For the best experience, open
https://m.punjabitribuneonline.com
on your mobile browser.
Advertisement

ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ

06:04 AM Mar 20, 2024 IST
ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ
Advertisement

ਹਰਮਨਪ੍ਰੀਤ ਸਿੰਘ

Advertisement

ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਜੰਮੂ ਰਿਆਸਤ ਦੇ ਪੁਣਛ ਇਲਾਕੇ ਦੇ ਪਿੰਡ ਰਾਜੌਰੀ ਵਿੱਚ ਰਾਮ ਦੇਵ ਤੇ ਸੁਲੱਖਣੀ ਦੇਵੀ ਦੇ ਘਰ 27 ਅਕਤੂਬਰ 1670 ਈ. ਨੂੰ ਹੋਇਆ। ਉਨ੍ਹਾਂ ਨੂੰ ਬਚਪਨ ਵਿਚ ਲਛਮਣ ਦੇਵ, ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ। ਉਨ੍ਹਾਂ ਨੇ ਬਚਪਨ ਵਿਚ ਹੀ ਪਹਿਲਵਾਨੀ ਦੇ ਨਾਲ-ਨਾਲ ਘੋੜ ਸਵਾਰੀ, ਤੀਰ ਅੰਦਾਜ਼ੀ ਅਤੇ ਸ਼ਿਕਾਰ ਖੇਡਣ ਵਿਚ ਮੁਹਾਰਤ ਹਾਸਲ ਕਰ ਲਈ। ਬਚਪਨ ’ਚ ਵਾਪਰੀ ਇਕ ਘਟਨਾ ਨੇ ਲਛਮਣ ਦੇਵ ਨੂੰ ਮਾਧੋ ਦਾਸ ਬੈਰਾਗੀ ਬਣਾ ਦਿੱਤਾ। ਦਰਅਸਲ ਇਕ ਵਾਰ ਸ਼ਿਕਾਰ ਖੇਡਦਿਆਂ ਉਨ੍ਹਾਂ ਦੇ ਤੀਰ ਨੇ ਇਕ ਹਿਰਨੀ ਨੂੰ ਨਿਸ਼ਾਨਾ ਬਣਾਇਆ ਅਤੇ ਇਤਫ਼ਾਕਨ ਉਹ ਹਿਰਨੀ ਗਰਭਵਤੀ ਸੀ। ਹਿਰਨੀ ਦੇ ਨਾਲ ਉਸ ਦੇ ਗਰਭ ’ਚ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ। ਇਸ ਘਟਨਾ ਨੇ ਉਨ੍ਹਾਂ ਦੇ ਦਿਮਾਗ ’ਤੇ ਗਹਿਰਾ ਅਸਰ ਕੀਤਾ ਅਤੇ ਉਨ੍ਹਾਂ 15 ਸਾਲ ਦੀ ਉਮਰ ’ਚ ਬੈਰਾਗੀ ਬਣਨ ਲਈ ਘਰ ਛੱਡ ਦਿੱਤਾ। ਜੀਵਨ ਦਾ ਲੰਮਾ ਅਰਸਾ ਉਨ੍ਹਾਂ ਨੇ ਬੈਰਾਗੀਆਂ ਅਤੇ ਸਾਧੂਆਂ ਨਾਲ ਬਿਤਾਇਆ। ਦੁਨਿਆਵੀ ਮੋਹ-ਮਾਇਆ ਛੱਡ ਕੇ ਉਨ੍ਹਾਂ ਵਧੇਰੇ ਸਮਾਂ ਮਨ ਦੀ ਸ਼ਾਂਤੀ ਲਈ ਕਈ ਗੁਰੂਆਂ ਅਤੇ ਸੰਤਾਂ ਨਾਲ ਬਤੀਤ ਕੀਤਾ। ਧਿਆਨ ਅਤੇ ਭਗਤੀ ਵਿਚ ਗੁਜ਼ਾਰੇ ਸਮੇਂ ਨੇ ਉਨ੍ਹਾਂ ਨੂੰ ਕਈ ਰਿੱਧੀਆਂ ਸਿੱਧੀਆਂ ਦਾ ਮਾਲਕ ਬਣਾ ਦਿੱਤਾ। ਕਈ ਰਿੱਧੀਆਂ ਸਿੱਧੀਆਂ ਦੇ ਆਉਣ ਨਾਲ ਉਨ੍ਹਾਂ ਦੇ ਹੰਕਾਰ ਵਿਚ ਵੀ ਵਾਧਾ ਹੋਇਆ। ਉਹ ਆਪਣੇ ਡੇਰੇ ’ਤੇ ਆਉਂਦੇ ਮੁਸਾਫਿਰਾਂ ਅਤੇ ਮਹਿਮਾਨਾਂ ਨੂੰ ਨੀਵਾਂ ਦਿਖਾਉਣ ਲਈ ਜਾਦੂਈ ਸ਼ਕਤੀਆਂ ਦੀ ਵਰਤੋਂ ਕਰਦੇ। ਸਮਾਂ ਬੀਤਿਆ ਤੇ ਗੁਰੂ ਗੋਬਿੰਦ ਸਿੰਘ ਮਾਧੋ ਦਾਸ ਬੈਰਾਗੀ ਦੇ ਡੇਰੇ ’ਤੇ ਪਹੁੰਚੇ।
ਗੁਰੂ ਗੋਬਿੰਦ ਸਿੰਘ ਜੀ ਜਿਸ ਮੰਜੇ ’ਤੇ ਬੈਠੇ ਸਨ, ਮਾਧੋ ਦਾਸ ਨੇ ਉਹ ਮੰਜਾ ਪਲਟਣ ਲਈ ਆਪਣੀਆਂ ਸਾਰੀਆਂ ਸ਼ਕਤੀਆਂ ਲਗਾ ਦਿੱਤੀਆਂ ਪਰ ਉਨ੍ਹਾਂ ਦਾ ਜ਼ੋਰ ਨਾ ਚੱਲਿਆ। ਗੁਰੂ ਗੋਬਿੰਦ ਸਿੰਘ ਜੀ ’ਤੇ ਮਾਧੋ ਦਾਸ ਦੀਆਂ ਜਾਦੂਈ ਸ਼ਕਤੀਆਂ ਦਾ ਕੋਈ ਪ੍ਰਭਾਵ ਨਾ ਹੋਇਆ। ਜਦੋਂ ਮਾਧੋ ਦਾਸ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਹ ਗੁਰੂ ਜੀ ਦੇ ਚਰਨਾਂ ਵਿਚ ਆ ਡਿੱਗੇ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸੰਸਾਰ ਦੀਆਂ ਝੂਠੀਆਂ ਸ਼ਕਤੀਆਂ ਤਾਂ ਉਨ੍ਹਾਂ ਹਾਸਲ ਕਰ ਲਈਆਂ ਪਰ ਜੋ ਆਨੰਦ ਅਤੇ ਸੱਚੀ ਅਧਿਆਤਮਕਤਾ ਗੁਰੂ ਜੀ ਕੋਲ ਸੀ, ਉਹ ਉਨ੍ਹਾਂ ਨੂੰ ਕਦੇ ਹਾਸਲ ਨਹੀਂ ਹੋਈ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਤੋਂ ਉਨ੍ਹਾਂ ਦਾ ਨਾਮ ਪੁੱਛਿਆਂ ਤਾਂ ਉਨ੍ਹਾਂ ਨੇ ਆਪਣਾ ਅਸਲ ਨਾਮ ਦੱਸਣ ਦੀ ਬਜਾਏ ਆਪਣਾ ਨਾਮ ਬੰਦਾ ਦੱਸਿਆ। ਫ਼ਿਰ ਗੁਰੂ ਜੀ ਨੇ ਕਿਹਾ ਕਿ ਜੇ ਤੂੰ ਬੰਦਾ ਹੈ ਤਾਂ ਬੰਦਿਆਂ ਵਾਲੇ ਕਾਰਜ ਕਰ। ਮਾਧੋ ਦਾਸ ਗੁਰੂ ਜੀ ਦੇ ਚਰਨੀਂ ਪੈ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਤੋਂ ਲੋਕਾਈ ਦੇ ਹਿੱਤ ਲਈ ਕਾਰਜ ਕਰਨ ਲਈ ਪ੍ਰੇਰਿਆ। ਮਾਧੋ ਦਾਸ ਜਦੋਂ ਨਾਂਦੇੜ ਦੀ ਧਰਤੀ ’ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਤਾਂ ਗੁਰੂ ਸਾਹਿਬ ਨੇ ਸਿੰਘ ਸਜਾ ਕੇ ਉਨ੍ਹਾਂ ਦਾ ਨਾਮ ਬੰਦਾ ਸਿੰਘ ਬਹਾਦਰ ਰੱਖ ਦਿੱਤਾ ਅਤੇ ਪੰਜਾਬ ਵੱਲ ਤੋਰ ਦਿੱਤਾ। ਉਨ੍ਹਾਂ ਚੱਪੜਚਿੜੀ ਦੇ ਮੈਦਾਨ ’ਚ ਸੂਬਾ ਸਰਹਿੰਦ ਨੂੰ ਮਾਰ ਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ।
ਸਰਹਿੰਦ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਸਢੋਰਾ ਤੋਂ ਲਗਪਗ 20 ਕਿਲੋਮੀਟਰ ਦੀ ਦੂਰੀ ’ਤੇ ਮੁਖਲਿਸਪੁਰ ਵਿਚ ਆਪਣੀ ਸਰਕਾਰ ਕਾਇਮ ਕੀਤੀ। ਇਸ ਸਥਾਨ ਦਾ ਨਾਮ ਮੁਖਲਿਸ ਖ਼ਾਨ ਦੇ ਨਾਂ ’ਤੇ ਪਿਆ ਜੋ ਬਾਦਸ਼ਾਹ ਸ਼ਾਹਜਹਾਂ ਦਾ ਫ਼ੌਜੀ ਸਰਦਾਰ ਸੀ ਅਤੇ ਸਰਹਿੰਦ ਦਾ ਗਵਰਨਰ ਸੀ। ਇਹ ਸਥਾਨ ਨਾਹਨ ਦੇ ਦੱਖਣ ਵਿਚ ਸ਼ਿਵਾਲਿਕ ਪਹਾੜੀਆਂ ’ਤੇ ਸਥਿਤ ਹੈ। ਬਾਬਾ ਬੰਦਾ ਬਹਾਦਰ ਨੇ ਸਰਹਿੰਦ ਦੇ ਇਲਾਕੇ ’ਤੇ ਕਬਜ਼ਾ ਕਰਨ ਤੋਂ ਬਾਅਦ 1710 ਈ. ਵਿਚ ਮੁਖਲਿਸਪੁਰ ਨੂੰ ਆਪਣਾ ਨਿਵਾਸ ਸਥਾਨ ਬਣਾਇਆ। ਇਸ ਨੂੰ ਮੁਖਨਿਸਗੜ੍ਹ ਵੀ ਕਿਹਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਦਾ ਨਾਂ ਬਦਲ ਕੇ ਲੋਹਗੜ੍ਹ ਰੱਖ ਦਿੱਤਾ ਅਤੇ ਇਸ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾਇਆ।
ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਥਾਪਤ ਕੀਤਾ ਅਤੇ ਲੋਕਾਂ ਦੀ ਭਲਾਈ ਲਈ ਜ਼ਮੀਨਦਾਰੀ ਪ੍ਰੰਪਰਾ ਖਤਮ ਕਰ ਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੀ ਮਲਕੀਅਤ ਦੇ ਅਧਿਕਾਰ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਖਾਲਸਾ ਰਾਜ ਦੇ ਪਹਿਲੇ ਸਿੱਕੇ, ਮੋਹਰ ਅਤੇ ਕੈਲੰਡਰ ਵੀ ਜਾਰੀ ਕਰ ਦਿੱਤੇ। ਇਹ ਸਿੱਕੇ 1710 ਈ. ਤੋਂ 1713 ਈ. ਵਿੱਚ ਜਾਰੀ ਕੀਤੇ ਗਏ ਜੋ ਸਿੱਖ ਗੁਰੂਆਂ ਦੇ ਨਾਂ ’ਤੇ ਆਧਾਰਿਤ ਹੋਣ ਕਰਕੇ ਨਾਨਕਸ਼ਾਹੀ ਕਹਾਏ। ਨਾਨਕਸ਼ਾਹੀ ਸਿੱਕੇ ਖਾਲਸਾ ਰਾਜ ਦੀ ਆਰੰਭਤਾ, ਆਜ਼ਾਦੀ, ਖੁਦਮੁਖਤਿਆਰੀ ਅਤੇ ਗੁਲਾਮੀ ਦੀ ਮਾਨਸਿਕਤਾ ਨੂੰ ਤੋੜਨ ਦੇ ਨਿਸ਼ਾਨ ਬਣੇ। ਇਨ੍ਹਾਂ ਸਿੱਕਿਆਂ ’ਤੇ ਫਾਰਸੀ ਭਾਸ਼ਾ ਦੀ ਵਰਤੋਂ ਕੀਤੀ ਗਈ ਅਤੇ ਧਾਤ ਦੇ ਤੌਰ ’ਤੇ ਚਾਂਦੀ ਵਰਤੀ ਗਈ ਸੀ। ਸਿੱਕੇ ਦੇ ਇਕ ਪਾਸੇ ਲਿਖਿਆ ਸੀ: ਸਿੱਕਾ ਯਦ ਬਰ ਹਰ ਦੋ ਆਲਮ ਤੇਗ-ਏ-ਨਾਨਕ ਵਾਹਬਿ ਅਸਤ ਫ਼ਤਹਿ ਗੋਬਿੰਦ ਸਿੰਘ ਸ਼ਾਹ-ਏ-ਸ਼ਾਹਾਂ ਫ਼ਜ਼ਲ ਸੱਚਾ ਸਾਹਿਬ ਅਸਤ। ਇਸੇ ਤਰ੍ਹਾਂ ਦੂਸਰੇ ਪਾਸੇ ਲਿਖਿਆ ਸੀ: ਜ਼ਰਬ ਬਾ-ਅਮਨ-ਅਲ-ਦੀਨ ਮਾਸਵਾਰਤ ਸ਼ਹਿਰ ਜ਼ੀਨਤ-ਅਲ-ਤਖ਼ਤ ਖਾਲਸਾ ਮੁਬਾਰਕ ਬਖ਼ਤ।
ਸਿੱਖਾਂ ਦਾ ਪਹਿਲਾ ਰਾਜ ਬਹੁਤਾ ਲੰਮਾ ਸਮਾਂ ਸਥਾਪਤ ਨਾ ਰਹਿ ਸਕਿਆ। 1715 ਈ. ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਨੂੰ ਗੁਰਦਾਸ ਨੰਗਲ ਦੀ ਗੜ੍ਹੀ ’ਚੋਂ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਈ ਤਰ੍ਹਾਂ ਦੇ ਦਿਲ ਕੰਬਾਊ ਤਸੀਹੇ ਦਿੱਤੇ ਗਏ। 9 ਜੂਨ 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਤਲਵਾਰ ਨਾਲ ਟੁਕੜੇ-ਟੁਕੜੇ ਕਰ ਦਿੱਤਾ ਗਿਆ ਅਤੇ ਅਜੈ ਸਿੰਘ ਦਾ ਦਿਲ ਉਸ ਦੇ ਸਰੀਰ ’ਚੋਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ ਗਿਆ। ਅੰਤ ਤਲਵਾਰ ਦੇ ਇੱਕ ਵਾਰ ਨਾਲ ਜੱਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਧੜ ਤੋਂ ਵੱਖ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।
ਸੰਪਰਕ: 98550-10005

Advertisement
Author Image

joginder kumar

View all posts

Advertisement
Advertisement
×