ਜਗਤਾਰ ਜੌਹਲ ਨੂੰ ਯਾਦ ਕਰਦਿਆਂ...
ਮਨਜੀਤ ਜੌਹਲ
ਸਦੀਵੀ ਵਿਛੋੜਾ
ਕਦੇ ਨਾ ਹਾਰਨ, ਦ੍ਰਿੜ੍ਹ ਇਰਾਦੇ ਅਤੇ ਸਰਲ ਸੁਭਾਅ ਵਾਲਾ ਜਗਤਾਰ ਜੌਹਲ 17 ਜੁਲਾਈ 2023 ਨੂੰ ਸਦੀਵੀ ਵਿਛੋੜਾ ਦੇ ਗਿਆ ਹੈ। ਉਸ ਨੂੰ ਸਦਾ ਲਈ ਵਿੱਛੜ ਗਿਆ ਜਾਣ ਕੇ ਹੌਲ ਜਿਹੇ ਪੈਂਦੇ ਹਨ, ਪਰ ਇਹੀ ਸੱਚ ਹੈ।
ਮੈਂ ਜੁਲਾਈ 1974 ਵਿੱਚ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ ਜੰਡਿਆਲਾ ਮੰਜਕੀ ਵਿੱਚ ਦਾਖਲਾ ਲਿਆ ਤਾਂ ਜਗਤਾਰ ਨੂੰ ਪਹਿਲੀ ਵਾਰ ਉੱਥੇ ਦੇਖਿਆ। ਕਾਲਜ ਵਿੱਚ ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਸਰਗਰਮ ਮੈਂਬਰ ਅਤੇ ਨੌਜਵਾਨ ਭਾਰਤ ਸਭਾ ਦਾ ਮੈਂਬਰ ਸੀ। ਉਹ ਆਪਣੀ ਜਵਾਨੀ ਦੇ ਮੁੱਢਲੇ ਸਾਲਾਂ ਤੋਂ ਹੀ ਵਿਗਿਆਨਕ ਨਜ਼ਰੀਏ ਤੇ ਖੱਬੇ-ਪੱਖੀ ਵਿਚਾਰਾਂ ਦਾ ਪੱਕਾ ਮੁੱਦਈ ਅਤੇ ਵਹਿਮਾਂ-ਭਰਮਾਂ ਦਾ ਕੱਟੜ ਵਿਰੋਧੀ ਸੀ। ਭਾਵੇਂ ਸਾਡੀਆਂ ਜੇਬਾਂ ਅਕਸਰ ਹੀ ਖਾਲੀ ਹੁੰਦੀਆਂ, ਪਰ ਉਨ੍ਹਾਂ ਸਮਿਆਂ ਵਿੱਚ ਪੰਜਾਬ ਬੁੱਕ ਸੈਂਟਰ ਜਲੰਧਰ-ਚੰਡੀਗੜ੍ਹ ਤੋਂ ਰੂਸੀ ਸਾਹਿਤ ਦਾ ਪੰਜਾਬੀ ਅਨੁਵਾਦ ਸੌਖਿਆਂ ਹੀ ਮਿਲ ਜਾਇਆ ਕਰਦਾ ਸੀ। ਜਗਤਾਰ ਦੇ ਹੱਥ ਵਿੱਚ ਕਦੇ ਮੈਕਸਿਮ ਗੋਰਕੀ, ਕਦੇ ਟਾਲਸਟਾਏ, ਕਦੇ ਰਸੂਲ ਹਮਜ਼ਾਤੋਵ, ਕਦੇ ਫਿਉਦੋਰ ਦੋਸਤੋਵਸਕੀ, ਕਦੇ ਫਰਾਂਸ ਦੇ ਫਿਲਾਸਫ਼ਰ ਸਾਰਤਰ ਅਤੇ ਕਦੇ ਕਾਫ਼ਕਾ ਦੀ ਕਿਤਾਬ ਹੁੰਦੀ।
ਇਸ ਸਾਦੇ ਨੌਜਵਾਨ ਦੀ ਚੁੰਬਕੀ ਖਿੱਚ ਨੇ ਮੇਰਾ ਧਿਆਨ ਅਚੇਤ ਹੀ ਖਿੱਚ ਲਿਆ। ਮੈਂ ਬਹੁਤ ਸੰਗਾਊ ਜਿਹਾ, ਬਹੁਤਾ ਸੁਣਨ ਅਤੇ ਘੱਟ ਬੋਲਣ ਵਾਲਾ, ਅੰਤਰਮੁਖੀ ਸੁਭਾਅ ਦਾ ਗ਼ਰੀਬੀ ਨਾਲ ਝੰਬੇ ਸਾਧਾਰਨ ਪਰਿਵਾਰ ’ਚੋਂ ਪਹਿਲਾ ਬੱਚਾ ਸਾਂ ਜੋ ਕਾਲਜ ਦਾਖਲ ਹੋਇਆ। ਉਸ ਦੇ ਫ਼ੱਕਰ ਸੁਭਾਅ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਸਾਲ ਦੇ ਵਿੱਚ-ਵਿੱਚ ਹੀ ਸਾਡੀ ਚੰਗੀ ਦੋਸਤੀ ਹੋ ਗਈ। ਉਸ ਨੇ ਕਦੇ ਵੀ ਸ਼ੌਕੀਨੀ ਨਹੀਂ ਲਗਾਈ ਜਿਹੜਾ ਕੱਪੜਾ ਹੱਥ ਆ ਜਾਂਦਾ ਫ਼ੱਕਰਾਂ ਵਾਂਗ ਉਹੀ ਪਾਈ ਫਿਰਨਾ। ਢਿੱਲੀ ਟੇਢੀ ਪੱਗ ਅਤੇ ਸਾਦਾ ਲਬਿਾਸ ਉਸ ਦੀ ਪਛਾਣ ਸੀ।
ਜਗਤਾਰ ਨੂੰ ਆਪਣੇ ਪਰਿਵਾਰ ਤੋਂ ਹੀ ਜਨਤਕ ਘੋਲਾਂ ਵਿੱਚ ਸ਼ਮੂਲੀਅਤ ਦੀ ਗੁੜ੍ਹਤੀ ਮਿਲੀ। ਉਸ ਨੇ 1995 ਤੋਂ 2008 ਤੱਕ ਜਲੰਧਰ ਤੋਂ ਛਪਦੇ ਇੱਕ ਅਖ਼ਬਾਰ ਲਈ ਰਿਪੋਰਟਿੰਗ ਕੀਤੀ। ਉਹ ਇਲਾਕੇ ਵਿੱਚ ਉੱਘੇ ਸਮਾਜਸੇਵੀ ਵਜੋਂ ਵੀ ਜਾਣਿਆ ਜਾਂਦਾ ਸੀ। ਮੈਂ ਜਗਤਾਰ ਨੂੰ ਹਮੇਸ਼ਾ ਸਭ ਵਰਤਾਰਿਆਂ ਦੇ ਕਾਰਨਾਂ ਦੀ ਤਲਾਸ਼ ਵਿੱਚ ਦੇਖਿਆ ਹੈ। ਉਸ ਨੇ ਬਹੁਤ ਪੜ੍ਹਿਆ ਅਤੇ ਆਪਣੀ ਬੌਧਿਕ ਭੁੱਖ ਦੀ ਤ੍ਰਿਪਤੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਸ ਕੋਲ ਵੱਡੇ ਅਰਥਾਂ ਵਾਲੀਆਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਮਹਿਸੂਸ ਕਰਨ ਦਾ ਹੁਨਰ ਸੀ, ਜ਼ਿੰਦਗੀ ਨੂੰ ਵੱਖਰੇ ਜ਼ਾਵੀਏ ਤੋਂ ਤੱਕਣ ਵਾਲੀ ਅੱਖ ਸੀ। ਉਹ ਗੱਲਾਂ ਦੇ ਡੂੰਘੇ ਲੁਕੇ ਮਤਲਬ ਵੀ ਖ਼ੂਬ ਸਮਝਦਾ ਸੀ ਅਤੇ ਘੋੜੇ ਨੂੰ ਘੋੜਾ ਤੇ ਗਧੇ ਨੂੰ ਗਧਾ ਕਹਿਣਾ ਉਸ ਦੀ ਆਦਤ ਸੀ। ਇਸ ਆਦਤ ਦਾ ਉਸ ਨੂੰ ਵਿਹਾਰਕ ਜੀਵਨ ਵਿੱਚ ਬਹੁਤ ਵਾਰ ਖਮਿਆਜ਼ਾ ਵੀ ਭੁਗਤਣਾ ਪਿਆ, ਪਰ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਮਾਨਸਿਕ ਸਕੂਨ ਹਾਸਲ ਕਰਦਾ। ਉਹ ਆਪਣੀ ਜ਼ਮੀਰ ਤੋਂ ਕਦੇ ਸ਼ਰਮਿੰਦਾ ਨਹੀਂ ਹੋਇਆ ਅਤੇ ਇਹ ਹੀ ਉਸ ਦਾ ਸਰਮਾਇਆ ਸੀ।
ਜਗਤਾਰ ਬਹੁਤ ਹੀ ਵਧੀਆ ਸੁਲਝੇ ਹੋਏ ਦੋਸਤਾਂ ਤੱਕ ਅੱਪੜਨ ਲਈ ਮੇਰੇ ਵਾਸਤੇ ਪੌੜੀ ਸਿੱਧ ਹੋਇਆ ਕਿਉਂਕਿ ਉਹ ਸਿਆਸੀ ਤੌਰ ’ਤੇ ਜਾਗਰੂਕ ਅਤੇ ਅਗਾਂਹਵਧੂ ਖੱਬੇ-ਪੱਖੀ ਵਿਚਾਰਧਾਰਾ ਨੂੰ ਪ੍ਰਣਾਏ ਪਰਿਵਾਰ ਨਾਲ ਸਬੰਧਤ ਸੀ। ਮੈਨੂੰ ਸੁੱਝ ਨਹੀਂ ਰਿਹਾ ਕਿ ਉਸ ਨਾਲ ਰਿਸ਼ਤੇ ਨੂੰ ਕੀ ਨਾਮ ਦਿਆਂ? ਕਿਉਂਕਿ ਪੱਕੇ ਦੋਸਤ ਵੀ ਇੱਕ-ਦੂਜੇ ਨਾਲ ਗੁੱਸੇ ਹੋ ਜਾਇਆ ਕਰਦੇ ਹਨ ਅਤੇ ਭਰਾਵਾਂ ਦੇ ਵੀ ਸ਼ਰੀਕ ਬਣ ਜਾਣ ਦੀਆਂ ਮਿਸਾਲਾਂ ਆਮ ਹਨ, ਪਰ ਸਾਡਾ ਵਿਚਾਰਧਾਰਕ ਰਿਸ਼ਤਾ 49 ਸਾਲ ਮਜ਼ਬੂਤੀ ਨਾਲ ਨਿਭਿਆ।
ਉਹ ਆਧੁਨਿਕ ਵਿਚਾਰਾਂ ਦਾ ਧਾਰਨੀ ਸੀ। ਅਜੋਕੇ ਸਮਾਜ ਵਿੱਚ ਵੀ ਧੀ ਦੇ ਜਨਮ ’ਤੇ ਮਾਪੇ ਉਦਾਸ ਹੋ ਜਾਂਦੇ ਹਨ, ਪਰ ਜਗਤਾਰ ਦੋ ਧੀਆਂ ਨਵਨੀਤ ਅਤੇ ਮਨਜੋਤ ਦਾ ਬਾਪ ਬਣਕੇ ਮਾਣ ਮਹਿਸੂਸ ਕਰਦਾ ਸੀ। ਜਗਤਾਰ ਨੇ ਜਿਉਂਦੇ-ਜੀਅ ਆਪਣਾ ਸਰੀਰ ਵਿਗਿਆਨਕ ਖੋਜਾਂ ਅਤੇ ਕਾਰਜਾਂ ਲਈ ਦਾਨ ਕਰ ਦਿੱਤਾ ਸੀ ਤਾਂ ਜੋ ਉਸ ਦੇ ਅੰਗ ਲੋੜਵੰਦਾਂ ਦੇ ਕੰਮ ਆ ਸਕਣ, ਪਰ ਲਗਭਗ ਦੋ ਹਫ਼ਤੇ ਤੋਂ ਵੱਧ ਵੈਂਟੀਲੇਟਰ ’ਤੇ ਰਹਿਣ ਅਤੇ ਡਾਇਲਸਿਸ ਵਾਰ-ਵਾਰ ਹੋਣ ਕਾਰਨ ਸਰੀਰ ਦਾਨ ਕਰਨ ਦੇ ਯੋਗ ਨਾ ਰਿਹਾ। ਉਸ ਨੇ ਆਪਣੇ ਪਰਿਵਾਰ ਨੂੰ ਤਾਕੀਦ ਕੀਤੀ ਸੀ ਕਿ ਉਸ ਦੇ ਮਨ ਦੀ ਸ਼ਾਂਤੀ ਲਈ ਅਰਦਾਸ ਦੀ ਕੋਈ ਲੋੜ ਨਹੀਂ। ਉਹ ਆਖਦਾ ਸੀ ਕਿ ਉਸ ਨੇ ਆਪਣੇ ਸਾਰਥਕ ਕਾਰਜਾਂ ਨਾਲ ਮਾਣ ਭਰਪੂਰ ਜੀਵਨ ਜੀਵਿਆ ਹੈ ਅਤੇ ਹਮੇਸ਼ਾ ਕਿਸੇ ਅਖੌਤੀ ਰੱਬ ਦੀ ਬਜਾਏ ਆਪਣੀ ਜ਼ਮੀਰ ਨੂੰ ਹਾਜ਼ਰ-ਨਾਜ਼ਰ ਜਾਣ ਕੇ ਆਪਣੇ-ਆਪ ਤੋਂ ਕਦੇ ਸ਼ਰਮਿੰਦਾ ਨਹੀਂ ਹੋਇਆ।
ਕਿਸੇ ਦੀ ਸ਼ਖ਼ਸੀਅਤ ਨਾਲ ਵਾਕਫ਼ੀਅਤ ਵੇਲੇ ਆਪਾਂ ਨੂੰ ਕੁਝ ਮੁੱਢਲਾ ਅੰਦਾਜ਼ਾ ਇਸੇ ਗੱਲ ਤੋਂ ਹੋ ਜਾਂਦਾ ਹੈ ਕਿ ਕੋਈ ਆਪਣੀ ਵਾਰਤਾਲਾਪ ਵਿੱਚ ‘ਮੈਂ-ਮੈਂ’ ਅਤੇ ‘ਆਪਾਂ-ਅਸੀਂ’ ਕਿੰਨੀ ਕੁ ਵਾਰ ਦੁਹਰਾਉਂਦਾ ਹੈ? ਲਗਭਗ ਅੱਧੀ ਸਦੀ ਤੋਂ ਜਗਤਾਰ ਨਾਲ ਸੰਪਰਕ ਦੌਰਾਨ ਗੱਲਬਾਤ ਸਮੇਂ ਉਸ ਦੇ ਸੰਖੇਪ ਅਤੇ ਸਰਲ ਵਾਕ ‘ਆਪਾਂ’ ਅਤੇ ‘ਅਸੀਂ’ ਨਾਲ ਹਮੇਸ਼ਾ ਸ਼ੁਰੂ ਅਤੇ ਖ਼ਤਮ ਹੁੰਦੇ ਰਹੇ। ਕੋਈ ਵਿਲੱਖਣ ਸ਼ਖ਼ਸੀਅਤ ਵਾਲਾ ਹੀ ਇੰਨਾ ਨਿਮਰ ਹੋ ਸਕਦਾ ਹੈ। ਵਿਗਿਆਨਕ ਨਜ਼ਰੀਏ ਵਾਲੇ ਬੇਬਾਕ, ਆਲ੍ਹਾ ਇਨਸਾਨ ਅਤੇ ਮੇਰੇ ਵੱਡੇ ਭਰਾ ਸਮਾਨ ਮਾਰਗਦਰਸ਼ਕ ਦੇ ਵਿੱਛੜ ਜਾਣ ਦਾ ਅਤਿਅੰਤ ਵਿਗੋਚਾ ਹੈ। ਉਸ ਦੇ ਤੁਰ ਜਾਣ ਕਾਰਨ ਪੈਦਾ ਹੋਇਆ ਖ਼ਲਾਅ ਮੈਨੂੰ ਤਾਉਮਰ ਉਦਾਸ ਕਰਦਾ ਰਹੇਗਾ। ਜਗਤਾਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਅੱਜ ਉਸ ਦੇ ਜੱਦੀ ਪਿੰਡ ਜੰਡਿਆਲਾ (ਜ਼ਿਲ੍ਹਾ ਜਲੰਧਰ) ਵਿਖੇ ਹੋ ਰਿਹਾ ਹੈ।
ਸੰਪਰਕ: 604-783-7142