ਡਾਕਟਰ ਹਰਚਰਨ ਸਿੰਘ ਨੂੰ ਯਾਦ ਕਰਦਿਆਂ
ਕਮਲਜੀਤ ਸਿੰਘ ਬਨਵੈਤ
ਦੁਆਬੇ ਦੀ ਮਿੱਟੀ ਦਾ ਇੱਕ ਆਪਣਾ ਰੰਗ ਹੈ। ਇਸ ਮਿੱਟੀ ਨੇ ਡਾ. ਹਰਚਰਨ ਸਿੰਘ ਨਾਟਕਕਾਰ ਜਿਹੇ ਹੀਰੇ ਸਾਹਿਤ ਜਗਤ ਦੀ ਝੋਲੀ ਪਾਏ ਹਨ। ਨਿਮਰ ਅਤੇ ਮਿੱਠ ਬੋਲੜੇ ਸੁਭਾਅ ਦੇ ਸ਼੍ਰੋਮਣੀ ਨਾਟਕਕਾਰ ਡਾ. ਹਰਚਰਨ ਸਿੰਘ ਅਜਿਹੇ ਦਲੇਰ ਲੇਖਕਸਨ, ਜਿਨ੍ਹਾਂ ਨੇ ਆਪਣੇ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨਾਲ ਆਢਾ ਲਾ ਲਿਆ ਸੀ।ਉਨ੍ਹਾਂ ਦਾ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਟਕ ‘ਕੱਲ੍ਹ, ਅੱਜ ਤੇ ਭਲਕ’ ਬਲਰਾਜ ਸਾਹਨੀ ਨੇ ਪਟਿਆਲੇ ਵਿੱਚ ਖੇਡਿਆ ਤਾਂ ਮੁੱਖ ਮਹਿਮਾਨ ਵਜੋਂ ਗਿਆਨੀ ਜ਼ੈਲ ਸਿੰਘ ਨੇ ਸ਼ਿਰਕਤ ਕੀਤੀ ਸੀ। ਇਸ ਨਾਟਕ ਦਾ ਅਸਲ ਪਾਤਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਇੱਕ ਘੱਟ ਪੜ੍ਹਿਆ ਲਿਖਿਆ ਮਹੰਤ ਸੀ, ਪਰ ਗਿਆਨੀ ਜ਼ੈਲ ਸਿੰਘ ਨੂੰ ਨਾਟਕ ਦੇਖਦਿਆਂ ਲੱਗਾ ਕਿ ਇਹ ਨਾਟਕ ਉਨ੍ਹਾਂ ਦੀ ਜ਼ਿੰਦਗੀ ਦੁਆਲੇ ਘੁੰਮਦਾ ਹੈ ਤਾਂ ਉਹ ਨਾਟਕ ਵਿਚਾਲੇ ਛੱਡ ਕੇ ਚਲੇ ਗਏ।
ਉਦੋਂ ਡਾ. ਹਰਚਰਨ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਐਕਸਟੈਨਸ਼ਨ ’ਤੇ ਚੱਲ ਰਹੇ ਸਨ। ਇਸ ਘਟਨਾ ਤੋਂ ਅਗਲੇ ਦਿਨ ਉਨ੍ਹਾਂ ਦੀ ਹੈੱਡਸ਼ਿਪ ਤੋਂ ਛੁੱਟੀ ਕਰਨ ਦਾ ਪੱਤਰ ਆ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਇੱਕ ਪੱਤਰ ਲਿਖ ਕੇ ਠੋਕਵਾਂ ਜਵਾਬ ਦਿੱਤਾ। ਉਹ ਸਰਕਾਰ ਦੇ ਇਸ ਪੱਤਰ ਨੂੰ ਅਦਾਲਤ ਵਿੱਚ ਚੁਣੌਤੀ ਦੇਣਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਵੱਡੇ ਪੁੱਤਰ ਅਤੇ ਅਮਰੀਕਾ ਦੇ ਪ੍ਰਸਿੱਧ ਵਿਗਿਆਨੀ ਡਾਕਟਰ ਅਮਰਜੀਤ ਸਿੰਘ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਹੁਣ ਉਨ੍ਹਾਂ ਦੇ ਪੜ੍ਹਨ ਲਿਖਣ ਦਾ ਢੁਕਵਾਂ ਸਮਾਂ ਆ ਗਿਆ ਹੈ, ਨੌਕਰੀ ਤੋਂ ਲਾਂਭੇ ਹੋ ਜਾਣ।
ਉਨ੍ਹਾਂ ਦੀ ਸ਼ਖ਼ਸੀਅਤ ਦੇ ਅਨੇਕਾਂ ਪੱਖ ਸਨ। ਉਨ੍ਹਾਂ ਨੇ ਲਾਈਟ ਐਂਡ ਸਾਊਂਡ ਰਾਹੀਂ ਨਾਟਕ ਖੇਡਣ ਦੀ ਪਿਰਤ ਪਾਈ। ਉਨ੍ਹਾਂ ਦਾ ਨਾਟਕ ‘ਹਿੰਦ ਦੀ ਚਾਦਰ’ ਪੰਜਾਬ ਅਤੇ ਪੰਜਾਬ ਤੋਂ ਬਾਹਰ ਛੇ ਦਰਜਨ ਤੋਂ ਵੱਧ ਵਾਰ ਖੇਡਿਆ ਗਿਆ। ਉਨ੍ਹਾਂ ਨੇ 36 ਦੇ ਕਰੀਬ ਪੂਰੇ ਨਾਟਕ ਲਿਖੇ। ਕਹਾਣੀ ਅਤੇ ਨਾਵਲ ਲਿਖਣ ਉੱਤੇ ਵੀ ਆਪਣਾ ਹੱਥ ਅਜ਼ਮਾਇਆ। ਭਾਸ਼ਾ ਵਿਭਾਗ ਨੇ ਉਨ੍ਹਾਂ ਨੂੰ ਸ਼੍ਰੋਮਣੀ ਨਾਟਕਕਾਰ ਦੇ ਐਵਾਰਡ ਨਾਲ ਨਿਵਾਜਿਆ। ਉਹ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਉਂਦੇ ਰਹੇ। ਉਨ੍ਹਾਂ ਦਾ ਡਾਕਟਰ ਐਮ.ਐੱਸ. ਰੰਧਾਵਾ ਨਾਲ ਖ਼ਾਸ ਮੋਹ ਸੀ। ਜਦੋਂ ਪਿੰਡਾਂ ਦੇ ਲੋਕਾਂ ਨੇ ਨਾਟਕ ਦਾ ਨਾਂ ਵੀ ਨਹੀਂ ਸੁਣਿਆ, ਉਦੋਂ 1937 ’ਚ ਉਨ੍ਹਾਂ ਨੇ ਆਪਣੇ ਪਿੰਡ ਉੜਾਪੜ ਵਿੱਚ ਪਹਿਲਾ ਨਾਟਕ ਕਮਲਾ ਕੁਮਾਰੀ ਖੇਡਿਆ। ਨਾਟਕ ਵਿੱਚ ਕਲਾਕਾਰ ਵਜੋਂ ਪਿੰਡ ਦੇ ਬਹੁਤ ਹੀ ਆਮ ਬੰਦਿਆਂ ਗੋਦੀ ਹਲਵਾਈ, ਸਾਈਂ ਗੋਲਗੱਪਿਆਂ ਵਾਲਾ, ਨੰਤ ਰਾਮ, ਬੰਤਾ ਅਤੇ ਹਰੀਆ ਨੂੰ ਰੋਲ ਦਿੱਤਾ। ਉਨ੍ਹਾਂ ਦੀ ਪਤਨੀ ਧਰਮ ਕੌਰ ਇੱਕ ਆਮ ਪੇਂਡੂ ਸੁਆਣੀ ਸੀ।ਜਦੋਂ ਧਰਮ ਕੌਰ ਨੇ ਪਿੰਡ ਵਿੱਚ ਖੇਡਿਆ ਗਿਆ ਨਾਟਕ ਕਮਲਾ ਕੁਮਾਰੀ ਨੂੰ ਦੇਖਣ ਤੋਂ ਬਾਅਦ ਔਰਤ ਦਾ ਰੋਲ ਕਰਨ ਵਾਲੇ ਪੁਰਸ਼ ਅਦਾਕਾਰ ਦੀ ਆਲੋਚਨਾ ਕਰ ਦਿੱਤੀ ਤਾਂ ਡਾਕਟਰ ਹਰਚਰਨ ਸਿੰਘ ਨੇ ਉਸ ਨੂੰ ਕਮਲਾ ਕੁਮਾਰੀ ਦਾ ਰੋਲ ਕਰਨ ਦੀ ਚੁਣੌਤੀ ਦਿੱਤੀ। ਅਗਲੇ ਸ਼ੋਅ ਵਿੱਚ ਧਰਮ ਕੌਰ ਨੇ ਕਮਲਾ ਕੁਮਾਰੀ ਦਾ ਰੋਲ ਕੀਤਾ। ਡਾ. ਸਾਹਿਬ ਕੀ, ਸਾਰੇ ਪਿੰਡ ਦੀਆਂ ਮੂੰਹ ਵਿੱਚ ਉਂਗਲਾਂ ਪੁਆ ਦਿੱਤੀਆਂ ਸਨ।
ਨਾਟਕਕਾਰ ਨੋਰਾ ਰਿਚਰਡ ਦੇ ਉਹ ਸਭ ਤੋਂ ਚਹੇਤੇ ਸ਼ਾਗਿਰਦ ਸਨ। ਆਈ.ਸੀ. ਨੰਦਾ ਤੋਂ ਬਾਅਦ ਡਾਕਟਰ ਹਰਚਰਨ ਸਿੰਘ ਨੇ ਨੋਰਾ ਰਿਚਰਡ ਤੋਂ ਨਾਟਕ ਲਿਖਣ ਤੇ ਖੇਡਣ ਦੇ ਗੁਰ ਸਿੱਖੇ ਸਨ। ਉਹ ਅਮੀਰ ਠੇਕੇਦਾਰ ਪਿਤਾ ਦੇ ਪੁੱਤਰ ਸਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਜਾ ਕੇ ਈਸਟ ਪੰਜਾਬ ਗਿਆਨੀ ਕਾਲਜ ਖੋਲ੍ਹ ਲਿਆ। ਫਿਰ ਉੱਥੋਂ ਦੇ ਕਾਲਜ ਵਿੱਚ ਪ੍ਰੋਫੈਸਰ ਲੱਗ ਗਏ। ਉਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਵੀ ਪੜ੍ਹਾਉਣ ਦਾ ਮੌਕਾ ਮਿਲਿਆ।ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਤੋਂ ਮੁਖੀ ਵਜੋਂ ਉਹ ਸੇਵਾਮੁਕਤ ਹੋਏ। ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਇੱਕ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ 1942 ਵਿੱਚ ਕਾਰ ਲੈਣ ਦਾ ਸੁਪਨਾ ਦੇਖਿਆ। ਕਾਫ਼ੀ ਪੱਛੜ ਕੇ ਉਨ੍ਹਾਂ ਨੇ 1969 ਵਿੱਚ ਪੁਰਾਣੀ ਫੀਅਟ ਕਾਰ ਲਈ ਤਾਂ ਕਾਰ ਦਾ ਮਾਡਲ 1942 ਸੀ। ਉਹ ਆਗਿਆਕਾਰ ਪੁੱਤਰ, ਵਫ਼ਾਦਾਰ ਪਤੀ, ਸਫਲ ਪਿਤਾ, ਹਰਮਨ ਪਿਆਰੇ ਅਧਿਆਪਕ ਅਤੇ ਨੇਕ ਦਿਲ ਇਨਸਾਨ ਸਨ। ਉਨ੍ਹਾਂ ਦੀ ਇੱਕ ਹੋਰ ਖਾਸੀਅਤ ਇਹ ਸੀ ਕਿ ਉਹ ਕਦੇ ਵੀ ਕਿਸੇ ਵਿੱਚ ਨੁਕਸ ਨਹੀਂਕੱਢਦੇ ਸਨ ਸਗੋਂ ਪ੍ਰਾਪਤੀਆਂ ’ਤੇ ਖ਼ੁਸ਼ ਹੁੰਦੇ ਸਨ। ਘਰ ਦਾਲ ਸਬਜ਼ੀ ਵਿੱਚ ਵੀ ਨਮਕ ਘੱਟ ਹੁੰਦਾ ਤਾਂ ਉਹ ਖਾਣ ਤੋਂ ਬਾਅਦ ਕਹਿੰਦੇ, ‘‘ਧਰਮ ਕੌਰੇ, ਸਬਜ਼ੀ ਬੜੀ ਸਵਾਦ ਹੈ। ਜੇ ਕਿਤੇ ਇਹਦੇ ਵਿੱਚ ਥੋੜ੍ਹਾ ਹੋਰ ਨਮਕ ਹੁੰਦਾ ਬਸ ਫਿਰ ਤਾਂ ਬੱਲੇ ਬੱਲੇ ਹੋ ਜਾਂਦੀ।’’
ਉਹ ਚੜ੍ਹਦੀ ਕਲਾ ਦੇ ਪ੍ਰਤੀਕ ਸਨ। ਖੁੱਲ੍ਹਦਿਲੀ ਡਾਕਟਰ ਹਰਚਰਨ ਸਿੰਘ ਦਾ ਦੂਜਾ ਨਾਂ ਸੀ। ਹਰੇਕ ਦੀ ਨਿੱਕੀ ਮੋਟੀ ਪ੍ਰਾਪਤੀ ਉੱਤੇ ਵੀ ‘‘ਬੱਲੇ ਬੱਲੇ, ਬਈ ਹੈਂ! ਇਹ ਤਾਂ ਕਮਾਲ ਕਰ’ਤੀ। ਸੱਚੀ, ਦੇਖੋ ਸਹੀ ਕਿੱਡਾ ਵਧੀਆ ਕੰਮ ਕਰ ’ਤਾ ਮੁੰਡੇ ਨੇ,’’ ਕਹਿ ਕੇ ਉਹ ਹੌਸਲਾ-ਅਫਜ਼ਾਈ ਕਰਦੇ ਸਨ। ਬਹੁਤ ਸਾਰੇ ਲੋਕ ਤਾਂ ਉਨ੍ਹਾਂ ਨੂੰ ਬੱਲੇ ਬੱਲੇ ਵਾਲਾ ਡਾਕਟਰ ਹਰਚਰਨ ਸਿੰਘ ਕਹਿੰਦੇ ਸਨ। ਉਹ ਆਪਣੇ ਆਪ ਵਿੱਚ ਰੌਣਕ ਸਨ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਪਾਠ ਨਾਲ ਹੁੰਦੀ। ਫਿਰ ਯੋਗਾ ਕਰਦੇ। ਫਿਰ ਚੱਲ ਸੋ ਚੱਲ। ਯਾਰੀਆਂ ਪਾਲਣੀਆਂ ਕੋਈ ਉਨ੍ਹਾਂ ਤੋਂ ਸਿੱਖਦਾ। ਉਹ 2016 ਨੂੰ ਇਸ ਦੁਨੀਆ ਤੋਂ ਤੁਰ ਗਏ। ਮੇਰਾ ਕੱਦ ਉਦੋਂ ਆਪਣੇ ਆਪ ਹੋਰ ਉੱਚਾ ਹੋ ਜਾਂਦਾ ਹੈ ਜਦੋਂ ਕਿਸੇ ਨੂੰ ਆਖੀਦਾ ਏ ਕਿ ਮੈਂ ਵੀ ਨਾਟਕਕਾਰ ਡਾ. ਹਰਚਰਨ ਸਿੰਘ ਦੇ ਪਿੰਡ ਉੜਾਪੜ ਤੋਂ ਹਾਂ।
ਸੰਪਰਕ: 98147-34035