ਪੁਲੀਸ ਵੱਲੋਂ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ
ਪੱਤਰ ਪ੍ਰੇਰਕ
ਜਲੰਧਰ, 12 ਜੁਲਾਈ
ਸਤਲੁਜ ਦਰਿਆ ’ਚ ਪਾਣੀ ਦੇ ਵਧੇ ਪੱਧਰ ਨਾਲ ਪਏ ਪਾੜ ਕਾਰਨ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹੂਲਤ, ਖੈਰੀਅਤ, ਸੁਰੱਖਿਆ ਦੇ ਨਾਲ-ਨਾਲ ਪਾਣੀ ਵਿੱਚ ਘਿਰੇ ਪਰਿਵਾਰਾਂ ਨੂੰ ਸਹੀ ਸਲਾਮਤ ਕੱਢਣ ਲਈ ਦਿਹਾਤੀ ਪੁਲੀਸ ਵੱਲੋਂ ਦਨਿ-ਰਾਤ ਲਗਾਤਾਰ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਅਮਲ ਵਿੱਚ ਲਿਆਂਦੇ ਜਾ ਰਹੇ ਹਨ।
ਜ਼ਿਲ੍ਹਾ ਜਲੰਧਰ ਦਿਹਾਤੀ ਪੁਲੀਸ ਵੱਲੋਂ ਭਾਰਤੀ ਫੌਜ, ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ, ਸਟੇਟ ਡਿਜਾਸਟਰ ਰਿਸਪਾਂਸ ਫੋਰਸ, ਗਿੱਦੜਪਿੰਡੀ ਦੇ ਵਸਨੀਕਾਂ ਅਤੇ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਬਚਾਅ ਕਾਰਜਾਂ ਤੋਂ ਇਲਾਵਾ ਪਾਣੀ ਵਿੱਚ ਘਿਰੇ ਘਰਾਂ ਦੇ ਵਸਨੀਕਾਂ ਨੂੰ ਲਗਾਤਾਰ ਰਾਹਤ ਸਮੱਗਰੀ ਪੁੱਜਦੀ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ. (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਖੁਦ ਮੰਡਾਲਾ ਛੰਨਾਂ ਵਿੱਚ ਪਏ ਪਾੜ ਵਾਲੀ ਥਾਂ ’ਤੇ ਸਾਰੇ ਕਾਰਜਾਂ ਦੀ ਨਜ਼ਰਸਾਨੀ ਕਰ ਰਹੇ ਹਨ, ਜਨਿ੍ਹਾਂ ਦੱਸਿਆ ਕਿ ਲੋਹੀਆਂ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਲੋਕਾਂ ਦੀ ਸਹੂਲਤ ਲਈ ਦਿਹਾਤੀ ਪੁਲੀਸ ਵੱਲੋਂ ਮੰਡਾਲਾ ਛੰਨਾਂ ਵਿੱਚ ਰਾਹਤ ਕੈਂਪ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਹਰ ਸੰਭਵ ਮਦਦ ਨੂੰ ਘੱਟੋ-ਘੱਟ ਸਮੇਂ ਵਿੱਚ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਵਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਅਨਾਊਂਸਮੈਂਟ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਤਾਕੀਦ ਵੀ ਕੀਤੀ ਜਾ ਰਹੀ ਹੈ ਅਤੇ ਇਹ ਵੀ ਸੂਚਿਤ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਪੁਲੀਸ ਟੀਮਾਂ ਨਾਲ ਸੰਪਰਕ ਕੀਤਾ ਜਾਵੇ।
ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਐੱਸ.ਪੀ. ਮਨਪ੍ਰੀਤ ਸਿੰਘ ਢਿੱਲੋਂ, ਡੀ.ਐੱਸ.ਪੀ. ਸ਼ਾਹਕੋਟ ਹਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸਬੰਧਤ ਥਾਣਾ ਮੁਖੀਆਂ ਸਮੇਤ 300 ਤੋਂ ਵੱਧ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਲੋਕਾਂ ਦੀ ਸਹੂਲਤ ਦੇ ਨਾਲ-ਨਾਲ ਦਰਪੇਸ਼ ਮੁਸ਼ਕਲਾਂ ਨੂੰ ਫੌਰੀ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਦਨਿ ਸਮੇਂ ਲਗਾਤਾਰ ਕਿਸ਼ਤੀਆਂ ਰਾਹੀਂ ਲੋਕਾਂ ਤੱਕ ਖਾਣ-ਪੀਣ ਵਾਲੇ ਪਦਾਰਥ, ਲੋੜ ਅਨੁਸਾਰ ਦਵਾਈਆਂ, ਜੈਨਰੇਟਰ ਲਈ ਡੀਜ਼ਲ ਆਦਿ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 100 ਦੇ ਕਰੀਬ ਪਰਿਵਾਰ ਪਾਣੀ ਵਿੱਚ ਘਿਰੇ ਘਰਾਂ ਦੀਆਂ ਛੱਤਾਂ ’ਤੇ ਡੇਰੇ ਲਾਈ ਬੈਠੇ ਹਨ, ਜਨਿ੍ਹਾਂ ਨੂੰ ਹਰ ਸੰਭਵ ਮਦਦ ਲਈ ਪੰਜਾਬ ਪੁਲੀਸ ਵੱਲੋਂ ਉਪਰਾਲੇ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਟੌਲ ਫਰੀ ਨੰਬਰ 112 ’ਤੇ ਵੀ ਪੰਜਾਬ ਪੁਲੀਸ ਦੀ ਮਦਦ ਹਾਸਲ ਕੀਤੀ ਜਾ ਸਕਦੀ ਹੈ।