For the best experience, open
https://m.punjabitribuneonline.com
on your mobile browser.
Advertisement

ਹਰਜਿੰਦਰ ਸਿੰਘ ਸਹੋਤਾ ਨੂੰ ਯਾਦ ਕਰਦਿਆਂ...

08:00 AM Sep 09, 2023 IST
ਹਰਜਿੰਦਰ ਸਿੰਘ ਸਹੋਤਾ ਨੂੰ ਯਾਦ ਕਰਦਿਆਂ
Advertisement

ਅੱਜ ਯਾਦਗਾਰੀ ਸਮਾਗਮ ’ਤੇ ਵਿਸ਼ੇਸ਼

Advertisement

ਅਮੋਲਕ ਸਿੰਘ

Advertisement

ਅਧਿਆਪਕ ਆਗੂ, ਜਮਹੂਰੀ ਇਨਕਲਾਬੀ ਲਹਿਰ ਦੇ ਨਿਧੜਕ ਕਾਮੇ, ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਾਸਟਰ ਹਰਜਿੰਦਰ ਸਿੰਘ ਸਹੋਤਾ ਜਿਸਮਾਨੀ ਤੌਰ ’ਤੇ ਭਾਵੇਂ ਸਦੀਵੀ ਵਿਛੋੜਾ ਦੇ ਗਏ ਪਰ ਉਨ੍ਹਾਂ ਦੀ ਸਮਾਜ ਨੂੰ ਦੇਣ ਸਦਾ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਹ ਦਿਖਾਉਂਦੀ ਰਹੇਗੀ।
ਉਹ ਸਿਰਫ਼ ਸਕੂਲਾਂ ਦੇ ਹੀ ਨਹੀਂ ਸਗੋਂ ਅਨਪੜ੍ਹ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਬੇਰੁਜ਼ਗਾਰਾਂ ਨੂੰ ਵਿੱਦਿਆ ਦੇ ਤੀਜੇ ਨੇਤਰ ਨਾਲ ਸਮਾਜ ਨੂੰ ਸਮਝਣ ਅਤੇ ਨਵਾਂ ਨਰੋਆ, ਖ਼ੂਬਸੂਰਤ ਬਣਾਉਣ ਲਈ ਸਦਾ ਸਫ਼ਰ ’ਤੇ ਰਹੇ। ਪ੍ਰਸਿੱਧ ਰੂਸੀ ਨਾਵਲ ‘ਪਹਿਲਾ ਅਧਿਆਪਕ’ ਨੂੰ ਆਤਮਸਾਤ ਕਰਦਿਆਂ ਉਨ੍ਹਾਂ ਜਦੋਂ ਵਿਦਿਆਰਥੀਆਂ ਨੂੰ ਪੜ੍ਹਾਇਆ ਤਾਂ ਇਹ ਤਹੱਈਆ ਕਰ ਕੇ ਪੜ੍ਹਾਇਆ ਕਿ ‘ਬੱਚਿਆਂ ਨੂੰ ਦਿਆਂ ਮੈਂ ਦਿਲ ਆਪਣਾ’।
ਮਾਸਟਰ ਜੀ ਦਾ ਜਨਮ 6 ਜੂਨ 1949 ਨੂੰ ਉੱਘੇ ਆਜ਼ਾਦੀ ਘੁਲਾਟੀਏ ਕਾਮਰੇਡ ਟਹਿਲ ਸਿੰਘ ਜੀ ਦੇ ਪਰਿਵਾਰ ’ਚ ਸ੍ਰੀ ਹਰਬੰਸ ਸਿੰਘ ਜੀ ਅਤੇ ਸ੍ਰੀਮਤੀ ਮਹਿੰਦਰ ਕੌਰ ਜੀ ਦੇ ਘਰ ਪਿੰਡ ਚੱਕ ਦੇਸ ਰਾਜ (ਜਲੰਧਰ) ਵਿਚ ਹੋਇਆ। ਉਨ੍ਹਾਂ ਮੁਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਦੇਸ ਰਾਜ, ਦਸਵੀਂ ਦੁਸਾਂਝ ਕਲਾਂ ਅਤੇ ਬੀਐੱਸਸੀ ਬੀਐੱਡ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਹਾਸਲ ਕੀਤੀ। ਉਨ੍ਹਾਂ ਆਪਣੀਆਂ ਧੀਆਂ ਅਮਰਦੀਪ, ਸਤਵੀਰ ਅਤੇ ਪੁੱਤਰ ਜਸਕਰਨਦੀਪ ਨੂੰ ਸਖ਼ਤ ਮਿਹਨਤ ਕਰ ਕੇ ਉੱਚ ਵਿੱਦਿਆ ਹਾਸਲ ਕਰਵਾਈ। ਜਸਕਰਨਦੀਪ ਨੇ ਅਮਰਦੀਪ ਸ਼ੇਰਗਿੱਲ ਕਾਲਜ ਮੁਕੰਦਪੁਰ ਵਿਚ ਬਤੌਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਨਾਲ ਹੀ ਆਪਣੇ ਪਿਤਾ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਪੰਜਾਬ ਅਤੇ ਕੈਨੇਡਾ ਵਿਚ ਰੰਗਮੰਚ ਅਤੇ ਲੋਕ ਮੀਡੀਆ ਵਿਚ ਮਾਣਮੱਤੀ ਨਿਵੇਕਲੀ ਪਛਾਣ ਸਥਾਪਤ ਕੀਤੀ ਹੈ। ਗ਼ਦਰੀ ਬਾਬਿਆਂ ਦੇ ਮੇਲੇ ’ਤੇ ਪ੍ਰੋ. ਜਸਕਰਨ ਨੇ ਜਦੋਂ ਪਾਲੀ ਭੁਪਿੰਦਰ ਦਾ ਨਾਟਕ ‘ਪਿਆਸਾ ਕਾਂ’ ਖੇਡਿਆ ਤਾਂ ਖਚਾਖਚ ਭਰੇ ਪੰਡਾਲ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦੀ ਕਲਾ ਦੀ ਦਾਦ ਦਿੱਤੀ।
ਮਾਸਟਰ ਹਰਜਿੰਦਰ ਸਹੋਤਾ ਜੀ ਪਿਛਲੇ ਲੰਮੇ ਅਰਸੇ ਤੋਂ ਨਾਮੁਰਾਦ ਬਿਮਾਰੀ ਨਾਲ਼ ਜੂਝ ਰਹੇ ਸਨ। ਜਿਸ ਰਾਤ ਉਨ੍ਹਾਂ ਨੇ ਅੰਤਿਮ ਸਾਹ ਲਏ, ਉਨ੍ਹਾਂ ਦਾ ਸਾਰਾ ਪਰਿਵਾਰ ਉਨ੍ਹਾਂ ਦੇ ਕੋਲ ਸੀ। ਉਨ੍ਹਾਂ ਦੇ ਜੀਵਨ ਸਾਥਣ ਗੁਰਮੇਲ ਕੌਰ ਜੋ ਲੰਮੇ ਅਰਸੇ ਤੋਂ ਸੇਵਾ ਸੰਭਾਲ ਕਰ ਰਹੇ ਸਨ, ਦੋ ਮਹੀਨੇ ਤੋਂ ਕੈਨੇਡਾ ਤੋਂ ਪਿੰਡ ਆਏ। ਇਸੇ ਤਰ੍ਹਾਂ ਉਨ੍ਹਾਂ ਦੇ ਪੁੱਤਰ ਤੇ ਜਾਣੇ-ਪਛਾਣੇ ਰੰਗਕਰਮੀ ਅਤੇ ਕੈਨੇਡਾ ਵਿਚ ਰੇਡੀਓ, ਟੈਲੀਵਿਜ਼ਨ ਤੇ ਲੋਕ ਸਰੋਕਾਰਾਂ ਦੀ ਗੱਲ ਕਰਨ ਵਾਲੇ ਜਸਕਰਨਦੀਪ ਵੀ ਆਏ ਹੋਏ ਸਨ। ਉਨ੍ਹਾਂ ਸਭ ਨੇ ਅੱਧੀ ਰਾਤ ਅੰਬਰੋਂ ਟੁੱਟੇ ਤਾਰੇ ਦੀ ਲੋਅ ਸੰਭਾਲਣ ਦਾ ਹਲਫ਼ ਲਿਆ।
ਬਾਈ ਹਰਜਿੰਦਰ ਜੀਵਿਆ ਵੀ ਮਟਕ ਨਾਲ ਅਤੇ ਵਿਦਾ ਵੀ ਸ਼ਾਨ ਨਾਲ਼ ਹੋਇਆ। ਉਹ ਆਪਣੇ ਪਰਿਵਾਰ ਨਾਲ਼ ਵਿਗਿਆਨਕ ਚੇਤਨਾ ਦੇ ਗੂੜ੍ਹੇ ਰੰਗ ਵਿਚ ਰੰਗੇ ਵਿਚਾਰਾਂ ਦੀ ਦ੍ਰਿਸ਼ਟੀ ਤੋਂ ਜੀਵਨ ਅਤੇ ਮੌਤ ਦੇ ਸੰਕਲਪ ਬਾਰੇ ਗੱਲਾਂ ਕਰਦੇ ਹੁੰਦੇ ਸਨ। ਉਹ ਸਾਹਮਣੇ ਖੜ੍ਹੀ ਮੌਤ ਨੂੰ ਵੀ ਉਸੇ ਤਰ੍ਹਾਂ ਮਿਲੇ ਜਿਵੇਂ ਅਕਸਰ ਹਰ ਮਿਲਣ ਵਾਲੇ ਨੂੰ ਮੁਸਕਰਾ ਕੇ ਮਿਲਦੇ ਸਨ। ਬੀਤੇ ਦਿਨੀਂ ਸਾਥੀ ਦੇਸ ਰਾਜ ਕਾਲੀ ਦੀ ਅੰਤਿਮ ਵਿਦਾਇਗੀ ਉਪਰੰਤ ਜਦੋਂ ਮੈਂ, ਬੂਟਾ ਸਿੰਘ ਮਹਿਮੂਦਪੁਰ ਅਤੇ ਕਹਾਣੀਕਾਰ ਅਜਮੇਰ ਸਿੰਘ ਸਿੱਧੂ ਮਾਸਟਰ ਹਰਜਿੰਦਰ ਸਿੰਘ ਜੀ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਤਣਿਆ ਮੁੱਕਾ ਲਹਿਰਾ ਕੇ ਇਨਕਲਾਬੀ ਸ਼ੁੱਭ ਕਾਮਨਾਵਾਂ ਦਿੱਤੀਆਂ।
ਉਨ੍ਹਾਂ ਦਾ ਪਰਿਵਾਰ ਬਹੁਤ ਵਡੇਰਾ ਹੈ। ਉਹ ਸਦਾ ਹੀ ਦੱਬੇ-ਕੁਚਲੇ ਲੋਕਾਂ ਦੇ ਹੱਕੀ ਸੰਗਰਾਮ ਵਿਚ ਵਧ ਚੜ੍ਹ ਕੇ ਹਿੱਸਾ ਪਾਉਂਦੇ ਰਹੇ। ਮਾਸਟਰ ਜੀ ਨੇ ਬੀਐੱਸਸੀ ਬੀਐੱਡ ਕਰਨ ਉਪਰੰਤ ਬਤੌਰ ਅਧਿਆਪਕ, ਵਿਦਿਆਰਥੀਆਂ ਨੂੰ ਰੌਸ਼ਨ ਭਵਿੱਖ਼ ਵੱਲ ਤੋਰਨ, ਆਪ ਮੁਲਾਜ਼ਮ ਸੰਘਰਸ਼ ਕਮੇਟੀ, ਗੌਰਮਿੰਟ ਟੀਚਰਜ਼ ਯੂਨੀਅਨ, ਪਸਸਫ ਦੇ ਆਗੂ ਤੋਂ ਇਲਾਵਾ ਆਪਣੇ ਖੇਤਰ ਵਿਚ ਹੁੰਦੀਆਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਵਿਚ ਆਪਣਾ ਯੋਗਦਾਨ ਪਾਇਆ।
ਉਹ ਅਧਿਆਪਕ ਹੁੰਦਿਆਂ ਆਪਣੀ ਡਿਊਟੀ ਨਿਭਾਉਣ ਲਈ ਮਿਸਾਲ ਬਣ ਕੇ ਰਹੇ। ਉਨ੍ਹਾਂ ਜਿਸ ਸਕੂਲ ਵੀ ਸੇਵਾਵਾਂ ਨਿਭਾਈਆਂ, ਉਨ੍ਹਾਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਉਨ੍ਹਾਂ ਨੂੰ ਸਿੱਖਿਆ ਵਿਭਾਗ ਅਤੇ ਜਿ਼ਲ੍ਹਾ ਪ੍ਰਸ਼ਾਸਨਕ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਨ੍ਹਾਂ ਦੀ ਤਿਆਰ ਕੀਤੀ ਖੋ ਖੋ ਦੀ ਟੀਮ ਦੀ ਖੇਡ ਗਰਾਊਂਡ ਵਿਚ ਹਮੇਸ਼ਾ ਝੰਡੀ ਰਹੀ। ਉਨ੍ਹਾਂ ਦੇ ਅਧਿਆਪਕ ਸਾਥੀਆਂ ਸਿ਼ੰਗਾਰਾ ਸਿੰਘ ਦੁਸਾਂਝ ਕਲਾਂ, ਕੇਵਲ ਰੌਸ਼ਨ, ਗੁਰਜਿੰਦਰ ਸਿੰਘ ਸੰਧੂ ਅਤੇ ਕੁਲਦੀਪ ਸਿੰਘ ਵਰਗੇ ਇਸ ਗੱਲ ਦੇ ਗਵਾਹ ਹਨ ਕਿ ਮਾਸਟਰ ਹਰਜਿੰਦਰ ਸਿੰਘ ਸਹੋਤਾ ਨੇ ਅਧਿਆਪਕ ਵਰਗ, ਲੋਕ ਹਿੱਤਾਂ ਲਈ ਸਰਗਰਮੀਆਂ ਵੀ ਕੀਤੀਆਂ ਅਤੇ ਦੁੱਗਣਾ ਸਮਾਂ ਦੇ ਕੇ ਮਿਹਨਤ ਕਰ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੂਰਾ ਧਿਆਨ ਰੱਖਿਆ। ਸੇਵਾ ਮੁਕਤੀ ਮੌਕੇ 5 ਮਈ 2007 ਨੂੰ ਵਿਦਾਇਗੀ ਸਮਾਗਮ ਵਿਚ ਉਨ੍ਹਾਂ ਨੂੰ ਸਨਮਾਨਿਤ ਕੀਤੇ ਚਿੰਨ੍ਹ ਉਪਰ ਦਰਜ ਸ਼ਬਦ ਅੱਜ ਵੀ ਬੋਲ ਰਹੇ ਹਨ:
ਸੱਧਰਾਂ ਜੁਆਨ ਰੱਖ ਕੇ/ਆਪਣਾ ਧਿਆਨ ਰੱਖੀਂ
ਨੈਣਾਂ ਦੀ ਸਿੱਪ ’ਚ ਤਰਦੇ ਸੁਪਨੇ ਸੰਭਾਲ ਰੱਖੀਂ
ਸਾਹਾਂ ’ਚ ਖ਼ੂਨ ਭਾਵੇਂ/ਕਿੰਨਾ ਸਫ਼ੈਦ ਹੋਇਆ
ਆਪਣੇ ਲਹੂ ਦਾ ਤੂੰ/ਕਣ ਕਣ ਸੁਰਖ਼ ਲਾਲ ਰੱਖੀਂ
ਉਨ੍ਹਾਂ ਦੇ ਦਰਦ ਵਿਛੋੜੇ ਸਦਕਾ ਪਰਿਵਾਰ, ਸਾਕ ਸਬੰਧੀਆਂ, ਸੰਗੀ ਸਾਥੀਆਂ ਅਤੇ ਮਿਹਨਤਕਸ਼ ਸਮਾਜ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ। ਅੱਜ ਉਨ੍ਹਾਂ ਦੀ ਯਾਦ ਵਿਚ 9 ਸਤੰਬਰ, ਦਿਨ ਸ਼ਨਿੱਚਰਵਾਰ ਉਨ੍ਹਾਂ ਦੇ ਪਿੰਡ ਚੱਕ ਦੇਸ ਰਾਜ (ਜਲੰਧਰ) ਹੋ ਰਹੇ ਯਾਦਗਾਰੀ ਸਮਾਗਮ ਵਿਚ ਉਨ੍ਹਾਂ ਦੀ ਵਿਾਰਸਤ, ਵਿਚਾਰਾਂ ਅਤੇ ਅਮਲਾਂ ਦੇ ਅਨਮੋਲ ਖ਼ਜ਼ਾਨੇ ਨੂੰ ਸੰਭਾਲਣ ਬਾਰੇ ਗੰਭੀਰ ਵਿਚਾਰਾਂ ਹੋਣਗੀਆਂ।
ਸੰਪਰਕ: 98778-68710

Advertisement
Author Image

sukhwinder singh

View all posts

Advertisement