ਬਠਿੰਡਾ ਤੇ ਮਾਨਸਾ ਵਿੱਚ ਭਰਵੇਂ ਮਗਰੋਂ ਹੁੰਮਸ ਤੇ ਗਰਮੀ ਤੋਂ ਰਾਹਤ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 1 ਅਗਸਤ
ਮਾਲਵੇ ’ਚ ਅੱਜ ਲੰਮੇ ਇੰਤਜ਼ਾਰ ਤੋਂ ਬਾਅਦ ‘ਇੰਦਰ’ ਮਿਹਰਬਾਨ ਹੋਇਆ। ਲੰਮੀ ਔੜ ਤੋਂ ਬਾਅਦ ਮਾਲਵੇ ਦੇ ਦੱਖਣੀ-ਪੱਛਮੀ ਖੇਤਰਾਂ ’ਚ ਵੀਰਵਾਰ ਸਵੇਰ ਸਾਰ ਸਾਉਣ ਦੇ ਪਹਿਲੇ ਮੀਂਹ ਨੇ ਦਸਤਕ ਦਿੱਤੀ। ਪੂਰਾ ਦਿਨ ਮੋਹਲੇਧਾਰ ਵਰਖਾ ਹੁੰਮਸ ਦੀ ਭੰਨੀ ਕਾਇਨਾਤ ਨੂੰ ਮਖ਼ਮੂਰ ਕਰਦੀ ਰਹੀ। ਮੌਸਮ ਵਿਭਾਗ ਵੱਲੋਂ ਅੱਜ ਬਠਿੰਡਾ ’ਚ 63.2 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਬਾਰਿਸ਼ ਸਦਕਾ ਜਿੱਥੇ ਲੋਕਾਈ ਨੂੰ ਦਮ ਘੁੱਟਦੀ ਹੁੰਮਸ ਤੋਂ ਵੱਡੀ ਰਾਹਤ ਨਸੀਬ ਹੋਈ, ਉੱਥੇ ਹੀ ਤਾਪਮਾਨ ’ਚ ਆਮ ਦਿਨਾਂ ਨਾਲੋਂ ਕਰੀਬ 10 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਸੈਲਸੀਅਸ ਰਿਹਾ।
ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ। ਇਹ ਬਰਸਾਤ ਫ਼ਸਲਾਂ ਲਈ ਵਰਦਾਨ ਮੰਨੀ ਜਾ ਰਹੀ ਹੈ। ਮੀਂਹ ਪੈਣ ਨਾਲ ਫ਼ਸਲਾਂ ਦਾ ਫ਼ੁਟੇਰਾ ਰਫ਼ਤਾਰ ਫੜੇਗਾ ਅਤੇ ਮੌਸਮੀ ਵਾਤਾਵਰਨ ਦੇਸੀ ਘਿਓ ਦਾ ਕੰਮ ਕਰੇਗਾ। ਫ਼ਸਲਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ ਅਤੇ ਝਾੜ ਦਾ ਵਧਣਾ ਵੀ ਯਕੀਨੀ ਰਹੇਗਾ।
ਦੂਜੇ ਪਾਸੇ ਬਾਰਿਸ਼ ਕਿਸੇ ਲਈ ਕਿਆਮਤ ਬਣ ਕੇ ਬਹੁੜੀ ਹੈ। ਬਠਿੰਡਾ ਸ਼ਹਿਰ ਦੀ ਪ੍ਰਜਾਪਤ ਕਲੋਨੀ ’ਚ ਇੱਕ ਮਕਾਨ ਦੀ ਛੱਤ ਡਿੱਗ ਪਈ। ਰਾਹਤ ਇਸ ਪੱਖ ਤੋਂ ਰਹੀ ਕਿ ਜਦੋਂ ਛੱਤ ਡਿੱਗੀ, ਉਸ ਸਮੇਂ ਘਰ ’ਚ ਵਸਦਾ ਸਮੁੱਚਾ ਪਰਿਵਾਰ ਕਿਤੇ ਬਾਹਰ ਰਿਸ਼ਤੇਦਾਰੀ ’ਚ ਗਿਆ ਹੋਇਆ ਸੀ। ਇਸ ਘਟਨਾ ਨਾਲ ਘਰ ਦੇ ਸਮਾਨ ਦਾ ਮਲਬੇ ਹੇਠ ਦਬਣ ਕਾਰਨ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਨੀਵੇਂ ਖੇਤਰਾਂ ਪਰਸ ਰਾਮ ਨਗਰ, ਸਿਰਕੀ ਬਾਜ਼ਾਰ, ਪਾਵਰ ਹਾਊਸ ਰੋਡ ਆਦਿ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰੀਆਂ ਨੇ ਕਿਹਾ ਕਿ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਾਮਲਾ ਦਹਾਕਿਆਂ ਪੁਰਾਣਾ ਹੈ ਅਤੇ ਜਿੰਨੀਆਂ ਵੀ ਸਰਕਾਰਾਂ ਆਈਆਂ, ਸਭ ਨੇ ਇਸ ਨੂੰ ਦਰੁਸਤ ਕਰਨ ਦਾ ਦਿਲਾਸਾ ਤਾਂ ਦਿੰਦੀਆਂ ਰਹੀਆਂ ਹਨ ਪਰ ਮੁਸ਼ਕਿਲ ਦਾ ਸਥਾਈ ਹੱਲ ਨਹੀਂ ਕੀਤਾ।
ਬਠਿੰਡਾ ਅਤੇ ਮਾਨਸਾ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਬਣਿਆ ਅੰਡਰਬੱਰਿਜ ਮੀਂਹ ਦੇ ਮੌਸਮ ਵਿੱਚ ਰਾਹਗੀਰਾਂ ਲਈ ਮਸੀਬਤ ਬਣ ਗਿਆ। ਅੱਜ ਮੀਂਹ ਪੈਣ ਕਾਰਨ ਅੰਡਰਬ੍ਰਿਜ ਵਿਚ ਚਾਰ ਤੋਂ ਪੰਜ ਫੁੱਟ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਮਾਨਸਾ (ਜੋਗਿੰਦਰ ਸਿੰਘ ਮਾਨ): ਮੀਂਹ ਨੇ ਮਾਨਸਾ ਨੂੰ ਜਲ-ਥਲ ਕਰਕੇ ਰੱਖ ਦਿੱਤਾ। ਸਕੂਲਾਂ ਦੇ ਬੱਚੇ ਮੀਂਹ ਕਾਰਨ ਸਕੂਲ ਨਹੀਂ ਜਾ ਸਕੇ ਅਤੇ ਬਹੁਤੇ ਸਰਕਾਰੀ ਦਫ਼ਤਰਾਂ ਦੇ ਬਾਬੂ ਵੀ ਘਰਾਂ ਵਿਚ ਮੀਂਹ ਕਾਰਨ ਫਸ ਕੇ ਰਹਿ ਗਏ ਅਤੇ ਮੁੱਖ ਬਜ਼ਾਰਾਂ ਵਿੱਚ ਪਾਣੀ ਭਰਨ ਕਾਰਨ ਦੁਕਾਨਾਂ ਦੇਰੀ ਨਾਲ ਖੁੱਲ੍ਹ ਨਾ ਸਕੀਆਂ। ਸਵੇਰੇ ਵੱਡੇ ਤੜਕੇ ਇਸ ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਂਆਂ ਬਸਤੀਆਂ ਵਿਚ ਪਾਣੀ ਭਰ ਗਿਆ, ਪਾਣੀ ਦੇ ਠੀਕ ਨਿਕਾਸ ਨਾ ਹੋਣ ਕਾਰਨ ਭਰੀਆਂ ਗਲੀਆਂ ਤੋਂ ਬਾਅਦ ਕਈ ਮੁਹੱਲਿਆਂ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋ ਗਿਆ।
ਨਥਾਣਾ (ਭਗਵਾਨ ਦਾਸ ਗਰਗ): ਅੱਜ ਸਵੇਰ ਤੋਂ ਇਸ ਇਲਾਕੇ ਵਿੱਚ ਮੌਨਸੂਨ ਦੀ ਰਹੀ ਭਰਵੀਂ ਬਾਰਿਸ਼ ਨਾਲ ਜਿਥੇ ਖੇਤੀ ਫ਼ਸਲਾਂ ਨੂੰ ਲਾਭ ਮਿਡਿਆ ਹੈ ਉਥੇ ਪਿੰਡਾਂ ਦੇ ਛੱਪੜ ਆਮ ਰਸਤੇ ਅਤੇ ਹੋਰ ਨੀਵੀਆਂ ਥਾਵਾਂ ਪਾਣੀ ਨਾਲ ਭਰ ਗਈਆਂ ਹਨ। ਨਗਰ ਪੰਚਾਇਤ ਵੱਲੋਂ ਪਾਣੀ ਦੀ ਨਿਕਾਸੀ ਲਈ ਕੀਤੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਆਬਾਦੀ ਵਾਲੇ 50 ਫੀਸਦੀ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਦੁੱਬਰ ਹੋ ਗਿਆ।
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਪਏ ਭਰਵੇਂ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਅੱਜ ਸਵੇਰੇ ਦੋ ਕੁ ਵਜੇ ਮੀਂਹ ਸ਼ੁਰੂ ਹੋਇਆ ਅਤੇ ਲਗਪਗ ਪੂਰਾ ਦਿਨ ਰੁਕ ਰੁਕ ਕੇ ਪੈਂਦਾ ਰਿਹਾ। ਇਸ ਕਾਰਨ ਫੁਹਾਰਾ ਚੌਕ ਵਿੱਚ ਬਿਜਲੀ ਲਾਈਨ ਵਿੱਚ ਨੁਕਸ ਪੈ ਗਿਆ। ਮਾਲ ਰੋਡ ਸਮੇਤ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਲਗਪਗ 12 ਘੰਟੇ ਬਿਜਲੀ ਸਪਲਾਈ ਗੁੱਲ ਰਹੀ। ਇਸ ਦੌਰਾਨ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਰਹੇ। ਕਿਸਾਨ ਸੋਨੀ ਸਿੰਘ ਅਤੇ ਤਸਵੀਰ ਸਿੰਘ ਕੋਠੇ ਲਹਿਰਾ ਖਾਨਾ ਨੇ ਕਿਹਾ ਕਿ ਇਹ ਮੀਂਹ ਸ਼ਬਜ਼ੀਆਂ ਅਤੇ ਫਸਲਾਂ ਖਾਸ ਕਰਕੇ ਝੋਨੇ ਅਤੇ ਨਰਮੇ ਦੀ ਫਸਲ ਲਈ ਕਾਫੀ ਲਾਭਕਾਰੀ ਹੈ।
ਕਾਲਾਵਾਲੀ ਸ਼ਹਿਰ ਮੀਂਹ ਦੇ ਪਾਣੀ ’ਚ ਡੁੱਬਿਆ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਬੀਤੀ ਰਾਤ ਤੋਂ ਮੰਡੀ ਕਾਲਾਂਵਾਲੀ ਅਤੇ ਆਸਪਾਸ ਦੇ ਖੇਤਰ ਵਿੱਚ ਮੀਂਹ ਪੈਣ ਨਾਲ ਜਿੱਥੇ ਫਸਲਾਂ ਨੂੰ ਕਾਫੀ ਫਾਇਦਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਸਮੇਤ ਜ਼ਿਆਦਾਤਰ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਨਗਰ ਪਾਲਿਕਾ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ ਹੈ। ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ। ਸ਼ਹਿਰ ਦੇ ਮਾਡਲ ਟਾਊਨ ਦੇ ਆਰ-2 ਇਲਾਕੇ ਵਿੱਚ ਵੀ ਦੋ ਫੁੱਟ ਤੱਕ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਹੁੱਡਾ ਦੇ ਪਾਰਕਾਂ ਵਿੱਚ ਕਈ-ਕਈ ਫੁੱਟ ਤੱਕ ਪਾਣੀ ਭਰ ਗਿਆ ਸੀ, ਜਿਸ ’ਤੇ ਮੰਡੀ ਦੇ ਲੋਕਾਂ ਨੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਏਲਨਾਬਾਦ ਵਿੱਚ ਭਾਰੀ ਮੀਂਹ ਕਾਰਨ ਦੁਕਾਨਦਾਰਾਂ ਦਾ ਨੁਕਸਾਨ
ਏਲਨਾਬਾਦ (ਜਗਤਾਰ ਸਮਾਲਸਰ): ਏਲਨਾਬਾਦ ਖੇਤਰ ਵਿੱਚ ਅੱਜ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਫ਼ਸਲਾਂ ਨੂੰ ਭਰਪੂਰ ਫਾਇਦਾ ਮਿਲਿਆ ਹੈ ਉੱਥੇ ਹੀ ਏਲਨਾਬਾਦ ਸ਼ਹਿਰ ਦੀ ਸਥਿਤੀ ਬਹੁਤ ਹੀ ਖ਼ਰਾਬ ਬਣ ਗਈ। ਸ਼ਹਿਰ ਦੇ ਮੁੱਖ ਬਾਜ਼ਾਰ, ਮੁਮੇਰਾ ਰੋਡ, ਸਿਰਸਾ ਰੋਡ, ਤਲਵਾੜਾ ਰੋਡ, ਹੁੱਡਾ ਕਲੋਨੀ ਅਤੇ ਹੋਰ ਨੀਂਵੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦਾ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਝੀਲ ਦਾ ਰੂਪ ਧਾਰਨ ਕਰ ਗਿਆ, ਜਿਸ ਕਾਰਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ। ਮੀਂਹ ਦਾ ਪਾਣੀ ਮੁੱਖ ਬਜ਼ਾਰ ਦੀਆਂ ਕਈ ਦੁਕਾਨਾਂ ਵਿੱਚ ਵੀ ਵੜ ਗਿਆ ਜਿਸ ਕਾਰਨ ਦੁਕਾਨਦਾਰਾਂ ਦਾ ਮਾਲੀ ਨੁਕਸਾਨ ਵੀ ਹੋਇਆ ਹੈ। ਸ਼ਹਿਰ ਦੇ ਨੌਹਰ ਰੋਡ ਅਤੇ ਹਨੂੰਮਾਨਗੜ੍ਹ ਰੋਡ ’ਤੇ ਬਣੇ ਅੰਡਰਬ੍ਰਿਜ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ। ਹਨੂੰਮਾਨਗੜ੍ਹ ਰੋਡ ’ਤੇ ਅੰਡਰਬ੍ਰਿਜ ਵਿੱਚ ਇੱਕ ਟਰੈਕਟਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਜਿ ਨੂੰ ਜੇਸੀਬੀ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ। ਇਕ ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਕਰੀਬ ਦੋ ਫੁੱਟ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਉਸਦਾ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।