ਗਿਆਨੀ ਗੁਰਦਿੱਤ ਸਿੰਘ ਨੂੰ ਯਾਦ ਕਰਦਿਆਂ...
ਕਿਸੇ ਪਛਾਣ ਦੇ ਮੁਥਾਜ ਨਹੀਂ ਗਿਆਨੀ ਗੁਰਦਿੱਤ ਸਿੰਘ। ਆਧੁਨਿਕ ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖੋਜਮੁਖੀ ਪੱਤਰਕਾਰੀ ਦੇ ਮੋਢੀ, ਗੁਰੂ-ਸ਼ਬਦ ਤੇ ਗੁਰ-ਸਿਧਾਂਤ ਦੇ ਚਿੰਤਨਸ਼ੀਲ ਵਿਆਖਿਆਕਾਰ, ਸਿੰਘ ਸਭਾ ਲਹਿਰ ਦੇ ਮੁਹਾਫ਼ਿਜ਼, ਲੋਕਧਾਰਾ ਤੇ ਲੋਕ-ਸਾਹਿਤ ਦੇ ਗਹਿਰੇ ਗਿਆਤਾ ਅਤੇ ਧਰਮ ਦੇ ਨਾਂ ’ਤੇ ਪਾਖੰਡਵਾਦ ਤੇ ਫ਼ਿਰਕੂ ਸੋਚ ਦੇ ਕੱਟੜ ਵਿਰੋਧੀ। ਇਨ੍ਹਾਂ ਸਾਰੀਆਂ ਪਰਤਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦਾ ਪ੍ਰਮੁੱਖ ਯੋਗਦਾਨ ਰਿਹਾ ਅਤੇ ਦਮਦਮਾ ਸਾਹਿਬ, ਤਲਵੰਡੀ ਸਾਬੋ ਨੂੰ ਪੰਜਵੇਂ ਤਖ਼ਤ ਵਜੋਂ ਮਾਨਤਾ ਦਿਵਾਉਣ ਵਿੱਚ ਵੀ। ਉਨ੍ਹਾਂ ਦੀ ਸ਼ਾਹਕਾਰ ਪੁਸਤਕ ‘ਮੇਰਾ ਪਿੰਡ’ ਨੂੰ ਹਰੇ ਇਨਕਲਾਬ ਤੋਂ ਪਹਿਲਾਂ ਦੇ ਪੇਂਡੂ ਪੰਜਾਬ ਦਾ ਸੱਚਾ-ਸੁੱਚਾ ਦਰਪਣ ਮੰਨਿਆ ਜਾਂਦਾ ਹੈ। ਇਸ ਪੁਸਤਕ ਦੇ ਦਸ ਐਡੀਸ਼ਨ ਛਪ ਚੁੱਕੇ ਹਨ ਅਤੇ ਇਹ ਪੰਜਾਬੀ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਵਿੱਚ ਸ਼ੁਮਾਰ ਹੈ। ਚਮਤਕਾਰੀ ਪੱਖ ਇਹ ਹੈ ਕਿ ਗਿਆਨੀ ਜੀ ਨੇ ਉਪਰੋਕਤ ਸਾਰੀਆਂ ਪ੍ਰਾਪਤੀਆਂ ਬਿਨਾਂ ਕਿਸੇ ਸਕੂਲ-ਕਾਲਜ ਵਿੱਚ ਪੜ੍ਹਾਈ ਕੀਤਿਆਂ ਹਾਸਲ ਕੀਤੀਆਂ; ਆਪਣੀ ਮਿਹਨਤ, ਲਗਨ ਤੇ ਖੋਜੀ ਬਿਰਤੀ ਵਰਗੇ ਗੁਣਾਂ ਅਤੇ ਅਧਿਐਨਕਾਰੀ ਨਾਲ ਅੰਤਾਂ ਦੇ ਮੋਹ ਸਦਕਾ।
ਗਿਆਨੀ ਜੀ ਦਾ ਜਨਮ ਪਿੰਡ ਮਿੱਠੇਵਾਲ (ਰਿਆਸਤ ਮਾਲੇਰਕੋਟਲਾ) ਵਿੱਚ 24 ਫਰਵਰੀ, 1923 ਨੂੰ ਹੋਇਆ। ਤਕਰੀਬਨ 84 ਵਰ੍ਹੇ ਇਸ ਸੰਸਾਰ ਵਿੱਚ ਵਿਚਰਨ ਮਗਰੋਂ ਉਹ 17 ਜਨਵਰੀ, 2007 ਨੂੰ ਨਸ਼ਵਰ ਸਰੀਰ ਤਿਆਗ ਗਏ। ਇਸ ਜੀਵਨਕਾਲ ਦੌਰਾਨ ਉਨ੍ਹਾਂ ਨੇ ਮਿਹਨਤ ਤੇ ਸਿਰੜ ਨਾਲ ਜਿਹੜੇ ਵੱਖ-ਵੱਖ ਕਾਰਜ ਕੀਤੇ, ਉਹ ਕਾਬਲੇ-ਤਾਰੀਫ਼ ਹੋਣ ਤੋਂ ਇਲਾਵਾ ਭਵਿੱਖਮੁਖੀ ਵੀ ਸਨ। ਉਨ੍ਹਾਂ ਦੇ ਪਿਤਾ ਸ. ਹੀਰਾ ਸਿੰਘ ਧਾਰਮਿਕ ਬਿਰਤੀ ਵਾਲੇ ਸਨ ਪਰ ਉਨ੍ਹਾਂ ਨੇ ਗੁਰਦਿੱਤ ਸਿੰਘ ਨੂੰ ਪੜ੍ਹਨ-ਸੁਣਨ ਤੇ ਗੁੜ੍ਹਨ ਤੋਂ ਕਦੇ ਰੋਕਿਆ ਨਹੀਂ। ਦਰਅਸਲ, ਗਿਆਨੀ ਜੀ ਨੂੰ ਧਰਮ ਦੀ ਸਿੱਖਿਆ ਭਾਵੇਂ ਵਿਰਸੇ ’ਚ ਮਿਲੀ ਪਰ ਇਹ ਕੱਟੜਵਾਦੀ ਵਲਗਣਾਂ ਤੋਂ ਮੁਕਤ ਸੀ। ਇਸ ਤੱਥ ਨੇ ਉਨ੍ਹਾਂ ਦੀ ਸੋਚ-ਸੁਹਜ ਨੂੰ ਵਿਸ਼ਾਲ ਬਣਾਉਣ ਵਿੱਚ ਪ੍ਰਮੁੱਖ ਯੋਗਦਾਨ ਪਾਇਆ। 1945 ਵਿੱਚ ਉਨ੍ਹਾਂ ਨੇ ਪ੍ਰਾਈਵੇਟ ਵਿਦਿਆਰਥੀ ਵਜੋਂ ਗਿਆਨੀ ਪਾਸ ਕੀਤੀ। ਇਸੇ ਸਦਕਾ ਉਹ ਗੁਰਦਿੱਤ ਸਿੰਘ ਤੋਂ ਗਿਆਨੀ ਗੁਰਦਿੱਤ ਸਿੰਘ ਵਜੋਂ ਜਾਣੇ ਜਾਣ ਲੱਗੇ। ਇਸ ਨਾਮ ਦੇ ਅਰਥਾਂ ਨੂੰ ਉਨ੍ਹਾਂ ਨੇ ਆਪਣੇ ਅਗਲੇਰੇ ਜੀਵਨ ਦੌਰਾਨ ਸਹੀ ਮਾਅਨਿਆਂ ਵਿੱਚ ਸਾਰਥਿਕ ਸਾਬਤ ਕੀਤਾ।
ਸੰਨ ਸੰਤਾਲੀ ਦੇ ਘੱਲੂਘਾਰੇ ਤੋਂ ਪਹਿਲਾਂ ਉਹ ਲਾਹੌਰ ਵੀ ਰਹੇ ਅਤੇ ਅੰਮ੍ਰਿਤਸਰ ਵੀ। ਬਚਪਨ ਵਿੱਚ ਹੀ ਉਨ੍ਹਾਂ ਨੇ ਧਰਮ ਗ੍ਰੰਥਾਂ ਤੇ ਧਰਮ-ਪੁਸਤਕਾਂ ਬਾਰੇ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਸੀ। ਗਿਆਨੀ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ ਵੀ ਖੋਜਣਾ ਆਰੰਭ ਕਰ ਦਿੱਤਾ। ਆਪਣੀ ਖੋਜ ਤੇ ਅਧਿਐਨ ਦੇ ਆਧਾਰ ’ਤੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਇੱਕ ਕੋਸ਼ ਤਿਆਰ ਕੀਤਾ ਜੋ ਸੰਨ ਸੰਤਾਲੀ ਦੇ ਘੱਲੂਘਾਰੇ ਦੀ ਭੇਟ ਚੜ੍ਹ ਗਿਆ। ਇਸ ਪ੍ਰਾਪਤੀ ਤੋਂ ਮਹਿਰੂਮ ਹੋਣ ਦੇ ਬਾਵਜੂਦ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ। 1949 ਵਿੱਚ ਪਟਿਆਲਾ ਤੋਂ ‘ਲੋਕ ਸੇਵਕ’ ਨਾਂ ਦਾ ਸਪਤਾਹਿਕ ਸ਼ੁਰੂ ਕੀਤਾ। ਅਗਲੇ ਵਰ੍ਹੇ ਉਨ੍ਹਾਂ ਦੀ ਸੰਪਾਦਨਾ ਹੇਠ ‘ਜੀਵਨ ਸੰਦੇਸ਼’ ਨਾਮੀ ਰਸਾਲਾ ਵੀ ਪ੍ਰਕਾਸ਼ਿਤ ਹੋਣ ਲੱਗਾ। ਫਿਰ, ਫ਼ਾਰਸੀ (ਨਸਤਲੀਕ) ਲਿੱਪੀ ਵਿੱਚ ਰੋਜ਼ਾਨਾ ਅਖ਼ਬਾਰ ‘ਪ੍ਰਕਾਸ਼’ ਦੀ ਪ੍ਰਕਾਸ਼ਨਾ ਆਰੰਭੀ ਗਈ। ‘ਪ੍ਰਕਾਸ਼’ ਬਾਅਦ ਵਿੱਚ ਗੁਰਮੁਖੀ ਲਿੱਪੀ ਵਿੱਚ ਛਪਣ ਲੱਗਾ, ਸਪਤਾਹਿਕ ਦੇ ਰੂਪ ਵਿੱਚ। ਇਹ 1970ਵਿਆਂ ਤੱਕ ਨਿਯਮਿਤ ਤੌਰ ’ਤੇ ਛਪਦਾ ਰਿਹਾ। ਸੰਤਾਲੀ ਵਾਲੀ ਵੰਡ ਮਗਰੋਂ ਰਜਵਾੜਾਸ਼ਾਹੀ ਰਿਆਸਤਾਂ ਦੀ ਸ਼ਮੂਲੀਅਤ ਵਾਲਾ ਪੈਪਸੂ ਸੂਬਾ 1948 ’ਚ ਵਜੂਦ ਵਿੱਚ ਆਇਆ। ਇਹ 1956 ਵਿੱਚ ਭੰਗ ਕਰ ਦਿੱਤਾ ਗਿਆ। ਉਦੋਂ ਤੱਕ ਗਿਆਨੀ ਜੀ ਕਾਫ਼ੀ ਪ੍ਰਸਿੱਧੀ ਹਾਸਲ ਕਰ ਚੁੱਕੇ ਸਨ। ਉਨ੍ਹਾਂ ਨੂੰ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਅਜਿਹੀਆਂ ਰੁਤਬੇਦਾਰੀਆਂ ਤੇ ਪ੍ਰਸਿੱਧੀ ਦੇ ਬਾਵਜੂਦ ਉਨ੍ਹਾਂ ਨੇ ਲਬਿਾਸ ਤੇ ਬਚਨ-ਬਿਲਾਸ ਪੱਖੋਂ ਸਾਦਗੀ ਨਹੀਂ ਤਿਆਗੀ।
ਗੁਰਸਿਧਾਂਤ ਪ੍ਰਤੀ ਗਿਆਨੀ ਜੀ ਦੀ ਪਰਿਪੱਕਤਾ ਨੂੰ ਦੇਖਦਿਆਂ 1973 ਵਿੱਚ ਉਨ੍ਹਾਂ ਨੂੰ ਸਿੰਘ ਸਭਾ ਲਹਿਰ ਸ਼ਤਾਬਦੀ ਕਮੇਟੀ ਦਾ ਜਨਰਲ ਸਕੱਤਰ ਥਾਪਿਆ ਗਿਆ। ਇਸੇ ਸਦਕਾ ਉਹ ਕੇਂਦਰੀ ਸਿੰਘ ਸਭਾ ਦੇ ਵੀ ਦਸ ਵਰ੍ਹਿਆਂ ਤੱਕ ਜਨਰਲ ਸਕੱਤਰ ਅਤੇ 1983 ਤੋਂ 1992 ਤੱਕ ਪ੍ਰਧਾਨ ਵੀ ਰਹੇ। ਅਜਿਹੇ ਰੁਝੇਵਿਆਂ ਤੇ ਜ਼ਿੰਮੇਵਾਰੀਆਂ ਦੇ ਬਾਵਜੂਦ ਉਨ੍ਹਾਂ ਨੇ ਲੋਕ-ਧਾਰਾਈ ਖੋਜ ਦਾ ਕਾਰਜ ਵੀ ਜਾਰੀ ਰੱਖਿਆ ਅਤੇ ਗੁਰ-ਸ਼ਬਦ ਦਾ ਬਹੁ-ਪਰਤੀ ਅਧਿਐਨ ਵੀ। ਉਨ੍ਹਾਂ ਦੀ ਸ਼ਾਹਕਾਰ ਰਚਨਾ ‘ਮੇਰਾ ਪਿੰਡ’ 1960 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਅਤੇ ਪਹਿਲੇ ਹੀ ਵਰ੍ਹੇ ਤੋਂ ‘ਕਲਾਸਿਕ’ ਦਾ ਰੁਤਬਾ ਹਾਸਲ ਕਰ ਗਈ ਜੋ ਅੱਜ ਵੀ ਬਰਕਰਾਰ ਹੈ।
‘ਮੇਰਾ ਪਿੰਡ’ ਦੀ ਸਿਰਜਣਾਤਮਕ ਅਹਿਮੀਅਤ ਅਤੇ ਗਿਆਨੀ ਜੀ ਦੇ ਜੀਵਨ ਤੇ ਹੋਰ ਰਚਨਾਵਾਂ ਬਾਰੇ ਪ੍ਰੋ. ਜੀਤ ਸਿੰਘ ਜੋਸ਼ੀ ਵੱਲੋਂ ਲਿਖੀ ਪੁਸਤਕ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ 2023 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਤਿੰਨ ਪ੍ਰਮੁੱਖ ਖੇਤਰਾਂ- ਲੋਕਧਾਰਾ ਤੇ ਸੱਭਿਆਚਾਰਕ, ਗੁਰਮਤਿ ਸਿਧਾਂਤ ਤੇ ਗੁਰਬਾਣੀ ਅਤੇ ਪੱਤਰਕਾਰਿਤਾ ਵਿੱਚ ਗਿਆਨੀ ਜੀ ਦੇ ਯੋਗਦਾਨ ਦਾ ਖੁਲਾਸਾ ਵੀ ਹੈ ਅਤੇ ਉਨ੍ਹਾਂ ਦੀ ਦੇਣ ਨੂੰ ਸਿਜਦਾ ਵੀ। ਇਸ ਪੁਸਤਕ ਵਿੱਚ ਗਿਆਨੀ ਜੀ ਦੀ ਇੱਕ ਹੋਰ ਵਿਲੱਖਣ ਕਿਰਤ ‘ਮੁੰਦਾਵਣੀ’ ਦਾ ਸੰਖੇਪ-ਸਾਰ ਵੀ ਬਹੁਤ ਜਾਣਕਾਰੀ ਭਰਪੂਰ ਹੈ। ਕੁੱਲ ਮਿਲਾ ਕੇ ਤਿੰਨ ਦਰਜਨ ਤੋਂ ਵੱਧ ਪ੍ਰਕਾਸ਼ਨਾਵਾਂ ਵਾਲੇ ਗਿਆਨੀ ਜੀ ਦੇ ਰਚਨਾ-ਸੰਸਾਰ ਨੂੰ ‘ਕੁੱਜੇ ’ਚ ਸਮੁੰਦਰ ਭਰਨ’ ਵਰਗਾ ਸਵਾਗਤਯੋਗ ਉਪਰਾਲਾ ਹੈ ਇਹ ਪੁਸਤਕ।