ਼ੇਖਰ ਆਜ਼ਾਦ, ਮੁਰਾਰੀ ਸ਼ਰਮਾ, ਕੇਸ਼ਵ ਚੱਕਰਵਰਤੀ, ਅਸ਼ਫਾਕ ਉਲਾ ਖਾਂ ਤੇ ਸਚਿੰਦਰਨਾਥ ਬਖਸ਼ੀ ਜੋ ਉਸ ਸਮੇਂ ਪੁਲੀਸ ਦੇ ਹੱਥ ਨਹੀਂ ਆਏ। ਬਾਕੀ ਸਾਰਿਆਂ ਉਪਰ ਸਰਕਾਰ ਬਨਾਮ ਰਾਮ ਪ੍ਰਸਾਦਿ ਬਿਸਮਿਲ ਤੇ ਹੋਰ ਦੇ ਨਾਂ ਕੇਸ ਚੱਲਿਆ।
ਇਉਂ ਇਨ੍ਹਾਂ ਇਨਕਲਾਬੀਆਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਅੱਜ ਲੋੜ ਹੈ, ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਸੁਫ਼ਨੇ ਸਾਕਾਰ ਕਰਨ ਦਾ ਉਪਰਾਲਾ ਕਰੀਏ; ਫ਼ਿਰਕਾਪ੍ਰਸਤੀ, ਨਾ-ਬਰਾਬਰੀ, ਅਨਪੜ੍ਹਤਾ, ਬੇਰੁਜ਼ਗਾਰੀ, ਜਾਤ ਪਾਤ, ਗ਼ਰੀਬੀ ਵਰਗੀਆਂ ਲਾਹਨਤਾਂ ਖ਼ਤਮ ਕਰੀਏ।
ਸੰਪਰਕ: 94175-33060