For the best experience, open
https://m.punjabitribuneonline.com
on your mobile browser.
Advertisement

ਰਿਸ਼ਤੇ

06:11 AM Apr 11, 2024 IST
ਰਿਸ਼ਤੇ
Advertisement

ਸੁਪਿੰਦਰ ਸਿੰਘ ਰਾਣਾ

Advertisement

ਉਹ ਮੇਰਾ ਸਹਿਕਰਮੀ ਸੀ ਤੇ ਗੁਆਂਢੀ ਵੀ। ਕਈ ਵਾਰ ਰਾਤ ਨੂੰ ਇਕੱਠੇ ਡਿਊਟੀ ਕਰ ਕੇ ਆਉਂਦੇ। ਉਹਦੀਆਂ ਦੋ ਧੀਆਂ ਜਵਾਨ ਸਨ, ਮੁੰਡਾ ਅਜੇ ਛੋਟਾ ਸੀ। ਧੀਆਂ ਲਈ ਚੰਗੇ ਵਰ ਦੀ ਭਾਲ ਉਸ ਨੂੰ ਸੌਣ ਨਾ ਦਿੰਦੀ। ਦੋ ਤਿੰਨ ਥਾਵਾਂ ’ਤੇ ਅਸੀਂ ਦੋਵੇਂ ਮੁੰਡਾ ਦੇਖ ਆਏ ਪਰ ਗੱਲ ਨਾ ਬਣੀ। ਮੈਂ ਕਈ ਵਾਰ ਹੌਸਲਾ ਦਿੰਦਾ, “ਅਜੇ ਸੰਯੋਗ ਨਹੀਂ ਬਣੇ। ਜਿੱਦਣ ਬਣ ਗਏ, ਪਤਾ ਈ ਨਹੀਂ ਲੱਗਣਾ ਕਦੋਂ ਰਿਸ਼ਤਾ ਹੋ ਗਿਆ” ਪਰ ਧੀਆਂ ਦੇ ਬਾਪ ਨੂੰ ਚੈਨ ਕਿੱਥੇ! ਦੋਵਾਂ ਕੁੜੀਆਂ ਨੇ ਬੀਐੱਡ ਕੀਤੀ ਹੋਈ ਸੀ। ਸੀਣ-ਪਰੋਣ ਦਾ ਕੰਮ ਵੀ ਜਾਣਦੀਆਂ ਸਨ। ਇੱਕ ਦਿਨ ਉਹਦੀ ਘਰਵਾਲੀ ਆਖਣ ਲੱਗੀ, “ਵੀਰ ਜੀ, ਇਹ ਕਈ ਵਾਰ ਰਾਤ ਨੂੰ ਬੈਠ ਜਾਂਦੇ। ਕਈ-ਕਈ ਘੰਟੇ ਸੋਚੀ ਜਾਂਦੇ। ਇਨ੍ਹਾਂ ਨੂੰ ਕਈ ਵਾਰ ਆਖਿਆ, ਕਾਹਨੂੰ ਫਿ਼ਕਰ ਕਰਦੇ ਹੋ।” ਇੱਕ ਦਿਨ ਅਸੀਂ ਦਫ਼ਤਰੋਂ ਘਰ ਨੂੰ ਤੁਰਨ ਲਈ ਸਕੂਟਰ ਚੁੱਕਣ ਲੱਗੇ ਸਾਂ ਕਿ ਉਹ ਆਖਣ ਲੱਗਿਆ, “ਯਾਰ ਕਿਸੇ ਨੇ ਦੱਸ ਪਾਈ ਆ ਮੁੰਡੇ ਬਾਰੇ। ਬੰਦੇ ਤਕੜੇ ਨੇ। ਮੇਰਾ ਹੀਆ ਨਹੀਂ ਪੈ ਰਿਹਾ। ਦੋ ਫੈਕਟਰੀਆਂ ਨੇ।” ਮੈਂ ਕਿਹਾ, “ਕੋਈ ਨਹੀਂ, ਜਾ ਆਉਨੇ ਆ। ਗੱਲ ਖੋਲ੍ਹ ਲਵਾਂਗੇ। ਸੰਯੋਗ ਹੋਏ ਤਾਂ ਗੱਲ ਬਣ ਜੂ, ਨਹੀਂ ਤਾਂ ਘਰ ਨੂੰ ਆ ਜਾਵਾਂਗੇ।”
ਤੀਜੇ ਕੁ ਦਿਨ ਮਿੱਥੇ ਸਮੇਂ ਅਨੁਸਾਰ ਮੁੰਡੇ ਵਾਲਿਆਂ ਦੇ ਘਰ ਪਹੁੰਚ ਗਏ।... ਆਲੀਸ਼ਾਨ ਘਰ। ਘਰ ਦੇ ਜੀਅ ਆਦਰ ਸਤਿਕਾਰ ਸਹਿਤ ਸਾਨੂੰ ਗੇਟ ਤੋਂ ਅੰਦਰ ਲੈ ਗਏ। ਸੋਫੇ ’ਤੇ ਬਿਠਾਇਆ। ਪਾਣੀ ਪਿਲਾਇਆ। ਫਿਰ ਬਜ਼ੁਰਗ ਪੁੱਛਣ ਲੱਗੇ, “ਘਰ ਲੱਭਣ ’ਚ ਕੋਈ ਦਿੱਕਤ ਤਾਂ ਨਹੀਂ ਆਈ।”
“ਸਿੱਧਾ ਰਾਹ ਸੀ। ਪੁੱਛਣ ਦੀ ਲੋੜ ਈ ਨਹੀਂ ਪਈ।” ਇੰਨੇ ਨੂੰ ਬਜ਼ੁਰਗ ਨੇ ਆਪਣੇ ਮੁੰਡੇ ਨੂੰ ਹਾਕ ਮਾਰੀ। ਮੁੰਡਾ ਸਾਡੇ ਪੈਰਾਂ ਨੂੰ ਹੱਥ ਲਾ ਕੇ ਸਾਹਮਣੇ ਆ ਬੈਠਿਆ। ਫਿਰ ਇੱਕ ਔਰਤ ਚਾਹ ਲੈ ਆਈ। ਉਹ ਟਰੇਅ ਮੇਜ਼ ’ਤੇ ਰੱਖ ਕੇ ਮੁੰਡੇ ਕੋਲ ਬੈਠ ਗਈ। ਅਸੀਂ ਮੁੰਡੇ ਦੇ ਜਨਮ ਅਤੇ ਪੜ੍ਹਾਈ ਬਾਰੇ ਪੁੱਛਿਆ। ਮੁੰਡਾ ਕੁੜੀ ਤੋਂ ਦੋ ਸਾਲ ਵੱਡਾ ਸੀ। ਪੜ੍ਹਾਈ ਵੀ ਦੋਵਾਂ ਦੀ ਬਰਾਬਰ ਹੀ ਸੀ। ਚਾਹ ਪੀਣ ਮਗਰੋਂ ਮੈਂ ਆਖਿਆ, “ਦੇਖੋ ਜੀ, ਸਾਡਾ ਤੁਹਾਡੇ ਜਿੰਨਾ ਕਾਰੋਬਾਰ ਤਾਂ ਹੈ ਨਹੀਂ, ਨਾ ਹੀ ਵਿਆਹ ਵਿੱਚ ਵਧੇਰੇ ਦੇਣ-ਲੈਣ ਦੇ ਸਕਦੇ ਆਂ। ਬੱਸ ਗੁੱਡੀ ਪੜ੍ਹੀ ਲਿਖੀ ਤੇ ਸੂਝਵਾਨ ਹੈ।” ਬਜ਼ੁਰਗ ਆਖਣ ਲੱਗਿਆ, “ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੋਇਆ। ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਬਾਕੀ ਤੁਸੀਂ ਦੋਵਾਂ ਧਿਰਾਂ- ਮੁੰਡਾ ਕੁੜੀ ਨੂੰ ਦੇਖ ਲਿਆ ਹੈ। ਜੇ ਕੁੜੀ ਮੁੰਡੇ ਦਾ ਮੇਲ ਜਾਪਦਾ ਹੈ ਤਾਂ ਆਪਾਂ ਅਗਲਾ ਕਦਮ ਚੁੱਕਾਂਗੇ। ਅਸੀਂ ਅਜੇ ਤੱਕ ਕਿਸੇ ਦੀ ਕੁੜੀ ਨਹੀਂ ਦੇਖੀ। ਜਿਹੜੀ ਦੇਖਣੀ ਹੈ, ਉਹ ਘਰ ਲੈ ਆਉਣੀ ਹੈ। ਦੇਖ ਕੇ ਨਾਂਹ ਕਰਨੀ ਸਾਨੂੰ ਬਹੁਤ ਔਖੀ ਲਗਦੀ।”
ਇਸ ਦੌਰਾਨ ਉਹਨੇ ਸਾਡੇ ਪਿਛੋਕੜ ਬਾਰੇ ਵੀ ਪੁੱਛਿਆ। ਅਸੀਂ ਸਭ ਕੁਝ ਦੱਸ ਦਿੱਤਾ। ਕੁੜੀ ਅਤੇ ਮੁੰਡੇ ਦੇ ਨਾਨਕਿਆਂ ਬਾਰੇ ਗੱਲ ਹੋਈ। ਸਹਿਕਰਮੀ ਹੱਥ ਜੋੜ ਕੇ ਆਖਣ ਲੱਗਿਆ, “ਮੈਂ ਤੁਹਾਡੇ ਮੁਕਾਬਲੇ ਬਹੁਤ ਗਰੀਬ ਹੈ। ਕੁੜੀ ਤੋਂ ਬਿਨਾਂ ਕੁਝ ਦੇ ਨਹੀਂ ਸਕਦਾ।” ਬਜ਼ੁਰਗ ਉੱਠ ਖਡਿ਼੍ਹਆ। ਅਸੀਂ ਸੋਚਿਆ, ਸਾਨੂੰ ਬਾਹਰ ਜਾਣ ਲਈ ਹੀ ਨਾ ਆਖ ਦੇਵੇ। ਉਹ ਸਿੱਧਾ ਸਹਿਕਰਮੀ ਕੋਲ ਗਿਆ, ਜੱਫੀ ਪਾ ਕੇ ਆਖਣ ਲੱਗਿਆ, “ਧੀ ਦੇਣ ਵਾਲਾ ਕਦੇ ਗਰੀਬ ਨਹੀਂ ਹੁੰਦਾ। ਬਾਕੀ ਜਿਸ ਪਰਿਵਾਰ ਨੇ ਆਪਣੀ ਧੀ ਪਾਲ ਕੇ, ਪੜ੍ਹਾ ਲਿਖਾ ਕੇ ਸਾਡੇ ਵਰਗੇ ਆਮ ਘਰ ਦਾ ਜੀਅ ਬਣਾਉਣ ਲਈ ਹਾਮੀ ਭਰੀ ਹੋਵੇ, ਉਸ ਪਰਿਵਾਰ ਤੋਂ ਜਿ਼ਆਦਾ ਧਨੀ ਅਤੇ ਅਮੀਰ ਕਿਹੜਾ ਹੋਊ।” ਹੋਰ ਗੱਲਾਂ ਕਰਨ ਮਗਰੋਂ ਮੁੰਡੇ ਦਾ ਪਿਤਾ ਆਖਣ ਲੱਗਿਆ, “ਅਸੀਂ ਕਿਹੜਾ ਬਿਰਲੇ ਟਾਟੇ ਹਾਂ। ਬੱਸ ਦੋ ਡੰਗ ਦੀ ਰੋਟੀ ਵਧੀਆ ਮਿਲ ਜਾਂਦੀ ਹੈ। ਦੋਵੇਂ ਬੱਚੇ ਲਾਇਕ ਨਿਕਲੇ। ਇਹ ਵੀ ਤੁਹਾਡੇ ਵਰਗੇ ਕਿਸੇ ਦਰਵੇਸ਼ ਦੀ ਅਸੀਸ ਲੱਗੀ ਹੋਊ। ਅਸੀਂ ਤਾਂ ਘਰ ਵੀ ਕਿਹਾ ਹੋਇਆ, ਬਈ ਗਰੀਬ ਸ਼ਬਦ ਮੂੰਹ ’ਤੇ ਨਹੀਂ ਲਿਆਉਣਾ। ਸਾਰੇ ਆਪੋ-ਆਪਣੇ ਘਰ ਅਮੀਰ ਹਨ। ਪਰਮਾਤਮਾ ਦੀ ਮਿਹਰ ਹੋਗੀ ਤਾਂ ਦੋਵੇਂ ਪਰਿਵਾਰ ਇੱਕ ਹੋ ਜਾਣਗੇ। ਕੁੜੀ ਨੂੰ ਧੀਆਂ ਆਲਾ ਪਿਆਰ ਮਿਲੂ।”
... ਅਸੀਂ ਘਰ ਨੂੰ ਤੁਰ ਪਏ। ਦੋ ਤਿੰਨ ਦਿਨ ਵਿਚਾਰ ਕੀਤਾ। ਹੋਰਾਂ ਨਾਲ ਵੀ ਸਲਾਹ ਕੀਤੀ। ਫ਼ੈਸਲਾ ਹੋਇਆ ਕਿ ਕੁੜੀ ਮੁੰਡੇ ਨੂੰ ਆਪਸ ਵਿੱਚ ਮਿਲਾਇਆ ਜਾਵੇ। ਕੁੜੀ ਨਾਲ ਕੁੜੀ ਦੇ ਮਾਪੇ ਅਤੇ ਮੁੰਡੇ ਨਾਲ ਉਸ ਦਾ ਭਰਾ, ਮਾਂ ਤੇ ਪਿਤਾ ਆ ਗਏ। ਇੱਕ ਗੁਰਦੁਆਰੇ ਵਿੱਚ ਦੇਖ-ਦਿਖਾਈ ਹੋਈ। ਕੁੜੀ ਮੁੰਡੇ ਨੇ ਵੀ ਆਪਸ ਵਿੱਚ ਗੱਲਾਂ ਕੀਤੀਆਂ। ਮੁੰਡੇ ਦੇ ਪਿਤਾ ਨੇ ਆਪਣੇ ਪਰਿਵਾਰ ਨਾਲ ਸਲਾਹ ਕਰ ਕੇ ਕਿਹਾ, “ਦੇਖੋ ਬਈ ਸਾਨੂੰ ਤਾਂ ਕੁੜੀ ਪਸੰਦ ਹੈ। ਜੇ ਤੁਹਾਨੂੰ ਇਤਰਾਜ਼ ਨਹੀਂ ਤਾਂ ਆਪਾਂ ਅੱਜ ਇੱਥੇ ਹੀ ਆਨੰਦ ਕਾਰਜ ਕਰਵਾ ਕੇ ਲੈ ਜਾਂਦੇ ਹਾਂ। ਬਾਕੀ ਤੁਹਾਡੀ ਮਰਜ਼ੀ।” ਅਸੀਂ ਸਾਰਿਆਂ ਨੇ ਸਲਾਹ ਲਈ ਕੁਝ ਸਮਾਂ ਮੰਗਿਆ। ਅਗਲੇ ਮਹੀਨੇ ਦੇ ਕਿਸੇ ਦਿਨ ਵਿਆਹ ਦਾ ਫ਼ੈਸਲਾ ਹੋ ਗਿਆ। ਮੁੰਡੇ ਵਾਲੇ ਕਹਿੰਦੇ, ਉਹ ਗਿਆਰਾਂ ਬੰਦੇ ਆਉਣਗੇ। ਸਾਦਾ ਲੰਗਰ ਛਕਾਂਗੇ। ਬਹੁਤਾ ਕੁਝ ਕਰਨ ਦੀ ਲੋੜ ਨਹੀਂ। ਦੋਵੇਂ ਪਰਿਵਾਰ ਚਾਹ ਪੀਣ ਮਗਰੋਂ ਆਪੋ-ਆਪਣੇ ਘਰਾਂ ਨੂੰ ਤੁਰ ਪਏ। ਦੋ ਕੁ ਹਫਤੇ ਮਗਰੋਂ ਵਿਆਹ ਹੋ ਗਿਆ। ਮੁੰਡੇ ਵਾਲਿਆਂ ਵੱਲੋਂ ਗਿਆਰਾਂ ਜਣੇ ਆਏ। ਆਨੰਦ ਕਾਰਜ ਦੀ ਰਸਮ ਮਗਰੋਂ ਗੁਰਦੁਆਰੇ ਲੰਗਰ ਖਾਧਾ। ਉਥੋਂ ਹੀ ਉਹ ਕੁੜੀ ਨੂੰ ਆਪਣੇ ਘਰ ਲੈ ਗਏ।
ਦੋ ਕੁ ਸਾਲ ਮਗਰੋਂ ਛੋਟੀ ਕੁੜੀ ਦਾ ਰਿਸ਼ਤਾ ਵੱਡੀ ਦੇ ਦਿਉਰ ਨਾਲ ਹੋ ਗਿਆ। ਵਿਆਹ ਵੇਲੇ ਫਿਰ ਓਨੇ ਕੁ ਬੰਦੇ ਇਕੱਠੇ ਹੋਏ। ਇਨ੍ਹਾਂ ਵਿਆਹਾਂ ਨੂੰ ਡੇਢ ਦਹਾਕਾ ਬੀਤ ਗਿਆ ਹੈ। ਦੋਵੇਂ ਪਰਿਵਾਰ ਖੁਸ਼ ਹਨ। ਹੁਣ ਜਦੋਂ ਸਕੇ-ਸਬੰਧੀਆਂ ਅਤੇ ਮਿੱਤਰਾਂ ਦੇ ਧੀਆਂ ਪੁੱਤਰਾਂ ਦੇ ਵਿਆਹਾਂ ਵਿੱਚ ਜਾਂਦੇ ਹਾਂ ਤਾਂ ਬੇਹਿਸਾਬੇ ਪੈਸੇ ਉੱਡਦੇ ਦੇਖ ਮਨ ਘਬਰਾ ਉੱਠਦਾ ਹੈ। ਪੈਲੇਸਾਂ ਦੇ ਬਾਹਰ ਲਾੜੇ ਨੂੰ ਦੇਣ ਲਈ ਸਜਾਈਆਂ ਮਹਿੰਗੀਆਂ ਕਾਰਾਂ ਦੇਖ ਕੇ ਮਨ ਕਿਸੇ ਹੋ ਹੀ ਦੁਨੀਆ ਵਿੱਚ ਉਡਾਰੀ ਮਾਰ ਜਾਂਦਾ। ਹੁਣ ਜਦੋਂ ਆਪਣੇ ਬੱਚਿਆਂ ਬਾਰੇ ਰਿਸ਼ਤੇ ਭਾਲ ਰਹੇ ਹਾਂ ਤਾਂ ਮਨ ਵਿੱਚ ਆਉਂਦਾ ਹੈ ਕਿ ਸਾਨੂੰ ਵੀ ਸਾਡੇ ਸਹਿਕਰਮੀ ਦੇ ਰਿਸ਼ਤੇਦਾਰ ਵਰਗਾ ਸੱਜਣ ਮਿਲ ਜਾਵੇ। ਫਿਰ ਸੋਚਦੇ ਹਾਂ, ਉਨ੍ਹਾਂ ਵਰਗਾ ਰਿਸ਼ਤੇਦਾਰ ਲੱਭਣ ਲਈ ਉਹੋ ਜਿਹਾ ਬਣਨਾ ਵੀ ਤਾਂ ਪੈਣਾ ਹੈ!
ਸੰਪਰਕ: 98152-33232

Advertisement

Advertisement
Author Image

joginder kumar

View all posts

Advertisement