ਗੁਰੂ ਅਰਜਨ ਦੇਵ ਨੂੰ ਸਮਰਪਿਤ ਧਾਰਮਿਕ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਜੂਨ
ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਸਬੰਧੀ ਵੱਖ ਵੱਖ ਗੁਰੂਘਰਾਂ ਵਿੱਚ ਗੁਰਮਤਿ ਸਮਾਗਮ ਹੋਏ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੋਏ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀਏ ਭਾਈ ਜਗਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਬਖਸ਼ੀਸ਼ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਸਾਗਰ ਸਿੰਘ (ਬੱਚੀ ਪਿੰਡ), ਇਸਤਰੀ ਸਤਿਸੰਗ ਸਭਾ ਏ- ਬਲਾਕ, ਚੌਪਈ ਸਾਹਿਬ ਸੇਵਾ ਸੁਸਾਇਟੀ, ਇਸਤਰੀ ਸਤਿਸੰਗ ਸਭਾ (ਗੁਰਦੁਆਰਾ ਸਾਹਿਬ) ਦੀਆਂ ਬੀਬੀਆਂ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਸੰਗਤ ਦਾ ਧੰਨਵਾਦ ਕਰਦਿਆਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਫ਼ਲਸਫ਼ੇ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਜਥਿਆਂ ਨੂੰ ਸਨਮਾਨਿਆ। ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।
ਗੁਰਦੁਆਰਾ ਗੁਰ ਸ਼ਬਦ ਪ੍ਰਚਾਰ, ਰਾਮ ਨਗਰ ਵਿਖੇ ਹੋਏ ਸਮਾਗਮ ਦੌਰਾਨ ਆਖੰਡ ਪਾਠ ਦੇ ਭੋਗ ਉਪਰੰਤ ਬੀਬੀ ਜਸਪ੍ਰੀਤ ਕੌਰ ਲਖਨਊ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ, ਅਕਾਲੀ ਆਗੂ ਜਗਬੀਰ ਸਿੰਘ ਸੋਖੀ ਅਤੇ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਸੋਮਾ ਵੀ ਹਾਜ਼ਰ ਹੋਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦਿਆਲ ਸਿੰਘ ਧੰਜਲ ਨੇ ਸੰਗਤ ਦਾ ਧੰਨਵਾਦ ਕਰਦਿਆਂ ਰਾਗੀ ਜੱਥਿਆਂ ਨੂੰ ਸਨਮਾਨਿਤ ਕੀਤਾ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਅਰਜਨ ਦੇਵ ਨਗਰ, ਚੌਕ ਖੁੱਡ ਮੁਹੱਲਾ ਵਿੱਚ ਹੋਏ ਸਮਾਗਮ ਮੌਕੇ ਭਾਈ ਹਰਪ੍ਰੀਤ ਸਿੰਘ ਖਾਲਸਾ, ਭਾਈ ਮਨਜੀਤ ਸਿੰਘ, ਭਾਈ ਬਚਿਤਰ ਸਿੰਘ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਇਟੀ ਦੇ ਜੱਥੇ ਨੇ ਕੀਰਤਨ ਕੀਤਾ। ਇਸ ਮੌਕੇ ਬਲਜੀਤ ਸਿੰਘ ਦੁਖੀਆ, ਹਰਜੀਤ ਸਿੰਘ ਮਲਹੋਤਰਾ, ਜਗਜੀਤ ਸਿੰਘ, ਜਗਮੋਹਨ ਸਿੰਘ ਬਿੰਦਰਾ, ਵਰਿੰਦਰਪਾਲ ਸਿੰਘ ਸ਼ੇਲੀ ਅਤੇ ਗੁਰਚਰਨ ਸਿੰਘ ਮਿੰਟਾ ਨੇ ਜੱਥਿਆਂ ਨੂੰ ਸਨਮਾਨਿਤ ਕੀਤਾ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਪੰਜਵੇਂ ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਸਮਰਪਿਤ ਇੱਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਵੇਰੇ ਅਖੰਡ ਪਾਠ ਦੇ ਭੋਗ ਉਪਰੰਤ ਬੀਬੀਆਂ ਦੇ ਜਥੇ ਨੇ ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਦੇ ਪਾਠ ਕੀਤੇ, ਉਪਰੰਤ ਰਾਗੀ ਢਾਡੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਖੰਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਿੱਲਾਂ ਵਾਲੀ ਛੱਪੜੀ ਵਿੱਚ ਹਰਦੀਪ ਸਿੰਘ ਹਨੀ ਰੋਸ਼ਾ ਦੀ ਅਗਵਾਈ ਹੇਠ ਸ਼ਹੀਦੀ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਅਨੇਕਾਂ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਭਾਈ ਸਤਨਾਮ ਸਿੰਘ ਖਾਲਸਾ, ਭਾਈ ਗੁਰਪ੍ਰੀਤ ਸਿੰਘ, ਭਾਈ ਸ਼ੁਭਦੀਪ ਸਿੰਘ, ਭਾਈ ਅਬਿਨਾਸ਼ੀ ਸਿੰਘ, ਭਾਈ ਮਲਕੀਤ ਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਰਾਮਗੜ੍ਹੀਆ ਭਵਨ, ਗੁਰਦੁਆਰਾ ਸੁੱਖ ਸਾਗਰ, ਗੁਰਦੁਆਰਾ ਹਰਿਕ੍ਰਿਸ਼ਨ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।
ਇਸੇ ਤਰ੍ਹਾਂ ਦੋਰਾਹਾ ਦੇ ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਕਟਾਣਾ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ ਵੱਖ ਵੱਖ ਰਾਗੀ ਜੱਥਿਆਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਸੱਭਿਆਚਾਰਕ ਇਤਿਹਾਸਕ ਵਿਰਸੇ ਦੀ ਸੰਭਾਲ ਕਰਨ। ਇਸ ਮੌਕੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਗਗਨਦੀਪ ਸਿੰਘ ਅਤੇ ਬੱਬਲਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੀ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਅੰਤ ਵਿਚ ਅਤੁੱਟ ਲੰਗਰ ਵਰਤਾਏ ਗਏ।
ਗੁਰੂ ਅਰਜਨ ਦੇਵ ਨੂੰ ਸਮਰਪਿਤ ਛਬੀਲ ਅਤੇ ਲੰਗਰ ਲਗਾਏ
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਇਲਾਕੇ ਭਰ ‘ਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਥਾਨਕ ਕਸਬੇ ਅਤੇ ਆਸ-ਪਾਸ ਦੇ ਪਿੰਡਾਂ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮ ਕਰਵਾਉਣ ਤੋਂ ਇਲਾਵਾ ਪ੍ਰਬੰਧਕਾਂ ਨੇ ਸੰਗਤਾਂ ਅਤੇ ਰਾਹਗੀਰਾਂ ਲਈ ਛਬੀਲਾਂ ਅਤੇ ਲੰਗਰ ਲਗਾਏ ਗਏ। ਰਾਗੀ ਜਥਿਆਂ ਨੇ ਧਾਰਮਿਕ ਕੀਰਤਨ ਕੀਤਾ, ਜਦੋਂਕਿ ਧਾਰਮਿਕ ਬੁਲਾਰਿਆਂ ਨੇ ਗੁਰੂ ਜੀ ਦੇ ਜੀਵਨ ਅਤੇ ਸਿੱਖਾਂ ਅਤੇ ਹਿੰਦੂ ਭਾਈਚਾਰੇ ਲਈ ਉਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ’ਤੇ ਚਾਨਣਾ ਪਾਇਆ। ਸਿੱਖ ਸੰਗਤ, ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਵੇਰ ਤੋਂ ਹੀ ਛਬੀਲਾਂ ਅਤੇ ਲੰਗਰ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਬੱਸ ਸਟੈਂਡ, ਰੇਲਵੇ ਸਟੇਸ਼ਨ, ਟਰੱਕ ਤੇ ਟੈਕਸੀ ਯੂਨੀਅਨਾਂ ਅਤੇ ਆਮ ਬਾਜ਼ਾਰਾਂ ਵਿੱਚ ਠੰਢਾ ਮਿੱਠਾ ਜਲ, ਜਲ ਜ਼ੀਰਾ ਅਤੇ ਕਾਲੇ ਛੋਲਿਆਂ ਦੇ ਲੰਗਰ ਲਗਾਏ ਗਏ। ਭਾਈ ਘਨੱਈਆ ਜੀ ਸੁਸਾਇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਪ੍ਰਧਾਨ ਸਿੱਖ ਸਦਭਾਵਨਾ ਦਲ ਅਤੇ ਭੁਪਿੰਦਰ ਸਿੰਘ (ਸੰਪਰਦਾਏ ਦਮਦਮੀ ਟਕਸਾਲ ਭਿੰਡਰਾਂ) ਨੇ ਦੀਵਾਨ ਸਜਾਏ। ਗੁਰਦੁਆਰਾ ਭਗਤ ਰਵਿਦਾਸ ਜੰਡਾਲੀ ਰੋਡ, ਗੁਰਦੁਆਰਾ ਭਗਤ ਨਾਮਦੇਵ, ਗੁਰਦੁਆਰਾ ਸਿੰਘ ਸਭਾ ਲੋਹਗੜ੍ਹ, ਗੁਰਦੁਆਰਾ ਡੇਹਲੋਂ ਅਤੇ ਲਹਿਰਾ ਵਿਖੇ ਵੀ ਧਾਰਮਿਕ ਸਮਾਗਮ ਕਰਵਾਏ ਗਏ।