ਲੰਬੀ ਊਡੀਕ ਬਾਅਦ ਪਏ ਮੀਂਹ ਨਾਲ ਮਿਲੀ ਰਾਹਤ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 19 ਅਗਸਤ
ਲੰਬੀ ਉਡੀਕ ਤੋਂ ਬਾਅਦ ਅੱਜ ਸਵੇਰੇ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ’ਚ ਭਾਰੀ ਮੀਂਹ ਪਿਆ। ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਪਰ ਕੁੱਝ ਸਮੇਂ ਲਈ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਲਗਪਗ ਠੱਪ ਹੋ ਗਈ। ਨੀਵੇਂ ਇਲਾਕਿਆਂ ’ਚ ਸਥਿਤ ਘਰਾਂ ਤੇ ਦੁਕਾਨਾਂ ’ਚ ਪਾਣੀ ਭਰ ਗਿਆ। ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ ਜਿਸ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬਿਜਲੀ ਸਪਲਾਈ ਆਮ ਵਾਂਗ ਹੋਈ। ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਪ੍ਰਸ਼ਾਸਨ ਨੂੰ ਕੋਸਦੇ ਰਹੇ।
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਹਲਕੇ ਅੰਦਰ ਅੱਜ ਲੰਮੇ ਸਮੇਂ ਤੋਂ ਬਾਅਦ ਪਏ ਹਲਕੇ ਮੀਂਹ ਨੇ ਜਿੱਥੇ ਗਰਮ ਮੌਸਮ ਤੋਂ ਆਮ ਲੋਕਾਂ ਨੂੰ ਰਾਹਤ ਪਹੁੰਚਾਈ ਹੈ, ਉਸ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਕੁਝ ਰਾਹਤ ਮਿਲ ਗਈ ਹੈ। ਕਿਉਂਕਿ ਇਸ ਸਾਲ ਮੌਨਸੂਨ ਦਾ ਸੀਜ਼ਨ ਬਿਲਕੁਲ ਸੁੱਕਾ ਲੰਘ ਜਾਣ ਕਾਰਨ ਹਲਕੇ ਵਿੱਚ ਗੰਨੇ, ਹਰੇ ਚਾਰੇ, ਝੋਨਾ, ਮਾਂਹ, ਤਿੱਲ ਅਤੇ ਸਬਜ਼ੀਆਂ ਆਦਿ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਜਸਬੀਰ ਸਿੰਘ, ਜਰਨੈਲ ਸਿੰਘ ਅਤੇ ਗੁਰਦੀਪ ਸਿੰਘ ਆਦਿ ਨੇ ਕਿਹਾ ਕਿ ਬਰਸਾਤ ਦਾ ਮੌਸਮ ਦੌਰਾਨ ਮੀਂਹ ਪੈਣ ਦੀ ਬਜਾਏ ਅੱਤ ਦੀ ਗਰਮੀ ਪੈਣ ਕਾਰਨ ਉਨ੍ਹਾਂ ਦੀ ਗੰਨੇ ਅਤੇ ਹਰੇ ਚਾਰੇ ਦੀ ਫ਼ਸਲਾਂ ਲੋੜੀਂਦਾ ਪਾਣੀ ਨਾ ਮਿਲਣ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ।ਮੌਸਮ ਲਈ ਕਰਵਟ ਦਿਨ ਦਾ ਉਜ਼ਾਲਾ ਰਾਤ ਦੇ ਹਨੇਰੇ ਵਿੱਚ ਬਦਲਿਆ
ਬਲਾਚੌਰ (ਸੁਭਾਸ਼ ਜੋਸ਼ੀ): ਅੱਜ ਸਵੇਰ ਤੋਂ ਪੈ ਰਹੀ ਗਰਮੀ ਅਤੇ ਹੁੰਮਸ ਭਰੇ ਦਿਨ ਤੋਂ ਬਾਅਦ ਦੁਪਹਿਰ ਸਮੇਂ ਲੋਕਾਂ ਨੂੰ ਉਸ ਵੇਲੇ ਕੁੱਝ ਰਾਹਤ ਮਿਲੀ ਜਦ ਅਸਮਾਨ ’ਤੇ ਬੱਦਲ ਛਾਂ ਗਏ ਅਤੇ ਵੇਖਦੇ ਹੀ ਵੇਖਦੇ ਦਿਨ ਰਾਤ ਦੇ ਹਨੇਰੇ ਵਿੱਚ ਤਬਦੀਲ ਹੋ ਗਿਆ।
ਬਾਅਦ ਦੁਪਹਿਰ ਸੜਕਾਂ ’ਤੇ ਚੱਲਣ ਵਾਲੇ ਵਾਹਨ ਚਾਲਕਾ ਨੂੰ ਆਪਣੀ ਮੰਜ਼ਿਲ ਤੇ ਪੁੱਜਣ ਲਈ ਹੈੱਡ ਲਾਈਟਾਂ ਦਾ ਸਹਾਰਾ ਲੈਣਾ ਪਿਆ ਉਥੇ ਹੀ ਦੁਕਾਨਦਾਰਾ ਵਲੋਂ ਆਪਣੀਆ ਦੁਕਾਨਾਂ ਅੱਗੇ ਅਤੇ ਅੰਦਰ ਦੀਆਂ ਲਾਈਆਂ ਲਾਈਟਾਂ ਜਗਾਣੀਆਂ ਪਈਆਂ। ਮੌਸਮ ਖੁਸ਼ਗਵਾਰ ਹੋਣ ਤੇ ਤਬਦੀਲੀ ਨਾਲ ਭਾਵੇਂ ਮੀਂਹ ਘੱਟ ਪਿਆ ਮਗਰ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ।
ਟਾਹਲੀ ਡਿੱਗਣ ਨਾਲ ਵਾਹਨ ਨੁਕਸਾਨੇ
ਗੁਰਦਾਸਪੁਰ:(ਕੇਪੀ ਸਿੰਘ):ਇੱਥੋਂ ਦੀ ਕਾਲਜ ਰੋਡ ਊੱਤੇ ਮੁਥੂਟ ਫਾਈਨਾਂਸ ਦਫ਼ਤਰ ਦੇ ਸਾਹਮਣੇ ਟਾਹਲੀ ਦਾ ਇੱਕ ਵਿਸ਼ਾਲ ਦਰੱਖ਼ਤ ਡਿੱਗ ਜਾਣ ਨਾਲ ਸੜਕ ਕੰਢੇ ਖੜ੍ਹੀ ਇੱਕ ਕਾਰ, ਤਿੰਨ ਮੋਟਰਸਾਈਕਲ ਅਤੇ ਦੋ ਸਕੂਟਰੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈ ਜਦਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਸੂਚਨਾ ਮਿਲਣ ਤੇ ਪੁਲਸ ਦਰੱਖਤ ਨੂੰ ਕਟਵਾ ਕੇ ਰਸਤਾ ਸਾਫ਼ ਕਰਵਾਉਣ ਵਿੱਚ ਰੁੱਝੀ ਸੀ । ਦਰਖ਼ਤ ਡਿੱਗਣ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।